ਰਾਘਵ ਦੀ ਲਾਸ਼ ਟੋਹਾਣਾ ਭਾਖੜਾ ਨਹਿਰ ’ਚੋਂ ਮਿਲੀ

ਖਨੌਰੀ (ਸਮਾਜਵੀਕਲੀ):  ਟੋਹਾਣਾ ਭਾਖੜਾ ਨਹਿਰ ’ਚੋਂ ਰਾਘਵ ਦੀ ਲਾਸ਼ ਮਿਲ ਗਈ। ਇਸ ਸਬੰਧੀ ਥਾਣਾ ਖਨੌਰੀ ਵਿੱਚ ਲੋੜੀਂਦੀ ਕਾਰਵਾਈ ਕਰਨ ਉਪਰੰਤ ਰਾਘਵ ਦਾ ਖਨੌਰੀ ਰਾਮਬਾਗ਼ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰ ਅਤੇ ਮਾਰਕੀਟ ਕਮੇਟੀ ਦੇ ਵਾਇਸ ਚੇਅਰਮੈਨ ਮੇਘਰਾਜ ਗੋਇਲ ਨੇ ਦੱਸਿਆ ਕਿ ਪਿਛਲੇ ਚਾਰ ਦਿਨਾਂ ਤੋਂ ਚੱਲ ਰਹੀ ਭਾਲ ਮਗਰੋਂ ਅੱਜ ਤੜਕੇ ਰਾਘਵ ਦੀ ਲਾਸ਼ ਟੋਹਾਣਾ ਭਾਖੜਾ ਮੇਨ ਲਾਈਨ ਵਿੱਚੋਂ ਮਿਲੀ। ਊਪਰੰਤ ਥਾਣਾ ਖਨੌਰੀ ਦੀ ਪੁਲੀਸ ਦੇ ਸਹਿਯੋਗ ਸਦਕਾ ਅੱਜ ਹੀ ਲਾਸ਼ ਦਾ ਟੋਹਾਣਾ ਸਿਵਲ ਹਸਪਤਾਲ ’ਚੋਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਖਨੌਰੀ ਦੇ ਰਾਮਬਾਗ਼ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।

ਇੱਥੇ ਇਹ ਵੀ ਦੱਸਣਾ ਜ਼ਰੂਰੀ ਬਣਦਾ ਹੈ ਕਿ ਬੀਤੀ 14 ਜੂਨ ਨੂੰ ਰਾਘਵ ਆਪਣੀ ਪਤਨੀ ਰਿੰਪੀ ਨਾਲ ਮਾਰੂਤੀ ਆਲਟੋ ਕਾਰ ਨੰਬਰ ਐੱਚਆਰ27ਸੀ-9803 ਵਿੱਚ ਹਰਿਆਣਾ ਦੇ ਕਸਬਾ ਟੋਹਾਣਾ ਦੇ ਮਾਲਵਾ ਹਸਪਤਾਲ ਵਿੱਚ ਦਵਾਈ ਲੈਣ ਜਾ ਰਿਹਾ ਸੀ। ਇਸ ਦੌਰਾਨ ਜਦੋਂ ਕਾਰ ਪਿੰਡ ਚੱਠਾ ਗੋਬਿੰਦਪੁਰਾ ਲਾਗੇ ਭਾਖੜਾ ਨਹਿਰ ਦੇ ਪੁਲ ’ਤੇ ਪਹੁੰਚੀ ਤਾਂ ਅਚਾਨਕ ਕਾਰ ਦਾ ਐਕਸਲ ਟੁੱਟ ਗਿਆ ਤੇ ਸੰਤੁਲਨ ਵਿਗੜਣ ਕਾਰਨ ਕਾਰ ਭਾਖੜਾ ਨਹਿਰ ਵਿੱਚ ਜਾ ਡਿੱਗੀ।

ਨਹਿਰ ਵਿੱਚ ਨਹਾ ਰਹੇ ਚੱਠਾ ਗੋਬਿੰਦਪੁਰਾ ਦੇ ਕੁਝ ਨੌਜਵਾਨਾਂ ਨੇ ਤੁਰੰਤ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਕਾਰ ਸਵਾਰ ਰਿੰਪੀ ਪਤਨੀ ਰਾਘਵ ਨੂੰ ਬਾਹਰ ਕੱਢ ਲਿਆ ਸੀ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ ਜਦੋਂਕਿ ਉਸ ਦਾ ਪਤੀ ਰਾਘਵ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ ਸੀ। ਨੌਜਵਾਨਾਂ ਨੇ ਥਾਣਾ ਖਨੌਰੀ ਦੀ ਪੁਲੀਸ ਨੂੰ ਘਟਨਾ ਦੀ ਸੂਚਨਾ ਦਿੱਤੀ, ਜਿਸ ’ਤੇ ਖਨੌਰੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਕਾਰ ਨੂੰ ਭਾਖੜਾ ਨਹਿਰ ਵਿੱਚੋਂ ਬਾਹਰ ਕਢਵਾਇਆ ਅਤੇ ਕਾਰ ਵਿੱਚੋਂ ਮਿਲੇ ਕਾਗ਼ਜ਼ਾਤ ਅਨੁਸਾਰ ਪੜਤਾਲ ਕਰਕੇ ਮ੍ਰਿਤਕਾਂ ਦੇ ਵਾਰਿਸਾਂ ਤੱਕ ਪਹੁੰਚ ਕੀਤੀ ਸੀ।

ਪੁਲੀਸ ਨੇ ਰਾਘਵ ਦੇ ਪਿਤਾ ਸੁਸ਼ੀਲ ਕੁਮਾਰ ਦੇ ਬਿਆਨ ’ਤੇ 174 ਦੀ ਕਾਰਵਾਈ ਕਰਕੇ ਮ੍ਰਿਤਕਾ ਰਿੰਪੀ ਦੀ ਲਾਸ਼ ਪੋਸਟਮਾਰਟਮ ਕਰਵਾ ਦਿੱਤਾ ਸੀ। ਉਪਰੰਤ ਪਰਿਵਾਰ ਵੱਲੋਂ ਉਸ ਦਾ ਅੰਤਿਮ ਸੰਸਕਾਰ 15 ਜੂਨ ਨੂੰ ਖਨੌਰੀ ਵਿੱਚ ਕਰ ਦਿੱਤਾ ਗਿਆ ਸੀ।

Previous articleਜਿ਼ਲ੍ਹਾ ਰੂਪਨਗਰ: ਰੇਤੇ-ਬਜਰੀ ’ਤੇ ਗੁੰਡਾ ਟੈਕਸ ਵਧਿਆ
Next articleਛੇਤੀ ਹੀ ਨਵੀਂ ਪਾਰਟੀ ਦਾ ਐਲਾਨ ਕੀਤਾ ਜਾਵੇਗਾ: ਪਰਮਿੰਦਰ ਢੀਂਡਸਾ