ਸੋਸ਼ਲ ਮੀਡੀਆ ਉੱਤੇ ਨਹਿਰੂ-ਗਾਂਧੀ ਪਰਿਵਾਰ ਬਾਰੇ ਇਤਰਾਜ਼ਯੋਗ ਵੀਡੀਓ ਪਾਉਣ ਤੋਂ ਬਾਅਦ ਰਾਜਸਥਾਨ ਪੁਲੀਸ ਨੇ ਫਿਲਮ ਅਭਿਨੇਤਰੀ ਪਾਇਲ ਰੋਹਤਗੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲੀਸ ਨੇ ਅੱਜ ਕਾਰਵਾਈ ਕਰਦਿਆਂ ਪਾਇਲ ਨੂੰ ਉਸ ਦੀ ਅਹਿਮਦਾਬਾਦ ਸਥਿਤ ਰਿਹਾਇਸ਼ ਤੋਂ ਹਿਰਾਸਤ ਵਿੱਚ ਲਿਆ। ਉਸ ਦੇ ਵਿਰੁੱਧ ਗਾਂਧੀ- ਨਹਿਰੂ ਪਰਿਵਾਰ ਬਾਰੇ ਪਾਈ ਵੀਡੀਓ ਨੂੰ ਲੈ ਕੇ ਬੂੰਦੀ ਪੁਲੀਸ ਨੇ ਸੂਚਨਾ ਤਕਨੀਕੀ ਕਾਨੂੰਨ ਤਹਿਤ 10 ਅਕਤੂਬਰ ਨੂੰ ਕੇਸ ਦਰਜ ਕੀਤਾ ਸੀ। ਪਾਇਲ ਰੋਹਤਗੀ ਨੇ ਮੋਤੀ ਲਾਲ ਨਹਿਰੂ, ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ ਅਤੇ ਹੋਰਨਾਂ ਵਿਰੁੱਧ ਸੋਸ਼ਲ ਮੀਡੀਆ ਉੱਤੇ ਇਤਰਾਜ਼ਯੋਗ ਵੀਡੀਓ ਪਾਈ ਸੀ। ਇਸ ਤੋਂ ਪਹਿਲਾਂ ਉਸਨੂੰ ਨੋਟਿਸ ਜਾਰੀ ਕਰਕੇ ਇਸ ਮਾਮਲੇ ਵਿੱਚ ਜਵਾਬ ਮੰਗਿਆ ਸੀ ਪਰ ਉਹ ਪੁਲੀਸ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਹੀ ਸੀ। ਰੋਹਤਗੀ ਦਾ ਕਹਿਣਾ ਸੀ ਕਿ ਉਸ ਵਿਰੁੱਧ ਕਾਰਵਾਈ ਸੋਨੀਆ ਗਾਂਧੀ ਅਤੇ ਉਸ ਦੀ ਧੀ ਪ੍ਰਿਯੰਕਾ ਗਾਂਧੀ ਦੇ ਇਸ਼ਾਰੇ ਉੱਤੇ ਕੀਤੀ ਜਾ ਰਹੀ ਹੈ। ਐੱਸਪੀ ਮਮਤਾ ਗੁਪਤਾ ਨੇ ਪਾਇਲ ਨੂੰ ਹਿਰਾਸਤ ਵਿੱਚ ਲੈਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਸ ਨੂੰ ਪੁੱਛਗਿੱਛ ਲਈ ਬੂੰਦੀ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰੋਹਤਗੀ ਪੁਲੀਸ ਪੜਤਾਲ ਵਿੱਚ ਸਹਿਯੋਗ ਨਹੀਂ ਕਰ ਰਹੀ ਸੀ, ਇਸ ਕਰਕੇ ਉਸ ਨੂੰ ਹਿਰਾਸਤ ਵਿੱਚ ਲੈਣਾ ਜ਼ਰੂਰੀ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਪੁਛਗਿੱਛ ਤੋਂ ਬਾਅਦ ਹੀ ਉਸ ਦੀ ਗਿ੍ਫ਼ਤਾਰੀ ਪਾਈ ਜਾਵੇਗੀ। ਅਭਿਨੇਤਰੀ ਨੇ ਵੀਰਵਾਰ ਨੂੰ ਪੇਸ਼ਗੀ ਜ਼ਮਾਨਤ ਲਈ ਅਦਾਲਤ ਵਿੱਚ ਅਰਜ਼ੀ ਪਾਈ ਸੀ ਅਤੇ ਇਸ ਦੇ ਉੱਤੇ ਸੋਮਵਾਰ ਨੂੰ ਸੁਣਵਾਈ ਹੋਣੀ ਹੈ ਪਰ ਪੁਲੀਸ ਨੇ ਇਸ ਤੋਂ ਪਹਿਲਾਂ ਹੀ ਉਸਨੂੰ ਹਿਰਾਸਤ ਵਿੱਚ ਲੈ ਲਿਆ।
Uncategorized ਰਾਜਸਥਾਨ ਪੁਲੀਸ ਨੇ ਪਾਇਲ ਰੋਹਤਗੀ ਨੂੰ ਹਿਰਾਸਤ ’ਚ ਲਿਆ