ਮੁੰਬਈ (ਸਮਾਜ ਵੀਕਲੀ) : ਫਿਲਮਸਾਜ਼ ਸ਼ੇਖਰ ਕਪੂਰ ਨੇ ਕਿਹਾ ਹੈ ਕਿ ਸੰਗੀਤਕਾਰ ਏ ਆਰ ਰਹਿਮਾਨ ਨੂੰ ਆਸਕਰ ਪੁਰਸਕਾਰ ਮਿਲਣਾ ਇਸ ਗੱਲ ਦਾ ਸਬੂਤ ਹੈ ਕਿ ਬੌਲੀਵੁੱਡ ਉਸ ਦੇ ਹੁਨਰ ਨੂੰ ਸਹਾਰ ਨਹੀਂ ਸਕਦਾ ਹੈ। ਰਹਿਮਾਨ ਨੇ ਇਕ ਦਿਨ ਪਹਿਲਾਂ ਦਾਅਵਾ ਕੀਤਾ ਸੀ ਕਿ ਹਿੰਦੀ ਫਿਲਮ ਇੰਡਸਟਰੀ ’ਚ ‘ਗੈਂਗ’ ਉਨ੍ਹਾਂ ਨੂੰ ਕੰਮ ਮਿਲਣ ’ਚ ਰੋੜੇ ਅਟਕਾ ਰਿਹਾ ਹੈ।
ਸ਼ੇਖਰ ਕਪੂਰ ਨੇ ਟਵੀਟ ਕਰ ਕੇ ਕਿਹਾ ਕਿ ਜਿਸ ਨੂੰ ਅਕੈਡਮੀ ਆਫ਼ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਿਜ਼ ਤੋਂ ਮਾਨਤਾ ਮਿਲੀ ਹੋਵੇ, ਉਸ ਕਲਾਕਾਰ ਤੋਂ ਬੌਲੀਵੁੱਡ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦਾ ਹੈ। ਉਨ੍ਹਾਂ ਕਿਹਾ,‘‘ਰਹਿਮਾਨ ਤੁਹਾਨੂੰ ਪਤਾ ਹੈ ਕਿ ਤੁਹਾਡੀ ਕੀ ਸਮੱਸਿਆ ਹੈ। ਤੁਸੀਂ ਆਸਕਰ ਜਿੱਤਿਆ ਹੈ ਜਿਸ ਕਰ ਕੇ ਬੌਲੀਵੁੱਡ ’ਚ ਤੁਹਾਨੂੰ ਕੰਮ ਨਹੀਂ ਮਿਲੇਗਾ। ਇਸ ਤੋਂ ਸਾਬਿਤ ਹੁੰਦਾ ਹੈ ਕਿ ਤੁਹਾਡੇ ’ਚ ਜ਼ਿਆਦਾ ਹੁਨਰ ਹੈ ਜਿਸ ਨੂੰ ਬੌਲੀਵੁੱਡ ਸਹਾਰ ਨਹੀਂ ਸਕਦਾ ਹੈ।’’ ਰਹਿਮਾਨ ਨੇ ਟਵੀਟ ਦਾ ਜਵਾਬ ਦਿੰਦਿਆਂ ਕਿਹਾ ਕਿ ਇਸ ਮਾਮਲੇ ਨੂੰ ਛੱਡ ਕੇ ਅਗਾਂਹ ਵਧਣ ਦਾ ਸਮਾਂ ਹੈ।