ਅਯੁੱਧਿਆ (ਸਮਾਜਵੀਕਲੀ) : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੱਲੋਂ ਅੱਜ ਅਯੁੱਧਿਆ ਦਾ ਦੌਰਾ ਕੀਤਾ ਗਿਆ ਜਿੱਥੇ ਉਨ੍ਹਾਂ ਵੱਲੋਂ ਸੰਤਾਂ ਤੇ ਸ੍ਰੀ ਰਾਮ ਮੰਦਰ ਜਨਮਭੂਮੀ ਤੀਰਥ ਖੇਤਰ ਟਰੱਸਟ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਅਤੇ ਰਾਮ ਮੰਦਰ ਸਬੰਧੀ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ ਗਿਆ। ਭਾਰੀ ਮੀਂਹ ਕਾਰਨ ਮੁੱਖ ਮੰਤਰੀ ਦੇ ਇਸ ਦੌਰੇ ਵਿੱਚ ਕਰੀਬ ਤਿੰਨ ਘੰਟੇ ਦੀ ਦੇਰ ਹੋਈ। ਉਨ੍ਹਾਂ ਪਹਿਲਾਂ ਜ਼ਿਲ੍ਹਾ ਹਸਪਤਾਲ ਦਾ ਦੌਰਾ ਕੀਤਾ ਅਤੇ ਹੋਰ ਗੈਰ ਕੋਵਿਡ ਮੈਡੀਕਲ ਸਹੂਲਤਾਂ ਦਾ ਜਾਇਜ਼ਾ ਲਿਆ। ਉਪਰੰਤ ਉਨ੍ਹਾਂ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਪ੍ਰਾਜੈਕਟਾਂ ਸਬੰਧੀ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਲੋਕਾਂ ਵੱਲੋਂ ਚੁਣੇ ਗਏ ਸਥਾਨਕ ਨੁਮਾਇੰਦੇ ਵੀ ਹਾਜ਼ਰ ਸਨ। ਉਨ੍ਹਾਂ ਰਾਮ ਮੰਦਰ ਤੇ ਹਨੂੰਮਾਨ ਗੜ੍ਹੀ ਮੰਦਰ ਵਿੱਚ ਪ੍ਰਾਰਥਨਾ ਵੀ ਕੀਤੀ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਦੌਰੇ ਦੌਰਾਨ ਸਕੂਲ ਫੀਸਾਂ ਸਬੰਧੀ ਕ ਮੰਗ ਪੱਤਰ ਸੌਂਪਣ ਤੋਂ ਰੋਕਣ ਲਈ ਸਕੂਲੀ ਬੱਚਿਆਂ ਦੇ ਮਾਪਿਆਂ ਦੀਆਂ ਜਥੇਬੰਦੀਆਂ ਦੇ ਕਾਰਕੁਨਾਂ ਤੇ ਆਗੂਆਂ ਨੂੰ ਅੱਜ ਘਰਾਂ ਵਿੱਚ ਹੀ ਡੱਕ ਦਿੱਤਾ ਗਿਆ। ਇਨ੍ਹਾਂ ਕਾਰਕੁਨਾਂ ਤੇ ਆਗੂਆਂ ਵੱਲੋਂ ਲੌਕਡਾਊਨ ਦੇ ਸਮੇਂ ਦੌਰਾਨ ਦੀਆਂ ਸਕੂਲ ਫੀਸਾਂ ਮੁਆਫ਼ ਕਰਨ ਸਬੰਧੀ ਇਕ ਮੰਗ ਪੱਤਰ ਮੁੱਖ ਮੰਤਰੀ ਨੂੰ ਸੌਂਪਿਆ ਜਾਣਾ ਸੀ।