ਜੈਪੁਰ (ਸਮਾਜ ਵੀਕਲੀ) : ਰਾਜਸਥਾਨ ਦੇ ਰਾਜਪਾਲ ਕਲਰਾਜ ਮਿਸ਼ਰਾ ਨੇ ਅਸ਼ੋਕ ਗਹਿਲੋਤ ਸਰਕਾਰ ਨੂੰ ਵਿਧਾਨ ਸਭਾ ਸੈਸ਼ਨ ਕਰਵਾਉਣ ਦੀ ਮੰਗ ਕਰਦਾ ਕੈਬਨਿਟ ਨੋਟ ਵਾਪਸ ਕਰਦਿਆਂ ਹੋਰ ਜਾਣਕਾਰੀ ਮੰਗੀ ਹੈ। ਇਹ ਦੂਜੀ ਵਾਰ ਹੈ ਕਿ ਰਾਜਪਾਲ ਨੇ ਤਜਵੀਜ਼ ਵਾਪਸ ਕਰ ਦਿੱਤੀ ਹੈ ਤੇ ਰਾਜ ਸਰਕਾਰ ਤੋਂ ਸਪੱਸ਼ਟੀਕਰਨ ਮੰਗਿਆ ਹੈ।
ਰਾਜਪਾਲ ਨੇ ਇਸ ਦੇ ਨਾਲ ਇਹ ਵੀ ਕਿਹਾ ਕਿ ਸੈਸ਼ਨ ਸੱਦਿਆ ਜਾ ਸਕਦਾ ਹੈ, ਪਰ 21 ਦਿਨ ਦਾ ਨੋਟਿਸ ਦਿੱਤਾ ਜਾਵੇ। ਮਿਸ਼ਰਾ ਨੇ ਨੋਟ ਮੋੜਦਿਆਂ ਕਿਹਾ ਕਿ ਫਲੋਰ ਟੈਸਟ ਦਾ ਲਾਈਵ ਪ੍ਰਸਾਰਨ ਵੀ ਕੀਤਾ ਜਾਵੇ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਰਾਜਪਾਲ ਨੇ ਕੁਝ ਸਵਾਲਾਂ ਨਾਲ ਫਾਈਲ ਵਾਪਸ ਕਰ ਦਿੱਤੀ ਹੈ। ਫਾਈਲ ਵਾਪਸ ਕਰਦਿਆਂ ਰਾਜਪਾਲ ਨੇ ਸੰਕੇਤ ਦਿੱਤਾ ਹੈ ਕਿ ਵਿਧਾਨ ਸਭਾ ਸੈਸ਼ਨ ਥੋੜ੍ਹੇ ਸਮੇਂ ਦੇ ਨੋਟਿਸ ਉਤੇ ਸੱਦਿਆ ਜਾ ਸਕਦਾ ਹੈ ਜੇ ਰਾਜ ਸਰਕਾਰ ਦੇ ਏਜੰਡੇ ਉਤੇ ਬਹੁਮਤ ਸਾਬਿਤ ਕਰਨਾ ਹੈ। ਕੈਬਨਿਟ ਨੇ 31 ਜੁਲਾਈ ਤੋਂ ਸੈਸ਼ਨ ਕਰਵਾਉਣ ਦੀ ਮੰਗ ਕੀਤੀ ਸੀ।