ਭਾਰਤੀ ਤੀਰਅੰਦਾਜ਼ੀ ਐਸੋਸੀਏਸ਼ਨ (ਏਏਆਈ) ਦੇ ਪ੍ਰਧਾਨ ਬੀਵੀਪੀ ਰਾਓ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸੁਪਰੀਮ ਕੋਰਟ ਨੇ ਦਿੱਲੀ ਹਾਈ ਕੋਰਟ ਵੱਲੋਂ ਨਿਯੁਕਤ ਪ੍ਰਸ਼ਾਸਕ ਐਸਵਾਈ ਕੁਰੈਸ਼ੀ ਦੇ ਏਏਆਈ ਦੇ ਸੋਧੇ ਸੰਵਿਧਾਨ ਨੂੰ ਰੱਦ ਕਰ ਦਿੱਤਾ ਹੈ, ਜਿਸ ਮਗਰੋਂ ਇਹ ਕਦਮ ਚੁੱਕਿਆ ਗਿਆ। ਜਸਟਿਸ ਏਐਮ ਖਾਨਵਿਲਕਰ ਅਤੇ ਜਸਟਿਸ ਅਜੈ ਰਸਤੋਗੀ ਦੀ ਬੈਂਚ ਨੇ ਅੱਜ ਆਦੇਸ਼ ਦਿੱਤਾ ਕਿ ਚਾਰ ਹਫ਼ਤਿਆਂ ਦੇ ਅੰਦਰ ਭਾਰਤੀ ਤੀਰਅੰਦਾਜ਼ ਐਸੋਸੀਏਸ਼ਨ ਦੀਆਂ ਚੋਣਾਂ ਕਰਵਾਈਆਂ ਜਾਣ।
ਰਾਓ ਨੇ ਇਸ ਖ਼ਬਰ ਏਜੰਸੀ ਨੂੰ ਕਿਹਾ, ‘‘ਮੈਂ ਭਾਰਤੀ ਖੇਡ ਸਿਸਟਮ ਖ਼ਿਲਾਫ਼ ਵਿਰੋਧ ਦੇ ਚੱਲਦਿਆਂ ਤੁਰੰਤ ਅਸਤੀਫ਼ਾ ਦੇ ਰਿਹਾ ਹਾਂ ਜੋ ਸਮਰੱਥ ਲੋਕਾਂ ਨੂੰ ਅੱਗੇ ਨਹੀਂ ਆਉਣ ਦਿੰੰਦਾ। ਜੇਕਰ ਸਮਰੱਥ ਲੋਕ ਆਉਂਦੇ ਹਨ ਤਾਂ ਉਨ੍ਹਾਂ ਦੇ ਕੰਮਾਂ ਵਿੱਚ ਅੜਿੱਕਾ ਪੈਦਾ ਕੀਤਾ ਜਾਂਦਾ ਹੈ।’’ ਇਸ ਤਾਜ਼ਾ ਫ਼ੈਸਲੇ ਦਾ ਮਤਲਬ ਹੈ ਕਿ ਦਸ ਜੂਨ ਤੋਂ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਲਈ ਭਾਰਤੀ ਤੀਰਅੰਦਾਜ਼ਾਂ ਨਾਲ ਨਵਾਂ ਪ੍ਰਸ਼ਾਸਨਿਕ ਢਾਂਚਾ ਹੋਵੇਗਾ। ਰਾਓ ਦੀ ਅਗਵਾਈ ਵਾਲੀ ਏਏਆਈ ਨੂੰ ਭਾਰਤੀ ਓਲੰਪਿਕ ਐਸੋਸੀਏਸ਼ਨ ਮਾਨਤਾ ਨਹੀਂ ਦਿੰਦਾ ਅਤੇ ਉਸ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਆਈਓਏ ਨੇ ਬਿਆਨ ਵਿੱਚ ਕਿਹਾ, ‘‘ਇਹ ਆਈਓਏ ਅਤੇ ਏਏਆਈ ਦੀ ਜਿੱਤ ਹੈ। ਮਾਨਯੋਗ ਸੁਪਰੀਮ ਕੋਰਟ ਨੇ ਅੱਜ ਕੁਰੈਸ਼ੀ ਵੱਲੋਂ ਤਿਆਰ ਸੰਵਿਧਾਨ ਨੂੰ ਰੱਦ ਕਰ ਦਿੱਤਾ। ਆਈਓਏ ਅਤੇ ਖੇਡ ਮੰਤਰਾਲਾ ਦੋਵਾਂ ਨੇ ਇਸ ਸੰਵਿਧਾਨ ਅਤੇ ਇਸ ਦੇ ਅਨੁਸਾਰ ਹੋਈਆਂ ਚੋਣਾਂ ਨੂੰ ਲੈ ਕੇ ਸਖ਼ਤ ਇਤਰਾਜ਼ ਦਰਜ ਕਰਵਾਇਆ ਸੀ।’’
ਕੁਰੈਸ਼ੀ ਦੀ ਦੇਖ-ਰੇਖ ਵਿੱਚ ਹੋਈਆਂ ਚੋਣਾਂ ਦੌਰਾਨ 22 ਦਸੰਬਰ 2018 ਨੂੰ ਸੇਵਾਮੁਕਤ ਆਈਏਐਸ ਅਧਿਕਾਰੀ ਰਾਓ ਨੂੰ ਏਏਆਈ ਮੁਖੀ ਚੁਣਿਆ ਗਿਆ, ਜਿਸ ਨਾਲ ਵਿਜੈ ਕੁਮਾਰ ਮਲਹੋਤਰਾ ਦੇ ਯੁੱਗ ਦਾ ਅੰਤ ਹੋਇਆ। ਉਹ ਸਾਲ 1973 ਤੋਂ 2012 ਤੱਕ ਕੌਮੀ ਸੰਸਥਾ ਦਾ ਮੁਖੀ ਰਿਹਾ ਸੀ। ਇਸ ਮਗਰੋਂ ਖੇਡ ਜ਼ਾਬਤੇ ਨੂੰ ਨਾ ਮੰਨਣ ’ਤੇ ਖੇਡ ਮੰਤਰਾਲੇ ਨੇ ਏਏਆਈ ਦੀ ਮਾਨਤਾ ਰੱਦ ਕਰ ਦਿੱਤੀ ਸੀ।
Sports ਰਾਓ ਦਾ ਭਾਰਤੀ ਤੀਰਅੰਦਾਜ਼ੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ