ਨਵੀਂ ਦਿੱਲੀ (ਸਮਾਜਵੀਕਲੀ) : ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਤਿੰਨ-ਰੋਜ਼ਾ ਫੇਰੀ ਲਈ ਰੂਸ ਰਵਾਨਾ ਹੋ ਗਏ। ਇਸ ਫੇਰੀ ਮੌਕੇ ਰੱਖਿਆ ਮੰਤਰੀ ਜਿੱਥੇ ਰੂਸ ਦੇ ਸਿਖਰਲੇ ਫੌਜੀ ਅਧਿਕਾਰੀਆਂ ਨੂੰ ਮਿਲਣਗੇ, ਉਥੇ 24 ਜੂਨ ਨੂੰ ਮਾਸਕੋ ਵਿੱਚ ਦੂਜੀ ਆਲਮੀ ਜੰਗ ਵਿੱਚ ਰੂਸ ਦੀ ਜਰਮਨੀ ’ਤੇ ਫ਼ਤਹਿ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਵਿਸ਼ਾਲ ਫੌਜੀ ਪਰੇਡ ਵਿੱਚ ਵੀ ਸ਼ਮੂਲੀਅਤ ਕਰਨਗੇ।
ਕਰੋਨਾਵਾਇਰਸ ਮਹਾਮਾਰੀ ਕਰਕੇ ਵਿਦੇਸ਼ ਯਾਤਰਾ ’ਤੇ ਆਇਦ ਪਾਬੰਦੀਆਂ ਕਰਕੇ ਪਿਛਲੇ ਚਾਰ ਮਹੀਨਿਆਂ ’ਚ ਕਿਸੇ ਸੀਨੀਅਰ ਕੇਂਦਰੀ ਮੰਤਰੀ ਦਾ ਇਹ ਪਲੇਠਾ ਵਿਦੇਸ਼ ਦੌਰਾ ਹੈ। ਇਸ ਦੌਰਾਨ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਅੱਜ ਕਿਹਾ ਕਿ ਉਹ ਮੰਗਲਵਾਰ ਨੂੰ ਹੋਣ ਵਾਲੀ ਰੂਸ-ਭਾਰਤ-ਚੀਨ ਵਰਚੁਅਲ ਮੀਟਿੰਗ ’ਚ ਸ਼ਿਰਕਤ ਕਰਨਗੇ।
ਮਾਸਕੋ ਰਵਾਨਾ ਹੋਣ ਤੋਂ ਪਹਿਲਾਂ ਸਿੰਘ ਨੇ ਇਕ ਟਵੀਟ ’ਚ ਕਿਹਾ, ‘ਤਿੰਨ ਰੋਜ਼ਾ ਰੂਸ ਫੇਰੀ ਭਾਰਤ-ਰੂਸ ਰੱਖਿਆ ਤੇ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦਾ ਮੌਕਾ ਦੇਵੇਗੀ।’ ਰੱਖਿਆ ਮੰਤਰੀ ਦੀ ਰੂਸ ਫੇਰੀ ਇਸ ਲਈ ਵੀ ਅਹਿਮ ਹੈ ਕਿਉਂਕਿ ਇਸ ਵੇਲੇ ਅਸਲ ਕੰਟਰੋਲ ਰੇਖਾ ’ਤੇ ਜਾਰੀ ਤਣਾਅ ਕਰਕੇ ਭਾਰਤ ਤੇ ਚੀਨ ਦੇ ਰਿਸ਼ਤਿਆਂ ’ਚ ਤਲਖੀ ਸਿਖਰ ’ਤੇ ਹੈ।
15 ਜੂਨ ਨੂੰ ਗਲਵਾਨ ਵਾਦੀ ਵਿੱਚ ਹੋਈ ਹਿੰਸਕ ਝੜਪ ਵਿੱਚ 20 ਭਾਰਤੀ ਫੌਜੀਆਂ ਦੇ ਸ਼ਹੀਦ ਹੋਣ ਮਗਰੋਂ ਦੋਵਾਂ ਮੁਲਕਾਂ ਦੇ ਰਿਸ਼ਤਿਆਂ ’ਚ ਕਸ਼ੀਦਗੀ ਵਧ ਗਈ ਹੈ। ਉਧਰ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਅੱਜ ਕਿਹਾ ਕਿ ਉਹ ਗਲਵਾਨ ਘਾਟੀ ਕਰਕੇ ਭਾਰਤ-ਚੀਨ ਰਿਸ਼ਤਿਆਂ ’ਚ ਆਈ ਤਲਖੀ ਦੇ ਪਿਛੋਕੜ ਵਿੱਚ ਮੰਗਲਵਾਰ ਨੂੰ ਹੋਣ ਵਾਲੀ ਰੂਸ-ਭਾਰਤ-ਚੀਨ ਤਿੰਨ ਧਿਰੀ ਵਰਚੁਅਲ ਕਾਨਫਰੰਸ ਵਿੱਚ ਸ਼ਿਰਕਤ ਕਰਨਗੇ।
ਸੂਤਰਾਂ ਮੁਤਾਬਕ 15 ਜੂਨ ਦੀ ਉਪਰੋਕਤ ਘਟਨਾ ਮਗਰੋਂ ਰੂਸ ਨੇ ਭਾਰਤ ਤੇ ਚੀਨ ਨਾਲ ਰਾਬਤਾ ਕਰਦਿਆਂ ਉਨ੍ਹਾਂ ਨੂੰ ਗੱਲਬਾਤ ਰਾਹੀਂ ਸਰਹੱਦੀ ਵਿਵਾਦ ਨਿਬੇੜਨ ਦੀ ਅਪੀਲ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਨੁਰਾਗ ਸ੍ਰੀਵਾਸਤਵ ਨੇ ਜੈਸ਼ੰਕਰ ਦੇ ਤਿੰਨ ਧਿਰੀ ਮੀਟਿੰਗ ’ਚ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ ਹੈ।