ਪਾਕਿ-ਸ੍ਰੀਲੰਕਾ ਟੈਸਟ: ਚੌਥੇ ਦਿਨ ਵੀ ਮੀਂਹ ਨੇ ਪਾਇਆ ਵਿਘਨ

ਰਾਵਲਪਿੰਡੀ- ਸਾਰੀ ਰਾਤ ਪਏ ਮੀਂਹ ਤੇ ਖ਼ਰਾਬ ਰੋਸ਼ਨੀ ਕਰ ਕੇ ਪਾਕਿਤਸਾਨ ਦੀ ਧਰਤੀ ’ਤੇ ਇਕ ਦਹਾਕੇ ਤੋਂ ਵੱਧ ਸਮੇਂ ਬਾਅਦ ਹੋ ਰਹੇ ਪਹਿਲੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਦਾ ਖੇਡ ਇਕ ਵੀ ਗੇਂਦ ਸੁੱਟੇ ਬਿਨਾ ਰੱਦ ਕਰ ਦਿੱਤਾ ਗਿਆ। ਪਾਕਿਸਤਾਨ ਤੇ ਸ੍ਰੀਲੰਕਾ ਦੀਆਂ ਟੀਮਾਂ ਖ਼ਰਾਬ ਮੌਸਮ ਕਰ ਕੇ ਇਸਲਾਮਾਬਾਦ ’ਚ ਆਪਣੇ ਹੋਟਲਾਂ ’ਚ ਹੀ ਰੁਕੀਆਂ ਅਤੇ ਸਟੇਡੀਅਮ ’ਚ ਨਹੀਂ ਆਈਆਂ। ਮੈਦਾਨਕਰਮੀਆਂ ਨੇ ਪਿੱਚ ਨੂੰ ਢਕਣ ਲਈ ਇਸਤੇਮਾਲ ਕੀਤੇ ਜਾ ਰਹੇ ਕਵਰ ਦੇ ਉੱਪਰ ਤੋਂ ਪਾਣੀ ਸੁਕਾਇਆ ਤੇ ਸੁਪਰ ਸੋਪਰ ਦਾ ਇਸਤੇਮਾਲ ਵੀ ਕੀਤਾ ਪਰ ਅਸਮਾਨ ’ਚ ਛਾਏ ਬੱਦਲਾਂ ਤੇ ਖ਼ਰਾਬ ਰੋਸ਼ਨੀ ਕਾਰਨ ਮੈਦਾਨੀ ਅੰਪਾਇਰਾਂ ਰਿਚਰਡ ਕੈਟਲਬੋਰੋ ਤੇ ਮਾਈਕਲ ਗਫ਼ ਨੇ ਸਥਾਨਕ ਸਮੇਂ ਅਨੁਸਾਰ 12 ਵਜੇ ਦਿਨ ਦਾ ਖੇਡ ਰੱਦ ਕਰਨ ਦਾ ਫ਼ੈਸਲਾ ਲਿਆ। ਸ੍ਰੀਲੰਕਾ ਨੇ ਪਹਿਲੇ ਦਿਨ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਖ਼ਰਾਬ ਰੋਸ਼ਨੀ ਕਰ ਕੇ ਪਹਿਲੇ ਦਿਨ 68.1 ਓਵਰਾਂ ਦਾ ਖੇਡ ਹੋ ਸਕਿਆ ਜਦੋਂਕਿ ਦੂਜੇ ਦਿਨ ਸਿਰਫ਼ 18.2 ਓਵਰ ਕੀਤੇ ਜਾ ਸਕੇ। ਤੀਜੇ ਦਿਨ ਵੀ ਸਿਰਫ਼ 5.2 ਓਵਰਾਂ ਦਾ ਖੇਡ ਹੋ ਸਕਿਆ। ਸ੍ਰੀਲੰਕਾ ਨੇ ਪਹਿਲੀ ਪਾਰੀ ’ਚ ਛੇ ਵਿਕਟਾਂ ’ਤੇ 282 ਦੌੜਾਂ ਬਣਾ ਲਈਆਂ ਹਨ। ਧਨੰਜਯ ਡੀਸਿਲਵਾ 81 ਜਦੋਂਕਿ ਦਿਲਰੂਵਾਨ ਪਰੇਰਾ 6 ਦੌੜਾਂ ਬਣਾ ਕੇ ਖੇਡ ਰਿਹਾ ਹੈ। ਪਾਕਿਸਤਾਨ ਵੱਲੋਂ 16 ਸਾਲਾਂ ਦੇ ਤੇਜ਼ ਗੇਂਦਬਾਜ਼ ਨਸੀਮ ਸ਼ਾਹ ਨੇ 83 ਦੌੜਾਂ ਦੇ ਕੇ ਦੋ ਤੇ ਸ਼ਾਹੀਨ ਸ਼ਾਹ ਅਫ਼ਰੀਦੀ ਨੇ 58 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਭਲਕੇ ਮੌਸਮ ਸਾਫ਼ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ ਪਰ ਚਾਰ ਦਿਨਾਂ ਤੱਕ ਖੇਡ ਨਾ ਹੋਣ ਕਰ ਕੇ ਮੈਚ ’ਚ ਨਤੀਜੇ ਦੀ ਸੰਭਾਵਨਾ ਬੇਹੱਦ ਘੱਟ ਹੈ। ਦੂਜਾ ਟੈਸਟ ਕਰਾਚੀ ’ਚ 19 ਦਸੰਬਰ ਤੋਂ ਖੇਡਿਆ ਜਾਵੇਗਾ। ਮਾਰਚ 2009 ’ਚ ਸ੍ਰੀਲੰਕਾ ਟੀਮ ’ਤੇ ਅਤਿਵਾਦੀ ਹਮਲੇ ’ਚ ਅੱਠ ਜਣਿਆਂ ਦੀ ਮੌਤ ਮਗਰੋਂ ਇਹ ਪਾਕਿਸਤਾਨ ਦੀ ਧਰਤੀ ’ਤੇ ਪਹਿਲਾ ਟੈਸਟ ਮੈਚ ਹੈ। 

Previous articleਰਾਜਸਥਾਨ ਪੁਲੀਸ ਨੇ ਪਾਇਲ ਰੋਹਤਗੀ ਨੂੰ ਹਿਰਾਸਤ ’ਚ ਲਿਆ
Next articleਨਾਗਰਿਕਤਾ ਦੀ ਨੋਟਬੰਦੀ ਕਰਨ ਵਾਂਗ ਹੈ ਐੱਨਆਰਸੀ: ਪ੍ਰਸ਼ਾਂਤ ਕਿਸ਼ੋਰ