ਮੁੱਖ ਮੰਤਰੀ ਨੇ ਵੀਡੀਓ ਕਾਨਫਰੰਸ ਰਾਹੀਂ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਠੀਕ ਹੋਏ ਵਿਅਕਤੀਆਂ ਨਾਲ ਕੀਤੀ ਗੱਲਬਾਤ

*ਆਈਸੋਲੇਸ਼ਨ ਸੈਂਟਰ ਕਪੂਰਥਲਾ ਤੋਂ 12, ਪੀ. ਟੀ. ਯੂ ਤੋਂ 4 ਅਤੇ ਫਗਵਾੜਾ ਤੋਂ 5 ਮਰੀਜ਼ਾਂ ਨੂੰ ਮਿਲੀ ਛੁੱਟੀ
*ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਮਰੀਜ਼ਾਂ ਨਾਲ ਖਾਧਾ ਖਾਣਾ ਅਤੇ ਦਿੱਤੀਆਂ ਸ਼ੁੱਭ ਕਾਮਨਾਵਾਂ
*ਰਾਣਾ ਗੁਰਜੀਤ ਸਿੰਘ ਵੱਲੋਂ ਖਾਣਾ ਵਰਤਾਉਣ ਵਾਲੀ ਸਵੈ-ਚਾਲਤ ਵਿਸ਼ੇਸ਼ ਟਰਾਲੀ ਕੋਵਿਡ ਸੈਂਟਰ ਨੂੰ ਭੇਟ
*ਡਰੋਨ ਰਾਹੀਂ ਫੁੱਲਾਂ ਦੀ ਵਰਖਾ ਕਰਕੇ ਦਿੱਤੀ ਗਈ ਸ਼ਾਨਦਾਰ ਵਿਦਾਇਗੀ

 

 ਹੁਸੈਨਪੁਰ 16 ਮਈ (ਸਮਾਜਵੀਕਲੀ-ਕੌੜਾ) –  ਅੱਜ ਕਪੂਰਥਲਾ ਜ਼ਿਲੇ ਲਈ ਇਕ ਵੱਡੀ ਰਾਹਤ ਅਤੇ ਖੁਸ਼ੀ ਭਰੀ ਖ਼ਬਰ ਆਈ, ਜਦੋਂ ਇਥੋਂ 21 ਕੋਰੋਨਾ ਮਰੀਜ਼ ਸਿਹਤਯਾਬ ਹੋਣ ਉਪਰੰਤ ਆਪਣੇ ਘਰਾਂ ਨੂੰ ਪਰਤੇ। ਕੋਰੋਨਾ ’ਤੇ ਫਤਹਿ ਹਾਸਲ ਕਰਨ ਵਾਲੇ ਇਨਾਂ ਵਿਅਕਤੀਆਂ ਵਿਚੋਂ 12 ਨੂੰ ਆਈਸੋਲੇਸ਼ਨ ਸੈਂਟਰ ਕਪੂਰਥਲਾ, 4 ਨੂੰ ਪੀ. ਟੀ. ਯੂ ਅਤੇ 5 ਨੂੰ ਫਗਵਾੜਾ ਤੋਂ ਛੁੱਟੀ ਦਿੱਤੀ ਗਈ।

ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਪਹਿਲਕਦਮੀ ਸਦਕਾ ਆਈਸੋਲੇਸ਼ਨ ਵਾਰਡ ਕਪੂਰਥਲਾ ਤੋਂ ਛੁੱਟੀ ਦਿੱਤੇ ਜਾਣ ਵਾਲੇ ਵਿਅਕਤੀਆਂ ਨਾਲ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕੀਤੀ ਗਈ। ਇਸ ਦੌਰਾਨ ਮੁੱਖ ਮੰਤਰੀ ਨੇ ਕੋਰੋਨਾ ’ਤੇ ਫਤਹਿ ਪਾਉਣ ਵਾਲੇ ਵਿਅਕਤੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਵਿਧਾਇਕ ਰਾਣਾ ਗੁਰਜੀਤ ਸਿੰਘ, ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਕੋਰੋਨਾ ਨਾਲ ਜੰਗ ਦੀ ਇਸ ਔਖੀ ਘੜੀ ਵਿਚ ਨਿਭਾਈ ਜਾ ਰਹੀ ਸ਼ਾਨਦਾਰ ਭੂਮਿਕਾ ਦੀ ਸ਼ਲਾਘਾ ਕੀਤੀ।

ਉਨਾਂ ਕਿਹਾ ਕਿ ਜਲਦ ਹੀ ਅਸੀਂ ਇਸ ਜੰਗ ਵਿਚ ਫਤਹਿ ਹਾਸਲ ਕਰਾਂਗੇ। ਇਸ ਮੌਕੇ ਰਾਣਾ ਗੁਰਜੀਤ ਸਿੰਘ ਨੇ ਮੁੱਖ ਮੰਤਰੀ ਨੂੰ ਜ਼ਿਲੇ ਵਿਚ ਕੋਰੋਨਾ ਖਿਲਾਫ਼ ਲੜੀ ਜਾ ਰਹੀ ਜੰਗ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨਾਂ ਸ਼ੁਰੂ ਕੀਤੀ ਗਈ ਸੈਨੀਟਾਈਜ਼ੇਸ਼ਨ ਮੁਹਿੰਮ, ਸਿਵਲ ਹਸਪਤਾਲ ’ਚ ਮੈਡੀਕਲ ਸਟਾਫ ਦੀ ਸਹਾਇਤਾ ਲਈ ਤਾਇਨਾਤ ਕੀਤੀ ਗਈ ਵਲੰਟੀਅਰਾਂ ਦੀ ਟੀਮ ਅਤੇ ਹੋਰਨਾਂ ਕਾਰਜਾਂ ਬਾਰੇ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ।

ਸਿਹਤਯਾਬ ਹੋਏ ਮਰੀਜ਼ਾਂ ਵੱਲੋਂ ਉਨਾਂ ਦੇ ਵਧੀਆ ਇਲਾਜ, ਖਾਣ-ਪੀਣ ਅਤੇ ਹਰ ਤਰਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਗਿਆ ਅਤੇ ਉਨਾਂ ਨੂੰ ਚੜਦੀ ਕਲਾ ਵਿਚ ਰੱਖਣ ਲਈ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਕੀਤੇ ਅਣਥੱਕ ਯਤਨਾਂ ਬਾਰੇ ਦੱਸਿਆ।

ਸਿਹਤਯਾਬ ਹੋਏ ਵਿਅਕਤੀਆਂ ਨੂੰ ਘਰਾਂ ਲਈ ਰਵਾਨਾ ਕਰਨ ਤੋਂ ਪਹਿਲਾਂ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਉਨਾਂ ਨਾਲ ਦੁਪਹਿਰ ਦਾ ਖਾਣਾ ਖਾਧਾ। ਉਨਾਂ ਕਿਹਾ ਕਿ ਸਾਨੂੰ ਕੋਰੋਨਾ ਬਿਮਾਰੀ ਨਾਲ ਨਫਰਤ ਕਰਨੀ ਚਾਹੀਦੀ ਹੈ, ਨਾ ਕਿ ਕੋਰੋਨਾ ਮਰੀਜ਼ਾਂ ਨਾਲ। ਉਨਾਂ ਕਿਹਾ ਕਿ ਇਸ ਸਬੰਧੀ ਸਾਰੇ ਸਮਾਜ ਨੂੰ ਜਾਗਰੂਕ ਹੋਣ ਦੀ ਲੋੜ ਹੈ।

ਇਸ ਦੌਰਾਨ ਉਨਾਂ ਕੋਵਿਡ ਸੈਂਟਰ ਲਈ ਸਵੈ-ਚਾਲਿਤ ਖਾਣਾ ਵਰਤਾਉਣ ਵਾਲੀ ਇਕ ਵਿਸ਼ੇਸ਼ ਟਰਾਲੀ ‘ਫੂਡ ਆਨ ਵੀਲ’ ਭੇਟ ਕੀਤੀ। ਰਿਮੋਟ ਨਾਲ ਚੱਲਣ ਵਾਲੀ ਇਸ ਟਰਾਲੀ ਜ਼ਰੀਏ ਮਰੀਜ਼ਾਂ ਨਾਲ ਸੰਪਰਕ ਵਿਚ ਆਏ ਬਗੈਰ ਉਨਾਂ ਨੂੰ ਆਸਾਨੀ ਨਾਲ ਖਾਣਾ ਵਰਤਾਇਆ ਜਾ ਸਕਦਾ ਹੈ। ਰਾਣਾ ਗੁਰਜੀਤ ਸਿੰਘ ਨੇ ਇਸ ਮੌਕੇ ਦੱਸਿਆ ਕਿ ਇਹ ਵਿਸ਼ੇਸ਼ ਟਰਾਲੀ ਸ. ਦਵਿੰਦਰ ਪਾਲ ਸਿੰਘ ਰੰਗਾ ਵੱਲੋਂ ਤਿਆਰ ਕੀਤੀ ਗਈ ਹੈ ਅਤੇ ਅਜਿਹੀਆਂ ਹੋਰ ਟਰਾਲੀਆਂ ਵੀ ਲਾਂਚ ਕੀਤੀਆਂ ਜਾਣਗੀਆਂ।

ਕੋਰੋਨਾ ’ਤੇ ਫਤਹਿ ਹਾਸਲ ਕਰਨ ਵਾਲਿਆਂ ਵੱਲੋਂ ਰਵਾਨਗੀ ਮੌਕੇ ਜੈਕਾਰੇ ਗੂੰਜਾਏ ਗਏ। ਖੁਸ਼ਮਈ ਮਾਹੌਲ ਵਿਚ ਉਨਾਂ ਨੂੰ ਗੁਲਦਸਤੇ ਭੇਟ ਕਰਕੇ ਸ਼ਾਨਦਾਰ ਵਿਦਾਇਗੀ ਦਿੱਤੀ ਗਈ ਅਤੇ ਇਸ ਦੌਰਾਨ ਡਰੋਨ ਰਾਹੀਂ ਕੀਤੀ ਗਈ ਫੁੱਲਾਂ ਦੀ ਵਰਖਾ ਦਾ ਨਜ਼ਾਰਾ ਵੇਖਣਯੋਗ ਸੀ। ਵਿਧਾਇਕ ਰਾਣਾ ਗੁਰਜੀਤ ਸਿੰਘ, ਸਿਵਲ ਸਰਜਨ ਡਾ. ਜਸਮੀਤ ਬਾਵਾ, ਮੈਡੀਕਲ ਸਟਾਫ ਅਤੇ ਹੋਰਨਾਂ ਸ਼ਖਸੀਅਤਾਂ ਵੱਲੋਂ ਉਨਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ ਅਤੇ ਉਨਾਂ ਦੇ ਰੋਸ਼ਨ ਭਵਿੱਖ ਦੀ ਕਾਮਨਾ ਕੀਤੀ ਗਈ।

ਰਾਣਾ ਗੁਰਜੀਤ ਸਿੰਘ ਨੇ ਇਸ ਔਖੀ ਘੜੀ ਵਿਚ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਕੀਤੀ ਜਾ ਰਹੀ ਦਿਨ-ਰਾਤ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਆਈਸੋਲੇਸ਼ਨ ਵਾਰਡ ਵਿਚ ਤਾਇਨਾਤ ਮੈਡੀਕਲ ਅਤੇ ਪੈਰਾ ਮੈਡੀਕਲ ਟੀਮ ਨੂੰ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ।

ਇਸ ਮੌਕੇ ਡਾ. ਸੰਦੀਪ ਧਵਨ, ਡਾ. ਸੰਦੀਪ ਭੋਲਾ, ਡਾ. ਰਾਜੀਵ ਭਗਤ, ਸ. ਅਮਰਜੀਤ ਸਿੰਘ ਸੈਦੋਵਾਲ, ਸ੍ਰੀ ਵਿਸ਼ਾਲ ਸੋਨੀ, ਸ. ਦਵਿੰਦਰ ਪਾਲ ਸਿੰਘ ਰੰਗਾ, ਸ੍ਰੀ ਨਰਿੰਦਰ ਸਿੰਘ ਮੰਨਸੂ, ਸ. ਮਨਪ੍ਰੀਤ ਸਿੰਘ ਮਾਂਗਟ, ਸ੍ਰੀ ਕਰਨ ਮਹਾਜਨ, ਸ੍ਰੀ ਕੁਲਦੀਪ ਸ਼ਰਮਾ, ਸ੍ਰੀ ਰਾਜੀਵ ਗੁਪਤਾ, ਸ੍ਰੀ ਸ਼ੈਰੀ ਤੋਂ ਇਲਾਵਾ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਹਾਜ਼ਰ ਸੀ।

Previous articleਰੋਜ਼ੇ ਵਾਰਸ਼ / ਟੱਪੇ
Next articleਯੂ.ਕੇ ਚ ਘਰਾ ਨੂੰ ਪਰਤੇ 16,500 ਨਾਗਰਿਕ ਅੱਧੇ ਤੋਂ ਜਿਆਦਾ ਲੋਕ ਭਾਰਤ ਤੋਂ