ਲੰਡਨ -(ਸਮਾਜ ਵੀਕਲੀ)-ਰਾਜਵੀਰ ਸਮਰਾ- ਇੰਗਲੈਡ ਵਿਚ ਸੋਮਵਾਰ ਨੂੰ ਲਾਕਡਾਊਨ ਵਿਚਾਲੇ ਹੀ ਸਮਾਜਿਕ ਮੇਲ-ਜੋਲ ਤੋਂ ਦੂਰੀ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ ਪ੍ਰਾਇਮਰੀ ਸਕੂਲ ਖੋਲ੍ਹਣ ਦਾ ਐਲਾਨ ਕਰ ਦਿੱਤਾ ਗਿਆ ਹੈ। ਉਂਝ ਤਾਂ ਪਹਿਲਾਂ ਤੋਂ ਹੀ ਕੁਝ ਪ੍ਰਮੁੱਖ ਵਰਗਾਂ ਦੇ ਬੱਚਿਆਂ ਲਈ ਸਕੂਲ ਖੋਲ੍ਹੇ ਗਏ ਸਨ ਪਰ ਹੁਣ ਲੱਖਾਂ ਹੋਰ ਬੱਚੇ ਸਕੂਲ ਜਾ ਸਕਣਗੇ। ਹਾਲਾਂਕਿ ਸੰਭਾਵਨਾ ਹੈ ਕਿ ਕਈ ਪਰਿਵਾਰ ਕੋਰੋਨਾਵਾਇਰਸ ਦੇ ਦੂਜੇ ਦੌਰ ਦੇ ਖਤਰੇ ਦੇ ਮੱਦੇਜਨਜ਼ਰ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਭੇਜਣਗੇ।
ਬਿ੍ਰਟੇਨ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਕਾਰਨ ਹੁਣ ਤੱਕ 274,762 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 38,489 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਰੀਬ 4,285,738 ਲੋਕਾਂ ਦੇ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਉਥੇ ਹੀ ਬਿ੍ਰਟੇਨ ਦੇ ਵਪਾਰ ਮੰਤਰੀ ਆਲੋਕ ਸ਼ਰਮਾ ਨੇ ਆਖਿਆ ਕਿ ਸਰਕਾਰ ਕੋਰੋਨਾਵਾਇਰਸ ਲਾਕਡਾਊਨ ਵਿਚ ਢਿੱਲ ਦੇਣ ਦੀ ਦਿਸ਼ਾ ਵਿਚ ਬਹੁਤ ਸੁਚੇਤ ਅਤੇ ਅਸਥਾਈ ਕਦਮ ਚੁੱਕ ਰਹੀ ਹੈ ਅਤੇ ਇਨ੍ਹਾਂ ਦੀ ਸਮੀਖਿਆ ਕੀਤੀ ਜਾਂਦੀ ਰਹੇਗੀ।