ਲੋਕ ਇਨਸਾਫ਼ ਪਾਰਟੀ ਨੇ ਅੱਜ ਪਾਣੀਆਂ ਦੇ ਮੁੱਦੇ ’ਤੇ ਮਾਲਵਾ ਖੇਤਰ ਵਿਚ ਦਸਤਕ ਦਿੰਦੇ ਹੋਏ ‘ਸਾਡਾ ਪਾਣੀ ਸਾਡਾ ਹੱਕ’ ਦਾ ਹੋਕਾ ਦਿੱਤਾ। ਬਠਿੰਡਾ ਪ੍ਰੈੱਸ ਕਲੱਬ ਵਿੱਚ ਪਾਣੀਆਂ ਦੇ ਰਾਇਪੇਰੀਅਨ ਕਾਨੂੰਨ ਦੇ ਮੁੱਦੇ ਨੂੰ ਚੁੱਕਦੇ ਹੋਏ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਅਕਾਲੀਆਂ ਅਤੇ ਕਾਂਗਰਸੀਆਂ ਨੂੰ ਨਿਸ਼ਾਨੇ ’ਤੇ ਰੱਖਿਆ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਭੱਲਾ ਵੀ ਮੌਜੂਦ ਸਨ। ਸ੍ਰੀ ਬੈਂਸ ਨੇ ਕਿਹਾ ਕਿ ਪੰਜਾਬ ਦੇ 21 ਲੱਖ ਲੋਕਾਂ ਨੂੰ ਜਾਗਰੂਕ ਕਰਨ ਲਈ ਲੋਕ ਇਨਸਾਫ਼ ਪਾਰਟੀ ‘ ਸਾਡਾ ਪਾਣੀ ਸਾਡਾ ਹੱਕ’ ਤਹਿਤ ਜਨ ਅੰਦੋਲਨ ਚਲਾ ਰਹੀ ਹੈ। ਸੂਬੇ ਦੇ ਕੋਨੇ ਕੋਨੇ ਵਿਚ ਜਾ ਕੇ ਪੰਜਾਬ ਦੇ ਕਿਸਾਨਾਂ ਅਤੇ ਲੋਕਾਂ ਨੂੰ ਦੱਸਿਆ ਜਾਵੇਗਾ। ਉਨ੍ਹਾਂ ਪੰਜਾਬ ਨਾਲ ਗ਼ੱਦਾਰੀ ਕਰਨ ਵਾਲੇ ਲੋਕਾਂ ਵੱਲੋਂ ਪਾਣੀ ਦੀ ਕੀਮਤ ਸਬੰਧੀ ਫੈਲਾਏ ਜਾ ਰਹੇ ਭੰਬਲਭੂਸੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਲੋਕ ਆਪਣੀ ਨਾਕਾਮੀ ਛੁਪਾਉਣ ਲਈ ਗ਼ਲਤ ਤਰੀਕੇ ਨਾਲ ਭੰਬਲਭੂਸਾ ਖੜਾ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਕਾਂਗਰਸ ਦੇ ਤ੍ਰਿਪਤ ਰਜਿੰਦਰ ਬਾਜਵਾ ਦੇ ਬਿਆਨ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਵੱਲੋਂ 14 ਲੱਖ ਟਿਊਬਵੈੱਲਾਂ ਰਾਹੀਂ ਧਰਤੀ ਹੇਠਲਾ ਪਾਣੀ ਕੱਢਿਆ ਜਾ ਰਿਹਾ ਅਤੇ ਗੁਆਂਢੀ ਸੂਬੇ ਪੰਜਾਬ ਦਾ ਪਾਣੀ ਲੁੱਟ ਰਹੇ ਹਨ। ਇਸ ਵਿੱਚ ਪੰਜਾਬ ਵਿਚ ਰਾਜ ਕਰਨ ਵਾਲੀਆਂ ਸਮੇਂ ਸਰਕਾਰਾਂ ਦਾ ਵੀ ਅਹਿਮ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਿਨ ਬ ਦਿਨ ਬੰਜਰ ਹੋ ਰਿਹਾ ਹੈ । ਗੁਆਂਢੀ ਸੂਬੇ ਰਾਜਸਥਾਨ ਦੀ ਗੱਲ ਕੀਤੀ ਜਾਵੇ ਤਾਂ 16 ਨਵੰਬਰ 2016 ਤੋਂ ਇਸ ਸੂਬੇ ਸਿਰ 16 ਲੱਖ ਕਰੋੜ ਰੁਪਏ ਬਕਾਏ ਹਨ ਅਤੇ ਵਿਆਜ ਹਾਲੇ ਵੱਖਰਾ ਹੈ। ਉਨ੍ਹਾਂ ਹਰਿਆਣਾ ਸਰਕਾਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਿੱਲੀ ਸਰਕਾਰ ਤੋਂ ਪਾਣੀ ਦੇ ਪੈਸੇ ਮੰਗ ਸਕਦੇ ਹਨ ਤਾਂ ਪੰਜਾਬ ਕਿਉਂ ਨਹੀਂ। ਇਸ ਮੌਕੇ ਉਨ੍ਹਾਂ ਨਾਲ ਜਤਿੰਦਰ ਸਿੰਘ ਭੱਲਾ ਤੋਂ ਇਲਾਵਾ ਹਲਕਾ ਮੋੜ ਦੇ ਜਸਵੀਰ ਸਿੰਘ ਵੀ ਸਨ।
INDIA ਰਾਜਸਥਾਨ ਤੋਂ ਪਾਣੀ ਦੀ ਕੀਮਤ ਵਸੂਲ ਕੇ ਰਹਾਂਗੇ: ਬੈਂਸ