ਪਿੰਡ ਰਾਏਪੁਰ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ, ਜਮਹੂਰੀ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਬਣਾਂਵਾਲੀ ਥਰਮਲ ਪਲਾਂਟ ਵੱਲੋਂ ਵਰਤੇ ਜਾਂਦੇ ਨਹਿਰੀ ਪਾਣੀ ਦੀ ਸਪਲਾਈ ਬੰਦ ਕਰਨ ਅਤੇ ਪਲਾਂਟ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਦੇ ਹੱਲ ਲਈ ਸਾਂਝੀ ਰਣਨੀਤੀ ਬਣਾਉਣ ਲਈ ਪਹਿਲਾ ਸਾਂਝਾ ਇਕੱਠ ਰੱਖਿਆ ਗਿਆ।
ਇਕੱਠ ਵਿੱਚ ਪੰਜਾਬ ਕਿਸਾਨ ਯੂਨੀਅਨ ਦੇ ਪੰਜਾਬ ਪ੍ਰਧਾਨ ਰੁਲਦੂ ਸਿੰਘ ਮਾਨਸਾ, ਗੋਰਾ ਸਿੰਘ ਭੈਣੀ ਬਾਘਾ ਅਤੇ ਪੰਜਾਬ ਸਿੰਘ ਤਲਵੰਡੀ ਅਕਲੀਆ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਸੰਘਰਸ਼ ਵਿੱਢਣ ਲਈ ਤਿਆਰ ਹੈ ਪਰ ਲੋਕਾਂ ਨੂੰ ਕਮੇਟੀਆਂ ਬਣਾ ਕੇ ਸੰਘਰਸ਼ ਲਈ ਅੱਗੇ ਆਉਣਾ ਪਵੇਗਾ।
ਆਮ ਆਦਮੀ ਪਾਰਟੀ ਦੇ ਸੂਬਾ ਵਾਈਸ ਪ੍ਰਧਾਨ ਡਾ. ਵਿਜੈ ਸਿੰਗਲਾ, ਜ਼ਿਲ੍ਹਾ ਵਾਈਸ ਪ੍ਰਧਾਨ ਨੇਮ ਚੰਦ ਚੌਧਰੀ, ਆਗੂ ਗੁਰਪ੍ਰੀਤ ਸਿੰਘ ਬਣਾਂਵਾਲੀ, ਸੀਪੀਆਈ ਦੇ ਜ਼ਿਲ੍ਹਾ ਜਨਰਲ ਸਕੱਤਰ ਕ੍ਰਿਸ਼ਨ ਚੌਹਾਨ, ਜਮਹੂਰੀ ਕਿਸਾਨ ਸਭਾ ਦੇ ਮੇਜਰ ਸਿੰਘ ਦੂਲੋਵਾਲ ਨੇ ਆਪਣੀਆਂ ਜਥੇਬੰਦੀਆਂ ਦੀ ਇਸ ਸੰਘਰਸ਼ ਲਈ ਸਾਥ ਦੇਣ ਦੀ ਹਾਮੀ ਭਰੀ। ਇਸ ਮੌਕੇ ਪਿੰਡ ਦੇ ਵਸਨੀਕ ਗਗਨਦੀਪ ਸਿੰਘ, ਸੰਨੀ ਮਾਨ ਅਤੇ ਮਨਦੀਪ ਸਿੰਘ ਪਟਵਾਰੀ ਨੇ ਮੰਗ ਕੀਤੀ ਕਿ ਥਰਮਲ ਪਲਾਂਟ ਵੱਲੋਂ ਫੈਲਾਏ ਜਾਂਦੇ ਪ੍ਰਦੂਸ਼ਣ ‘ਤੇ ਰੋਕ ਲੱਗੇ ਅਤੇ ਥਰਮਲ ਵੱਲੋਂ ਵਰਤੇ ਜਾਂਦੇ ਨਹਿਰੀ ਪਾਣੀ ‘ਤੇ ਰੋਕ ਲੱਗੇ। ਥਰਮਲ ਪਲਾਂਟ ਨਾਲ ਪ੍ਰਭਾਵਿਤ 12 ਪਿੰਡਾਂ ਨੂੰ ਮੁਫ਼ਤ ਬਿਜਲੀ ਦਿੱਤੀ ਜਾਵੇ ਅਤੇ ਨਾਲ ਦੀ ਨਾਲ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੂੰ ਕੋਈ ਵੀ ਬਿਮਾਰੀ ਹੁੰਦੀ ਹੈ ਤਾਂ ਉਨ੍ਹਾਂ ਦਾ ਇਲਾਜ ਥਰਮਲ ਪਲਾਂਟ ਵੱਲੋਂ ਮੁਫ਼ਤ ਕਰਵਾਇਆ ਜਾਵੇ। ਪਿੰਡ ਵਾਸੀਆਂ ਨੇ ਆਪਣੇ ਹੱਥ ਖੜ੍ਹੇ ਕਰਕੇ ਬਣਾਂਵਾਲੀ ਥਰਮਲ ਪਲਾਂਟ ਦੇ ਖ਼ਿਲਾਫ਼ ਸਾਂਝਾ ਸੰਘਰਸ਼ ਲੜਨ ਲਈ ਆਪਣੀ ਰਜ਼ਾਮੰਦੀ ਦਿੱਤੀ।
ਇਸ ਮੌਕੇ ਐਡਵੋਕੇਟ ਗੁਰਲਾਭ ਸਿੰਘ ਮਾਹਲ, ਰਾਜੂ ਸਿੰਘ, ਲਛਮਣ ਸਿੰਘ, ਸੱਜਣ ਗਰਗ, ਮਿੰਟੂ ਸਿੰਘ, ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ ਤੇ ਗੁਰਦੀਪ ਸਿੰਘ ਨੇ ਸੰਬੋਧਨ ਕੀਤਾ।
INDIA ਰਾਏਪੁਰ ’ਚ ਸੰਘਰਸ਼ ਲਈ ਬਣੀ ਰਾਇ