ਬਰਤਾਨਵੀ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਅੱਜ ਕਿਹਾ ਕਿ ਉਨ੍ਹਾਂ ਦੇ ਮੁਲਕ ਵੱਲੋਂ ਯੂਰੋਪੀਅਨ ਯੂਨੀਅਨ (ਈਯੂ) ’ਚੋਂ ਬਾਹਰ ਹੋਣਾ ਕੋਈ ਅੰਤ ਨਹੀਂ ਬਲਕਿ ਯੂਕੇ ਦੇ ਲੋਕਾਂ ਲਈ ਨਵੇਂ ਯੁੱਗ ਦੇ ਸਵੇਰੇ ਦਾ ਆਗਾਜ਼ ਹੈ। ਅੱਜ ਦਾ ਦਿਨ ਕਾਫ਼ੀ ਅਹਿਮ ਹੈ ਕਿਉਂਕਿ ਯੂਕੇ ਨੇ ਆਖਿਰਕਾਰ ਯੂਰੋਪੀਅਨ ਸੰਘ ਨਾਲੋਂ ਅਧਿਕਾਰਤ ਤੌਰ ’ਤੇ ਤੋੜ-ਵਿਛੋੜਾ ਕਰ ਲਿਆ ਹੈ। ਕੰਜ਼ਰਵੇਟਿਵ ਪਾਰਟੀ ਦੇ ਆਗੂ ਜੌਹਨਸਨ, ਜਿਨ੍ਹਾਂ ਪਿਛਲੇ ਸਾਲ ਯੂਕੇ ਦੇ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ ਸੀ, ਨੇ ਡਾਊਨਿੰਗ ਸਟਰੀਟ ਵਿੱਚ ਇਕ ਦਿਨ ਪਹਿਲਾਂ ਰਿਕਾਰਡ ਕੀਤੇ ਵੀਡੀਓ ਸੁਨੇਹੇ(ਜਿਸ ਨੂੰ ਅੱਜ ਅਧਿਕਾਰਤ ਤੌਰ ’ਤੇ ਰਿਲੀਜ਼ ਕੀਤਾ ਗਿਆ) ਵਿੱਚ ਮੁਲਕ ਲਈ ਇਸ ਨਵੀਂ ਸ਼ੁਰੂਆਤ ਨੂੰ ਇਤਿਹਾਸਕ ਪਲ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ, ‘ਇਹ ਉਹ ਪਲ ਜਦੋਂ ਸਵੇਰਾ ਚੜ੍ਹੇਗਾ ਤੇ ਨਵੇਂ ਐਕਟ ਬਾਰੇ ਪਰਦਾ ਚੁੱਕਿਆ ਜਾਵੇਗਾ। ਇਹ ਮੁਲਕ ਵਿੱਚ ਤਬਦੀਲੀ ਦਾ ਅਸਲ ਪਲ ਹੈ। ਸਰਕਾਰ ਵਜੋਂ ਸਾਡੀ ਜ਼ਿੰਮੇਵਾਰੀ…ਮੇਰਾ ਕੰਮ….ਦੇਸ਼ ਨੂੰ ਇਕਜੁਟ ਕਰਕੇ ਅੱਗੇ ਲਿਜਾਣਾ ਹੈ। ਪਰ ਸਭ ਤੋਂ ਅਹਿਮ ਹੈ ਕਿ ਇਹ ਅੰਤ ਨਹੀਂ ਬਲਕਿ ਨਵੀਂ ਸ਼ੁਰੂਆਤ ਹੈ।’
ਇਸ ਦੌਰਾਨ ਈਯੂ ਦੇ ਤਿੰਨ ਸਿਖਰਲੇ ਅਧਿਕਾਰੀਆਂ ਨੇ ਬਰਤਾਨੀਆ ਨੂੰ ਚੇਤਾਵਨੀ ਦਿੱਤੀ ਕਿ ਸੰਘ ’ਚੋਂ ਲਾਂਭੇ ਹੋਣ ਮਗਰੋਂ ਉਸ ਨੂੰ ਮੈਂਬਰ ਮੁਲਕਾਂ ਨਾਲ ਨੇੜਲੇ ਰਿਸ਼ਤਿਆਂ ਦਾ ਲਾਹਾ ਨਹੀਂ ਮਿਲੇਗਾ। ਉਧਰ ਬਰਤਾਨੀਆ ਵਿਚਲੇ ਭਾਰਤੀ ਕਾਰੋਬਾਰੀਆਂ ਨੇ ਕਿਹਾ ਕਿ ਯੂਰੋਪੀਅਨ ਯੂਨੀਅਨ ਤੋਂ ਲਾਂਭੇ ਹੋਣ ਮਗਰੋਂ ਭਾਰਤ-ਯੂਕੇ ਸਬੰਧ ਮਜ਼ਬੂਤ ਹੋਣਗੇ।
INDIA ਯੂਰੋਪੀਅਨ ਸੰਘ ਤੋਂ ਤੋੜ-ਵਿਛੋੜਾ ਨਵੇਂ ਯੁੱਗ ਦਾ ਸਵੇਰਾ: ਜੌਹਨਸਨ