ਲੰਡਨ (ਰਾਜਵੀਰ ਸਮਰਾ-ਸਮਾਜਵੀਕਲੀ) : ਕੋਰੋਨਾਵਾਇਰਸ ਦੇ ਕਾਰਨ ਲਾਕ ਡਾਊਨ ਦੇ ਚੱਲਦੇ ਹੋਰ ਦੇਸ਼ਾਂ ‘ਚ ਫਸੇ ਤਕਰੀਬਨ 16 ਹਜ਼ਾਰ ਤੋਂ ਜ਼ਿਆਦਾ ਬ੍ਰਿਟਿਸ਼ ਨਾਗਰਿਕ ਬ੍ਰਿਟੇਨ ਪਰਤ ਆਏ ਹਨ, ਜਿਨ੍ਹਾਂ ਵਿਚੋਂ ਲਗਭਗ ਅੱਧੇ ਲੋਕ ਭਾਰਤ ਤੋਂ ਵਾਪਸ ਆਏ ਹਨ। ਭਾਰਤ ਦੇ ਵੱਖ-ਵੱਖ ਸ਼ਹਿਰਾਂ ਤੋਂ 64 ਵਿਸ਼ੇਸ਼ ਉਡਾਣਾਂ ਰਾਹੀਂ ਇਨ੍ਹਾਂ ਨੂੰ ਇਥੇ ਲਿਆਂਦਾ ਗਿਆ ਹੈ। ਬ੍ਰਿਟੇਨ ਸਰਕਾਰ ਨੇ ਕਿਹਾ ਕਿ ਬੀਤੇ 38 ਦਿਨਾਂ ਵਿਚ ਲਗਭਗ 16,500 ਯਾਤਰੀ ਵਤਨ ਪਰਤੇ ਹਨ। ਇਨ੍ਹਾਂ ਵਿਚੋਂ ਭਾਰਤ ਦੀਆਂ 32 ਵੱਖ-ਵੱਖ ਥਾਵਾਂ ਤੋਂ ਪਰਤੇ ਬ੍ਰਿਟਿਸ਼ ਨਾਗਰਿਕ ਸ਼ਾਮਲ ਹਨ।
ਭਾਰਤ ਵਿਚ ਬ੍ਰਿਟੇਨ ਦੀ ਕਾਰਜਕਾਰੀ ਹਾਈ ਕਮਿਸ਼ਨਰ ਜੇਨ ਥੌਂਪਸਨ ਨੇ ਕਿਹਾ ਕਿ ਅੰਮ੍ਰਿਤਸਰ ਤੋਂ 300 ਤੋਂ ਜ਼ਿਆਦਾ ਲੋਕਾਂ ਨੂੰ ਲੈ ਕੇ ਇਕ ਜਹਾਜ਼ ਅੱਜ ਲੰਡਨ ਦੇ ਹੀਥਰੋ ਹਵਾਈ ਅੱਡੇ ‘ਤੇ ਆ ਜਾਵੇਗਾ। ਉਨ੍ਹਾਂ ਨੇ ਇਸ ਦੇ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਹੈ। ਥੌਂਪਸਨ ਨੇ ਕਿਹਾ ਕਿ ਬ੍ਰਿਟਿਸ਼ ਨਾਗਰਿਕਾਂ ਦੀ ਵਾਪਸੀ ਦੀ ਇਹ ਮੁਹਿੰਮ ਭਾਰਤ ਸਰਕਾਰ ਦੇ ਸ਼ਾਨਦਾਰ ਸਹਿਯੋਗ ਦੇ ਬਿਨਾਂ ਸੰਭਵ ਨਹੀਂ ਸਨ। ਕੋਰੋਨਾ ਵਾਇਰਸ ਦੇ ਖਿਲਾਫ ਜੰਗ ‘ਚ ਦੋਹਾਂ ਦੇਸ਼ਾਂ ਵਿਚਾਲੇ ਸਹਿਯੋਗ ਜਾਰੀ ਰਹਿਣਾ ਜ਼ਰੂਰੀ ਹੈ।