ਸਾਊਦੀ ਅਰਬ ਦੇ ਚੋਟੀ ਦੇ ਮੰਤਰੀਆਂ ਵਲੋਂ ਮੋਦੀ ਨਾਲ ਮੁਲਾਕਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਊਦੀ ਅਰਬ ਦੇ ਬਾਦਸ਼ਾਹ ਸਲਮਾਨ ਬਿਨ ਅਬਦੁੱਲਅਜ਼ੀਜ਼ ਅਲ ਸੌਦ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਦੁਵੱਲੇ ਸਬੰਧਾਂ ਦੀ ਮਜ਼ਬੂਤੀ ਬਾਰੇ ਚਰਚਾ ਕੀਤੀ। ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਟਵੀਟ ਕੀਤਾ, ‘‘ਸਦੀਆਂ ਪੁਰਾਣੀ ਸਾਂਝ ਦਾ ਝਲਕਾਰਾ ਦਿੰਦਾ ਰਿਸ਼ਤਾ! ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਾਊਦੀ ਅਰਬ ਦੇ ਬਾਦਸ਼ਾਹ ਸਲਮਾਨ ਵਲੋਂ ਨਿੱਘਾ ਸਵਾਗਤ ਕੀਤਾ ਗਿਆ।’’
ਇਸ ਤੋਂ ਪਹਿਲਾਂ ਊਰਜਾ ਮੰਤਰੀ ਸ਼ਹਿਜ਼ਾਦਾ ਅਬਦੁਲਅਜ਼ੀਜ਼ ਬਿਨ ਸਲਮਾਨ, ਲੇਬਰ ਅਤੇ ਸਮਾਜ ਭਲਾਈ ਬਾਰੇ ਮੰਤਰੀ ਅਹਿਮਦ ਬਿਨ ਸੁਲੇਮਾਨ ਅਲਰਾਝੀ ਅਤੇ ਵਾਤਾਵਰਨ, ਜਲ ਤੇ ਖੇਤੀਬਾੜੀ ਮੰਤਰੀ ਅਬਦੁਲਰਹਿਮਾਨ ਬਿਨ ਅਬਦੁਲਮੋਹਸਿਨ ਅਲ-ਫਾਦਲੇ ਵਲੋਂ ਸਾਊਦੀ ਅਰਬ ਦੀ ਰਾਜਧਾਨੀ ਵਿੱਚ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ ਗਈ। ਮੀਟਿੰਗ ਦੌਰਾਨ ਦੋਵਾਂ ਆਗੂਆਂ ਨੇ ‘‘ਦੋਵਾਂ ਮੁਲਕਾਂ ਵਿਚਾਲੇ ਊਰਜਾ ਸਹਿਯੋਗ ਸਬੰਧਾਂ ਨੂੰ ਬਿਹਤਰ ਬਣਾਉਣ ਬਾਰੇ ਗੱਲਬਾਤ ਕੀਤੀ।’’ ਇਹ ਮੁਲਾਕਾਤ ਇਸ ਕਰਕੇ ਅਹਿਮ ਹੈ ਕਿਉਂਕਿ ਦੋਵਾਂ ਮੁਲਕਾਂ ਨੇ ਮਹਾਰਾਸ਼ਟਰ ਦੇ ਰਾਏਗੜ੍ਹ ਵਿੱਚ ਪੱਛਮੀ ਬੰਦਰਗਾਹ ਰਿਫਾਇਨਰੀ ਪ੍ਰਾਜੈਕਟ ’ਤੇ ਅੱਗੇ ਕੰਮ ਕਰਨ ਦਾ ਫ਼ੈਸਲਾ ਲਿਆ ਹੈ। ਇਸ ਪ੍ਰਾਜੈਕਟ ਲਈ ਸਾਊਦੀ ਦੀ ਵੱਡੀ ਤੇਲ ਕੰਪਨੀ ਅਰਾਮਕੋ, ਯੂਏਈ ਦੀ ਅਬੂ ਧਾਬੀ ਨੈਸ਼ਨਲ ਆਇਲ ਕੰਪਨੀ ਅਤੇ ਭਾਰਤ ਦੀਆਂ ਨਿੱਜੀ ਖੇਤਰ ਦੀਆਂ ਤੇਲ ਫ਼ਰਮਾਂ ਵਲੋਂ ਨਿਵੇਸ਼ ਕੀਤਾ ਜਾਣਾ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਅੱਗੇ ਟਵੀਟ ਕੀਤਾ, ‘‘ਬਿਹਤਰ ਭਵਿੱਖ ਲਈ ਸਰੋਤਾਂ ਦੀ ਸੰਜਮ ਨਾਲ ਵਰਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸਾਊਦੀ ਅਰਬ ਦੇ ਵਾਤਾਵਰਨ, ਜਲ ਅਤੇ ਖੇਤੀਬਾੜੀ ਮੰਤਰੀ ਨਾਲ ਮੁਲਾਕਾਤ ਕੀਤੀ ਗਈ।’’ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ ਸਾਊਦੀ ਦੇ ਮੰਤਰੀ ਨਾਲ ਖੇਤੀਬਾੜੀ, ਫੂਡ ਪ੍ਰੋਸੈਸਿੰਗ ਅਤੇ ਜਲ ਤਕਨੀਕਾਂ ਦੇ ਨਵੇਂ ਖੇਤਰਾਂ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ ਬਾਰੇ ਲਾਹੇਵੰਦ ਚਰਚਾ ਕੀਤੀ ਗਈ।
ਮੋਦੀ ਨੇ ਲੇਬਰ ਅਤੇ ਸਮਾਜ ਭਲਾਈ ਮੰਤਰੀ ਨਾਲ ਲੇਬਰ ਸਬੰਧੀ ਮੁੱਦਿਆਂ ’ਤੇ ਚਰਚਾ ਕੀਤੀ। ਪ੍ਰਧਨ ਮੰਤਰੀ ਮੋਦੀ ਸੋਮਵਾਰ ਦੀ ਦੇਰ ਰਾਤ ਦੋ ਰੋਜ਼ਾ ਦੌਰੇ ਲਈ ਸਾਊਦੀ ਅਰਬ ਪਹੁੰਚੇ। ਉਹ ਨਿਵੇਸ਼ ਖੇਤਰ ਵਿਚ ਪਹਿਲਾਂ ਬਾਰੇ ਵਿੱਤੀ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਪਹੁੰਚੇ ਹਨ।

Previous articleਯੂਰਪੀ ਵਫ਼ਦ ਦੀ ਆਮਦ ’ਤੇ ਦਹਿਸ਼ਤੀ ਹਮਲਾ
Next articleਕੈਪਟਨ ਨੇ ਫਸਲੀ ਚੱਕਰ ਬਦਲਣ ਲਈ ਵਿਸ਼ਵ ਬੈਂਕ ਤੋਂ ਮਦਦ ਮੰਗੀ