ਨਿਊਜ਼ੀਲੈਂਡ ਓਪਨ: ਸਾਇਨਾ ਨੇਹਵਾਲ ਉਲਟ-ਫੇਰ ਦਾ ਸ਼ਿਕਾਰ

ਭਾਰਤ ਦੀ ਸਾਇਨਾ ਨੇਹਵਾਲ ਅੱਜ ਇੱਥੇ ਨਿਊਜ਼ੀਲੈਂਡ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਪਹਿਲੇ ਗੇੜ ਵਿੱਚ ਉਲਟ-ਫੇਰ ਦਾ ਸ਼ਿਕਾਰ ਹੋ ਗਈ ਅਤੇ ਉਸ ਨੂੰ ਦੁਨੀਆਂ ਦੀ 212ਵੇਂ ਨੰਬਰ ਦੀ ਚੀਨੀ ਖਿਡਾਰਨ ਵਾਂਗ ਝਿਯੀ ਤੋਂ ਹਾਰ ਝੱਲਣੀ ਪਈ। ਦੂਜੇ ਪਾਸੇ ਐਚ ਐਸ ਪ੍ਰਣਯ ਅਤੇ ਬੀ ਸਾਈ ਪ੍ਰਣੀਤ ਪੁਰਸ਼ ਸਿੰਗਲਜ਼ ਦੇ ਅਗਲੇ ਗੇੜ ਵਿੱਚ ਪਹੁੰਚਣ ਵਿੱਚ ਸਫਲ ਰਹੇ। ਲੰਡਨ ਓਲੰਪਿਕ-2012 ਕਾਂਸੀ ਦਾ ਤਗ਼ਮਾ ਜੇਤੂ ਅਤੇ ਦੁਨੀਆਂ ਦੀ ਨੌਵੇਂ ਨੰਬਰ ਦੀ ਖਿਡਾਰਨ ਸਾਇਨਾ ਨੂੰ ਮਹਿਲਾ ਸਿੰਗਲਜ਼ ਮੁਕਾਬਲੇ ਵਿੱਚ ਆਪਣੇ ਤੋਂ ਦਸ ਸਾਲ ਛੋਟੀ 19 ਸਾਲਾ ਵਾਂਗ ਤੋਂ ਇੱਕ ਘੰਟੇ ਅਤੇ ਸੱਤ ਮਿੰਟ ਵਿੱਚ 16-21, 23-21, 4-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਪੁਰਸ਼ ਸਿੰਗਲਜ਼ ਵਿੱਚ ਪ੍ਰਣਯ ਅਤੇ ਪ੍ਰਣੀਤ ਨੇ ਦੂਜੇ ਗੇੜ ਵਿੱਚ ਥਾਂ ਬਣਾਈ। ਪ੍ਰਣਯ ਨੇ ਕੀਨ ਯੇਯੁ ਲੋਹ ਨੂੰ 21-15, 21-14 ਨਾਲ ਸਿੱਧੇ ਗੇਮ ਵਿੱਚ ਹਰਾਇਆ, ਜਦਕਿ ਪ੍ਰਣੀਤ ਨੂੰ ਹਮਵਤਨ ਭਾਰਤੀ ਸ਼ੁਭੰਕਰ ਡੇਅ ’ਤੇ 21-17, 19-21, 21-15 ਨਾਲ ਜਿੱਤ ਕਰਨ ਲਈ 71 ਮਿੰਟ ਤੱਕ ਪਸੀਨਾ ਵਹਾਉਣਾ ਪਿਆ।
ਪੁਰਸ਼ ਸਿੰਗਲਜ਼ ਵਿੱਚ ਲਕਸ਼ੈ ਸੇਨ ਦੀ ਮੁਹਿੰਮ ਵੀ ਰੁਕ ਗਈ। ਇਸ ਭਾਰਤੀ ਖਿਡਾਰੀ ਨੂੰ ਇੱਕ ਘੰਟਾ ਅਤੇ ਅੱਠ ਮਿੰਟ ਤੱਕ ਚੱਲੇ ਮੁਕਾਬਲੇ ਵਿੱਚ ਤਾਇਵਾਨ ਦੇ ਵਾਂਗ ਜ਼ੂ ਵੇਈ ਖ਼ਿਲਾਫ਼ 21-15, 18-21, 10-21 ਨਾਲ ਹਾਰ ਦਾ ਮੂੰਹ ਵੇਖਣਾ ਪਿਆ। ਇਸ ਤੋਂ ਪਹਿਲਾਂ ਅਸ਼ਵਿਨੀ ਪੋਨੱਪਾ ਅਤੇ ਐਨ ਸਿੱਕੀ ਰੈਡੀ ਦੀ ਮਹਿਲਾ ਡਬਲਜ਼ ਜੋੜੀ ਵੀ ਤਿੰਨ ਗੇਮ ਚੱਲੇ ਸਖ਼ਤ ਮੁਕਾਬਲੇ ਵਿੱਚ ਲਿਊ ਸ਼ੁਆਨਸ਼ੁਆਨ ਅਤੇ ਸ਼ੀਆ ਯੂਟਿੰਗ ਦੀ ਚੀਨੀ ਜੋੜੀ ਤੋਂ 14-21, 23-21, 14-21 ਨਾਲ ਹਾਰ ਗਈ। ਪੁਰਸ਼ ਡਬਲਜ਼ ਵਿੱਚ ਮਨੂ ਅੱਤਰੀ ਅਤੇ ਬੀ ਸੁਮੀਤ ਰੈਡੀ ਦੀ ਜੋੜੀ ਨੇ ਨਿਊਜ਼ੀਲੈਂਡ ਦੇ ਜੋਸ਼ੂਆ ਫੈਂਗ ਅਤੇ ਜੈਕ ਜਿਆਂਗ ਨੂੰ 21-17, 21-10 ਨਾਲ ਹਰਾਇਆ। ਸਾਇਨਾ ਨੇ ਪਹਿਲੇ ਗੇਮ ਵਿੱਚ ਹੌਲੀ ਸ਼ੁਰੂਆਤ ਕੀਤੀ, ਜਿਸ ਕਾਰਨ ਚੀਨ ਦੀ ਉਸ ਦੀ ਵਿਰੋਧੀ ਨੇ 0-4 ਦੀ ਲੀਡ ਬਣਾਈ ਅਤੇ ਫਿਰ ਇਸ ਲੀਡ ਨੂੰ ਬਰਕਰਾਰ ਰੱਖਦਿਆਂ ਪਹਿਲਾ ਗੇਮ 16-21 ਨਾਲ ਜਿੱਤ ਲਿਆ।
ਦੂਜੇ ਗੇਮ ਵਿੱਚ ਵੀ ਵਾਂਗ ਨੇ ਸਾਇਨਾ ਨੂੰ ਸਖ਼ਤ ਟੱਕਰ ਦਿੱਤੀ, ਪਰ ਭਾਰਤੀ ਸ਼ਟਲਰ 23-21, ਨਾਲ ਜਿੱਤ ਦਰਜ ਕਰਦਿਆਂ ਮੁਕਾਬਲਾ 1-1 ਬਰਾਬਰ ਕਰਨ ਵਿੱਚ ਸਫਲ ਰਹੀ। ਤੀਜੇ ਅਤੇ ਫ਼ੈਸਲਾਕੁੰਨ ਗੇਮ ਵਿੱਚ ਵਾਂਗ ਝਿਯੀ ਪੂਰੀ ਤਰ੍ਹਾਂ ਭਾਰੂ ਰਹੀ ਅਤੇ ਉਸ ਨੇ ਲਗਾਤਾਰ ਅੱਠ ਅੰਕ ਨਾਲ ਮਜ਼ਬੂਤ ਲੀਡ ਬਣਾਈ ਅਤੇ ਫਿਰ ਆਸਾਨੀ ਨਾਲ ਗੇਮ ਜਿੱਤ ਲਈ। ਮਹਿਲਾ ਸਿੰਗਲਜ਼ ਦੇ ਪਹਿਲੇ ਗੇੜ ਵਿੱਚ ਅਨੂਰਾ ਪ੍ਰਭੂਦੇਸਾਈ ਨੂੰ ਵੀ ਦੁਨੀਆ ਦੀ 15ਵੇਂ ਨੰਬਰ ਦੀ ਖਿਡਾਰਨ ਚੀਨ ਦੀ ਲੀ ਸ਼ੂਏਰੂਈ ਖ਼ਿਲਾਫ਼ 9-21, 10-21 ਨਾਲ ਸ਼ਿਕਸਤ ਮਿਲੀ।

Previous articleਕਾਂਗਰਸ ਦੀ ਜਨਰਲ ਸਕੱਤਰ ਤੇ ਜ਼ਿਲ੍ਹਾ ਪ੍ਰਧਾਨ ਵਿਚਾਲੇ ਖੜਕੀ
Next articleਰਾਓ ਦਾ ਭਾਰਤੀ ਤੀਰਅੰਦਾਜ਼ੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ