ਜੰਮੂ ਕਸ਼ਮੀਰ ਦੇ ਹਾਲਾਤ ਦਾ ਜਾਇਜ਼ਾ ਲੈਣ ਲਈ ਇੱਥੇ ਪੁੱਜੇ ਯੂਰਪੀ ਸੰਘ ਦੇ 23 ਕਾਨੂੰਨਸਾਜ਼ਾਂ ਦੇ ਵਫ਼ਦ ਦੀ ਆਮਦ ਮੌਕੇ ਅਤਿਵਾਦੀਆਂ ਵੱਲੋਂ ਕੀਤੀ ਕਾਰਵਾਈ ’ਚ ਪੱਛਮੀ ਬੰਗਾਲ ਦੇ 6 ਮਜ਼ਦੂਰ ਮਾਰੇ ਗਏ। ਅੱਜ ਵਾਦੀ ਵਿੱਚ ਕਰਫਿਊ ਵਰਗੀ ਸਥਿਤੀ ਸੀ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਲੋਕਾਂ ਤੇ ਸੁਰੱਖਿਆ ਬਲਾਂ ਵਿਚਾਲੇ ਹੋਈਆਂ ਝੜਪਾਂ ਕਾਰਨ ਕਾਰੋਬਾਰੀ ਅਦਾਰੇ ਅਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਰਹੀ।
ਸੁਰੱਖਿਆਂ ਵਾਹਨਾਂ ਦੇ ਕਾਫ਼ਲੇ ਵਲੋਂ ਕਾਨੂੰਨਸਾਜ਼ਾਂ ਦੇ ਵਫ਼ਦ ਨੂੰ ਬੁਲੇਟ ਪਰੂਫ ਜੀਪਾਂ ਰਾਹੀਂ ਹਵਾਈ ਅੱਡੇ ਤੋਂ ਹੋਟਲ ਪਹੁੰਚਾਇਆ ਗਿਆ, ਜਿੱਥੇ ਰਵਾਇਤੀ ਕਸ਼ਮੀਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਕਤਰਾਸੂ ਵਿੱਚ ਦਹਿਸ਼ਤਗਰਦ ਸ਼ਾਮ ਸਮੇਂ ਇਕ ਘਰ ਵਿੱਚ ਦਾਖ਼ਲ ਹੋਏ ਤੇ ਉਥੇ ਰਹਿੰਦੇ ਪਰਵਾਸੀ ਮਜ਼ਦੂਰਾਂ ’ਤੇ ਅੰਨ੍ਹੇਵਾਹ ਫਾਇਰਿੰਗ ਕੀਤੀ। ਮਜ਼ਦੂਰ ਇਥੇ ਕਿਰਾਏ ’ਤੇ ਰਹਿੰਦੇ ਸੀ। ਇਨ੍ਹਾਂ ਵਿੱਚੋਂ ਪੰਜ ਮਜ਼ਦੂਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਛੇਵੇਂ ਮਜ਼ਦੂਰ ਨੇ ਹਸਪਤਾਲ ਲਿਜਾਂਦਿਆਂ ਰਾਹ ’ਚ ਦਮ ਤੋੜਿਆ। ਸਾਰੇ ਮਜ਼ਦੂਰ ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਨਾਲ ਸਬੰਧਤ ਦੱਸੇ ਜਾਂਦੇ ਹਨ। ਇਨ੍ਹਾਂ ਵਿੱਚੋਂ ਤਿੰਨ ਦੀ ਪਛਾਣ ਕਮਰਦੀਨ, ਮੁਰਸਾਲੀਨ ਤੇ ਰਫ਼ੀਕ ਵਜੋਂ ਹੋਈ ਹੈ। ਚੇਤੇ ਰਹੇ ਕਿ ਜੰਮੂ ਤੇ ਕਸ਼ਮੀਰ ’ਚੋਂ ਧਾਰਾ 370 ਮਨਸੂਖ਼ ਕਰਨ ਮਗਰੋਂ ਦਹਿਸ਼ਤਗਰਦਾਂ ਨੇ ਪਿਛਲੇ ਦਿਨਾਂ ਵਿੱਚ ਮੁੱਖ ਤੌਰ ’ਤੇ ਉਨ੍ਹਾਂ ਟਰੱਕ ਡਰਾਈਵਰਾਂ, ਫਲ ਵਪਾਰੀਆਂ ਤੇ ਮਜ਼ਦੂਰਾਂ ਨੂੰ ਨਿਸ਼ਾਨਾ ਬਣਾਇਆ ਹੈ, ਜੋ ਕਸ਼ਮੀਰ ਵਾਦੀ ਵਿੱਚ ਬਾਹਰੋਂ ਆ ਰਹੇ ਹਨ। ਸੂਤਰਾਂ ਨੇ ਕਿਹਾ ਕਿ ਸੁਰੱਖਿਆ ਦਸਤਿਆਂ ਨੇ ਖੇਤਰ ਨੂੰ ਘੇਰਾ ਪਾ ਕੇ ਹਾਈ ਅਲਰਟ ਜਾਰੀ ਕਰ ਦਿੱਤਾ ਹੈ।
ਵਾਦੀ ਦੇ ਦੋ ਰੋਜ਼ਾ ਦੌਰੇ ਲਈ ਪੁੱਜੇ ਇਸ ਉੱਚ ਪੱਧਰੀ ਵਫ਼ਦ ਨੂੰ ਜੰਮੂ ਕਸ਼ਮੀਰ ਦੇ ਮੁੱਖ ਸਕੱਤਰ ਬੀ.ਵੀ.ਆਰ. ਸੁਬਰਾਮਨੀਅਮ ਅਤੇ ਪੁਲੀਸ ਮੁਖੀ ਦਿਲਬਾਗ ਸਿੰਘ ਨੇ ਹਾਲਾਤ ਬਾਰੇ ਜਾਣਕਾਰੀ ਦਿੱਤੀ। ਵਫ਼ਦ ਨੇ ਇੱਥੇ ਪੰਜ-ਤਾਰਾ ਹੋਟਲ ਵਿੱਚ ਨਵੇਂ ਚੁਣੇ ਗਏ ਪੰਚਾਇਤ ਮੈਂਬਰਾਂ ਤੇ ਕੌਂਸਲਰਾਂ ਸਣੇ ਆਮ ਲੋਕਾਂ ਨਾਲ ਵੀ ਗੱਲਬਾਤ ਕੀਤੀ। ਯੂਰਪੀ ਕਾਨੂੰਨਸਾਜ਼ਾਂ ਨੇ ਸ਼ਹਿਰ ਦੀ ਮਸ਼ਹੂਰ ਡੱਲ ਝੀਲ ਵਿੱਚ ਕੁਝ ਸਮੇਂ ਲਈ ਬੋਟਿੰਗ ਵੀ ਕੀਤੀ। ਇਹ ਕਾਨੂੰਨਸਾਜ਼ ਹੋਟਲ ਸੈਂਟੂਰ ਦੇ ਐਨ ਨੇੜੇ ਹੀ ਬੋਟਿੰਗ ਕਰ ਰਹੇ ਸਨ। ਇਸ ਹੋਟਲ ਵਿੱਚ ਬੀਤੀ 5 ਅਗਸਤ ਤੋਂ 30 ਤੋਂ ਵੱਧ ਸਿਆਸਤਦਾਨ ਅਤੇ ਕਾਰਕੁਨ ਨਜ਼ਰਬੰਦ ਹਨ। ਵਫ਼ਦ ਵਿੱਚ ਸ਼ਾਮਲ ਫਰਾਂਸ ਦੇ ਸੰਸਦ ਮੈਂਬਰ ਵਰਜੀਨੀ ਜੋਰੋਨ ਨੇ ਕਿਹਾ, ‘‘ਇਹ ਫੇਰੀ ਚੰਗੀ ਹੈ ਅਤੇ ਸਾਨੂੰ ਕਸ਼ਮੀਰ ਦੇ ਹਾਲਾਤ ਬਾਰੇ ਪਤਾ ਲੱਗਿਆ ਹੈ। ਸਾਨੂੰ ਸਥਾਨਕ ਲੋਕਾਂ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ।’’ ਯੂਰਪੀ ਵਫ਼ਦ ਨਾਲ ਮੁਲਾਕਾਤ ਬਾਰੇ ਬਾਰਾਮੁੱਲਾ ਦੇ ਡਿਪਟੀ ਮੇਅਰ ਆਬਿਦ ਸਲਾਮ ਨੇ ਕਿਹਾ ਕਿ ਸਾਨੂੰ ਆਪਣੇ ਵਿਚਾਰ ਸਾਂਝੇ ਕਰਨ ਲਈ ‘ਵਧੀਆ ਮੰਚ’ ਮਿਲਿਆ ਅਤੇ ਅਸੀਂ ਕਸ਼ਮੀਰ ਵਿੱਚ ਵਿਕਾਸ ਅਤੇ ਸ਼ਾਂਤੀ ਚਾਹੁੰਦੇ ਹਾਂ। ਅਧਿਕਾਰੀਆਂ ਨੇ ਦੱਸਿਆ ਕਿ ਵਾਦੀ ਦੇ ਵੱਖ-ਵੱਖ ਹਿੱਸਿਆਂ ਵਿੱਚ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆਂ ਬਲਾਂ ਵਿਚਾਲੇ ਹੋਈਆਂ ਝੜਪਾਂ ਵਿੱਚ ਘੱਟੋ-ਘੱਟ ਚਾਰ ਲੋਕ ਜ਼ਖ਼ਮੀ ਹੋ ਗਏ, ਜਿਸ ਕਾਰਨ ਸ਼ਹਿਰ ਪੂਰੀ ਤਰ੍ਹਾਂ ਬੰਦ ਹੈ। ਸ੍ਰੀਨਗਰ ਦੇ ਡਾਊਨਟਾਊਨ ਸ੍ਰੀਨਗਰ ਤੇ 90 ਫੁੱਟੀ ਸੜਕ ਸਣੇ ਪੰਜ ਵੱਖ-ਵੱਖ ਥਾਵਾਂ ’ਤੇ ਲੋਕਾਂ ਨੇ ਜਾਮ ਲਾਏ। ਦੁਕਾਨਾਂ ਅਤੇ ਕਾਰੋਬਾਰੀ ਅਦਾਰੇ ਬੰਦ ਰੱਖੇ ਗਏ ਅਤੇ ਝੜਪਾਂ ਕਾਰਨ ਆਵਾਜਾਈ ਵੀ ਠੱਪ ਰਹੀ।
ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਹਫ਼ਤਿਆਂ ਤੋਂ ਰੇਹੜੀਆਂ-ਫੜ੍ਹੀਆ ਲਾ ਰਹੇ ਵਿਕਰੇਤਾ ਵੀ ਮੰਗਲਵਾਰ ਨੂੰ ਨਹੀਂ ਆਏ। ਦਸਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਤਾਂ ਸਮੇਂ ਸਿਰ ਹੋਈ ਪ੍ਰੰਤੂ ਚਿੰਤਤ ਮਾਪੇ ਪ੍ਰੀਖਿਆ ਕੇਂਦਰਾਂ ਦੇ ਬਾਹਰ ਖੜ੍ਹੇ ਆਪਣੇ ਬੱਚਿਆਂ ਦਾ ਇੰਤਜ਼ਾਰ ਕਰਦੇ ਰਹੇ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਬੀਤੀ 5 ਅਗਸਤ ਨੂੰ ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ ਅਤੇ ਸੂਬੇ ਨੂੰ ਦੋ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡੇ ਜਾਣ ਦੇ ਲਏ ਗਏ ਫ਼ੈਸਲੇ ਮਗਰੋਂ ਪਹਿਲੀ ਵਾਰ ਕਿਸੇ ਉੱਚ ਪੱਧਰੀ ਵਿਦੇਸ਼ੀ ਵਫ਼ਦ ਨੇ ਵਾਦੀ ਦਾ ਦੌਰਾ ਕੀਤਾ ਹੈ। ਪਹਿਲਾਂ ਯੂਰਪੀ ਸੰਘ ਦੇ 27 ਕਾਨੂੰਨਸਾਜ਼ਾਂ ਨੇ ਕਸ਼ਮੀਰ ਦਾ ਦੌਰਾ ਕਰਨਾ ਸੀ ਪ੍ਰੰਤੂ ਅੱਜ ਚਾਰ ਕਾਨੂੰਨਸਾਜ਼ ਵਾਦੀ ਵਿੱਚ ਨਹੀਂ ਆਏ, ਅਧਿਕਾਰੀਆਂ ਨੇ ਵਧੇਰੇ ਵੇਰਵੇ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਆਪੋ-ਆਪਣੇ ਮੁਲਕਾਂ ਨੂੰ ਪਰਤ ਗਏ ਹਨ। ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਵਫ਼ਦ ਦੇ 27 ਮੈਂਬਰਾਂ ਲਈ ਦੁਪਹਿਰ ਦੇ ਖਾਣੇ ਦੀ ਮੇਜ਼ਬਾਨੀ ਕੀਤੀ ਸੀ ਅਤੇ ਜੰਮੂ ਕਸ਼ਮੀਰ ਦੇ ਹਾਲਾਤ ਬਾਰੇ ਜਾਣਕਾਰੀ ਦਿੱਤੀ ਸੀ।