ਸ੍ਰੀ ਮੁਕਤਸਰ ਸਾਹਿਬ (ਸਮਾਜਵੀਕਲੀ) – ਰਾਜਸਥਾਨ ਸਰਕਾਰ ਵੱਲੋਂ ਪੰਜਾਬ ਸਰਕਾਰ ਨਾਲ ਰਾਬਤਾ ਕਰਨ ਤੋਂ ਬਾਅਦ ਮੰਗਲਵਾਰ ਦੀ ਰਾਤ ਨੂੰ ਪੰਜਾਬ ਦੇ 40 ਮਜ਼ਦੂਰਾਂ ਦਾ ਮੈਡੀਕਲ, ਈ. ਪਾਸ ਅਤੇ ਬੱਸ ਦਾ ਪ੍ਰਬੰਧ ਕਰਕੇ ਜਦੋਂ ਉਨ੍ਹਾਂ ਨੂੰ ਸੰਘਰੀਆ ਤੋਂ ਪੰਜਾਬ ਵੱਲ ਤੋਰਿਆ ਤਾਂ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਪੰਜਾਬ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ। ਇਸ ’ਤੇ ਇਹ ਮਜ਼ਦੂਰ ਮੁੜ ਸੰਘਰੀਆ ਪਰਤ ਗਏ ਹਨ।
ਸੂਤਰਾਂ ਅਨੁਸਾਰ ਹਨੂਮਾਨਗੜ੍ਹ ਜ਼ਿਲ੍ਹੇ ਵਿੱਚ ਪੰਜਾਬ ਦੇ 98 ਮਜ਼ਦੂਰ ਫਸੇ ਹਨ। ਇਨ੍ਹਾਂ ਵਿੱਚੋਂ ਬਠਿੰਡਾ ਦੇ 16 ਅਤੇ ਮੁਕਤਸਰ ਦੇ 24 ਮਜ਼ਦੂਰਾਂ ਨੂੰ ਪੰਜਾਬ ਭੇਜਣ ਲਈ ਰਾਜਸਥਾਨ ਸਰਕਾਰ ਤੇ ਪ੍ਰਸ਼ਾਸਨ ਨੇ ਮਨਜ਼ੂਰੀ ਦੇ ਦਿੱਤੀ ਸੀ। ਮਜ਼ਦੂਰਾਂ ਨੇ ਆਪਣਾ ਸਾਮਾਨ ਵੀ ਬੰਨ੍ਹ ਲਿਆ ਸੀ। ਹਨੂਮਾਨਗੜ੍ਹ ਦੇ ਜ਼ਿਲ੍ਹਾ ਕੁਲੈਕਟਰ ਜ਼ਾਕਿਰ ਹੁਸੈਨ ਦੇ ਹੁਕਮਾਂ ‘ਤੇ ਦੇਰ ਰਾਤ ਤੱਕ ਐੱਸ.ਡੀ.ਐੱਮ. ਮਾਂਗੀ ਰਾਮ ਤੇ ਹੋਰ ਅਧਿਕਾਰੀ ਵੀ ਕਾਰਵਾਈ ਕਰਦੇ ਰਹੇ।
ਰਾਤ ਨੂੰ 11 ਵਜੇ ਬੱਸ ਤਿਆਰ ਕਰ ਲਈ। ਰਾਜਸਥਾਨ ਪੋਰਟਲ ਅਤੇ ਪੰਜਾਬ ਪੋਰਟਲ ’ਤੇ ਇਨ੍ਹਾਂ ਸਾਰੇ ਮਜ਼ਦੂਰਾਂ ਦੀ ਸੂਚੀ ਅਪਲੋਡ ਕਰ ਦਿੱਤੀ। ਇਹ ਮਜ਼ਦੂਰ ਮੋਹਨਗੜ੍ਹ ਤੋਂ ਪੈਦਲ ਚੱਲ ਕੇ ਸੰਘਰੀਆ ਆਏ ਸੀ। ਉੱਥੇ ਮੈਡੀਕਲ ਕਰਵਾ ਕੇ ਇਕਾਂਤਵਾਸ ਵਿੱਚ ਠਹਿਰਾਇਆ ਸੀ। ਇਹ ਸਾਰੇ ਠੀਕ-ਠਾਕ ਸਨ।
ਰਾਜਸਥਾਨੀ ਅਧਿਕਾਰੀਆਂ ਨੇ ਦੱਸਿਆ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਨੇ ਮਜ਼ਦੂਰਾਂ ਨੂੰ ਅਪਣਾਉਣ ਤੋਂ ਨਾਂਹ ਕਰ ਦਿੱਤੀ। ਇਸ ਦੌਰਾਨ ਮਜ਼ਦੂਰਾਂ ਨੇ ਵੀ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਵਾਪਸੀ ਦਾ ਪ੍ਰਬੰਧ ਕੀਤਾ ਜਾਵੇ। ਇਸ ਸਬੰਧੀ ਮੁਕਤਸਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਅੰਤਰ-ਰਾਜੀ ਆਮਦ ਸਬੰਧੀ ਸਰਕਾਰ ਵੱਲੋਂ 7 ਮਈ ਤੱਕ ਨਵੀਂ ਪਾਲਿਸੀ ਬਣਾਈ ਜਾਵੇਗੀ ਤੇ ਉਦੋਂ ਹੀ ਇਹ ਮਜ਼ਦੂਰ ਲਿਆਂਦੇ ਜਾਣਗੇ।