ਚੇਨੱਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰੌਇਲਜ਼ ਵਿਚਾਲੇ ਐਤਵਾਰ ਨੂੰ ਇੱਥੇ ਹੋਣ ਵਾਲੇ ਆਈਪੀਐਲ ਟੀ-20 ਮੈਚ ਦੌਰਾਨ ਦੋਵਾਂ ਟੀਮਾਂ ਦੀ ਨਿਰਭਰਤਾ ਚੇਪਕ ਸਟੇਡੀਅਮ ਪਿੱਚ ’ਤੇ ਹੋਵੇਗੀ। ਪਹਿਲੇ ਮੈਚ ਵਿੱਚ ਸਪਿੰਨਰਾਂ ਨੂੰ ਮਦਦ ਮਿਲਣ ਕਾਰਨ ਪਿੱਚ ਬਾਰੇ ਕਾਫ਼ੀ ਆਲੋਚਨਾ ਹੋਈ ਸੀ। ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਵਿੱਚ ਰੌਇਲ ਚੈਲੰਜ਼ਰਜ਼ ਬੰਗਲੌਰ ਦੀ ਟੀਮ 70 ਦੌੜਾਂ ’ਤੇ ਆਊਟ ਹੋ ਗਈ ਸੀ ਅਤੇ ਚੇਨੱਈ ਵੀ 18ਵੇਂ ਓਵਰ ਵਿੱਚ ਸੱਤ ਵਿਕਟਾਂ ਨਾਲ ਜਿੱਤ ਦਰਜ ਕਰ ਸਕਿਆ ਸੀ। ਪਿੱਚ ਬਹੁਤ ਹੌਲੀ ਹੋਣ ਕਾਰਨ ਦੋਵਾਂ ਕਪਤਾਨਾਂ ਮਹਿੰਦਰ ਸਿੰਘ ਧੋਨੀ ਅਤੇ ਵਿਰਾਟ ਕੋਹਲੀ ਨੇ ਇਸ ਦੀ ਆਲੋਚਨਾ ਕੀਤੀ ਸੀ। ਇਹ ਵੇਖਣਾ ਦਿਲਚਸਪ ਹੋਵੇਗਾ ਕਿ ਕੱਲ੍ਹ ਨੂੰ ਪਿੱਚ ਕਿਸ ਦੇ ਪੱਖ ਵਿੱਚ ਭੁਗਤਦੀ ਹੈ। ਇਸ ਦੌਰਾਨ ਚੇਨੱਈ ਨੇ ਲਗਾਤਾਰ ਦੋ ਜਿੱਤਾਂ ਨਾਲ ਸੈਸ਼ਨ ਦੀ ਸ਼ੁਰੂਆਤ ਕੀਤੀ ਹੈ ਅਤੇ ਉਹ ਆਪਣੀ ਲੈਅ ਕਾਇਮ ਰੱਖਣ ਦੀ ਕੋਸ਼ਿਸ਼ ਕਰੇਗਾ। ਬੰਗਲੌਰ ਨੂੰ ਹਰਾਉਣ ਮਗਰੋਂ ਉਸ ਨੇ ਦੂਜੇ ਮੈਚ ਵਿੱਚ ਦਿੱਲੀ ਕੈਪੀਟਲਜ਼ ਨੂੰ ਹਰਾਇਆ ਸੀ। ਚੇਨੱਈ ਨੇ ਟੀਮ ਵਿੱਚ ਜ਼ਿਆਦਾ ਬਦਲਾਅ ਨਹੀਂ ਕੀਤੇ। ਇਹ ਵੇਖਣਾ ਹੋਵੇਗਾ ਕਿ ਉਹ ਮੁੜ ਤੋਂ ਤਿੰਨ ਵਿਦੇਸ਼ੀ ਖਿਡਾਰੀਆਂ ਨਾਲ ਉਤਰਦੀ ਹੈ ਜਾਂ ਨਹੀਂ। ਜੇਕਰ ਉਹ ਆਪਣੀ ਟੀਮ ਵਿੱਚ ਬਦਲਾਅ ਨਹੀਂ ਕਰਦੀ ਤਾਂ ਦੱਖਣੀ ਅਫਰੀਕਾ ਦੇ ਕਪਤਾਨ ਫਾਫ ਡੂਪਲੈਸਿਸ ਨੂੰ ਮੁੜ ਤੋਂ ਬਾਹਰ ਬੈਠਣਾ ਪਵੇਗਾ। ਸੁਪਰਕਿੰਗਜ਼ ਦੇ ਗੇਂਦਬਾਜ਼ਾਂ ਨੇ ਦੋਵਾਂ ਮੈਚਾਂ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ, ਪਰ ਬੱਲੇਬਾਜ਼ ਨੇ ਅਜਿਹਾ ਨਹੀਂ ਕਰ ਸਕੇ। ਦਿੱਲੀ ਖ਼ਿਲਾਫ਼ ਸ਼ਾਨਦਾਰ ਬੱਲੇਬਾਜ਼ੀ ਕਰਨ ਵਾਲੇ ਕਪਤਾਨ ਧੋਨੀ ਨੂੰ ਹੋਰਨਾਂ ਬੱਲੇਬਾਜ਼ਾਂ ਤੋਂ ਵੀ ਵਧੀਆ ਪ੍ਰਦਰਸ਼ਨ ਦੀ ਉਮੀਦ ਰਹੇਗੀ। ਅਨੁਭਵੀ ਹਰਭਜਨ ਸਿੰਘ, ਇਮਰਾਨ ਤਾਹਿਰ ਅਤੇ ਡਵੈਨ ਬਰਾਵੋ ਨੇ ਹੁਣ ਤੱਕ ਚੰਗੀ ਗੇਂਦਬਾਜ਼ੀ ਕੀਤੀ ਹੈ ਅਤੇ ਉਨ੍ਹਾਂ ਨੂੰ ਆਪਣਾ ਪ੍ਰਦਰਸ਼ਨ ਜਾਰੀ ਰੱਖਣਾ ਹੋਵੇਗਾ। ਜਿੱਥੋਂ ਤੱਕ ਰਾਜਸਥਾਨ ਦਾ ਸਵਾਲ ਹੈ, ਉਸ ਨੇ ਹੁਣ ਤੱਕ ਆਪਣੇ ਦੋਵੇਂ ਮੈਚ ਗੁਆਏ ਹਨ।
Sports ਰਾਜਸਥਾਨ ਦੇ ਰੌਇਲਜ਼ ਨੂੰ ਰੋਲਣ ਉਤਰਨਗੇ ਸੁਪਰ ਕਿੰਗਜ਼