ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖ਼ਿਲੇਸ਼ ਯਾਦਵ ਨੇ ਅੱਜ ਦਾਅਵਾ ਕੀਤਾ ਹੈ ਕਿ ਉੱਤਰ ਪ੍ਰਦੇਸ਼ ਵਿਚ ਨਾਗਰਿਕਤਾ ਸੋਧ ਐਕਟ ਖ਼ਿਲਾਫ਼ ਹੋਏ ਮੁਜ਼ਾਹਰਿਆਂ ਵਿਚ ਹੋਈਆਂ ਸਾਰੀਆਂ ਮੌਤਾਂ ਪੁਲੀਸ ਦੀ ਗੋਲੀ ਨਾਲ ਹੋਈਆਂ ਹਨ। ਉਨ੍ਹਾਂ ਦੋਸ਼ ਲਾਇਆ ਹੈ ਕਿ ਐਕਟ ਦੇ ਸਮਰਥਨ ਲਈ ਭਾਜਪਾ ਵੱਲੋਂ ਵਿੱਢੀ ਮੁਹਿੰਮ ਲੋਕਾਂ ਨੂੰ ‘ਗੁਮਰਾਹ’ ਕਰਨ ਵਾਲੀ ਹੈ। ਅਖ਼ਿਲੇਸ਼ ਨੇ ਅੱਜ ਲਖ਼ਨਊ ਵਿਚ ਰੋਸ ਪ੍ਰਦਰਸ਼ਨਾਂ ਦੌਰਾਨ ਮਾਰੇ ਗਏ ਮੁਹੰਮਦ ਵਕੀਲ ਦੇ ਘਰ ਦਾ ਦੌਰਾ ਕੀਤਾ। ਅਖ਼ਿਲੇਸ਼ ਨੇ ਕਿਹਾ ਕਿ ਵਕੀਲ ਪ੍ਰਦਰਸ਼ਨਾਂ ਵਿਚ ਸ਼ਾਮਲ ਹੀ ਨਹੀਂ ਸੀ। ਸਰਕਾਰ ਜਾਂਚ ਕਰੇ ਕਿ ਉਸ ਨੂੰ ਕਿਸ ਨੇ ਗੋਲੀ ਮਾਰੀ। ਪੁਲੀਸ ਕੋਲ ਹੁਣ ਪੋਸਟਮਾਰਟਮ ਰਿਪੋਰਟ ਹੈ। ਯਾਦਵ ਨੇ ਵਕੀਲ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ, ਘਰ ਤੇ ਨੌਕਰੀ ਦੇਣ ਦੀ ਮੰਗ ਕੀਤੀ ਹੈ। ਅਖ਼ਿਲੇਸ਼ ਨੇ ਕਿਹਾ ਕਿ ਜਾਨ ਗੁਆਉਣ ਵਾਲੇ ਸਾਰਿਆਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਯੂਪੀ ਪੁਲੀਸ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਕੋਈ ਮੌਤ ਪੁਲੀਸ ਦੀ ਗੋਲੀ ਨਹੀਂ ਹੋਈ ਹਾਲਾਂਕਿ ਬਾਅਦ ਵਿਚ ਕੁਝ ਮੌਤਾਂ ਪੁਲੀਸ ਫਾਇਰਿੰਗ ਨਾਲ ਹੋਣ ਦੀ ਗੱਲ ਮੰਨੀ ਸੀ ਤੇ ਕਿਹਾ ਸੀ ਕਿ ਪੁਲੀਸ ਨੇ ‘ਸਵੈ-ਰੱਖਿਆ’ ਲਈ ਗੋਲੀ ਚਲਾਈ। ਸਰਕਾਰੀ ਅਧਿਕਾਰੀਆਂ ਮੁਤਾਬਕ ਸੂਬੇ ਵਿਚ 19 ਮੌਤਾਂ ਹੋਈਆਂ ਹਨ ਜਦਕਿ ਵਿਰੋਧੀ ਪਾਰਟੀਆਂ ਵੱਧ ਗਿਣਤੀ ਦੱਸ ਰਹੀਆਂ ਹਨ। ਯਾਦਵ ਨੇ ਕਿਹਾ ਕਿ ਜੇ ਸਰਕਾਰ ਹੋਰਾਂ ਮੁਲਕਾਂ ਦੇ ਲੋਕਾਂ ਨੂੰ ਭਾਰਤ ਦਾ ਨਾਗਰਿਕ ਬਣਾਉਣਾ ਚਾਹੁੰਦੀ ਹੈ ਤਾਂ ਇਹ ‘ਹੱਕ’ ਮੁਸਲਮਾਨਾਂ ਨੂੰ ਕਿਉਂ ਨਹੀਂ ਦਿੱਤਾ ਗਿਆ। ‘ਸਪਾ’ ਪ੍ਰਧਾਨ ਨੇ ਕਿਹਾ ਕਿ ਵੱਡੀ ਗਿਣਤੀ ਭਾਰਤੀ ਧਰਮਾਂ-ਜਾਤਾਂ ਤੋਂ ਉੱਪਰ ਉੱਠ ਸੋਧੇ ਨਾਗਰਿਕਤਾ ਐਕਟ ਤੇ ਐੱਨਆਰਸੀ ਦੇ ਖ਼ਿਲਾਫ਼ ਹਨ ਅਤੇ ਇਹ ਸਮਾਜ ਨੂੰ ਵੰਡਣ ਦੀ ਕਵਾਇਦ ਹੈ ਤਾਂ ਕਿ ਸਿਆਸਤ ਖੇਡੀ ਜਾ ਸਕੇ। ਉਨ੍ਹਾਂ ਸਵਾਲ ਕੀਤਾ ‘ਜਦ ਆਧਾਰ ਵਿਚ ਸਾਰੀ ਸੂਚਨਾ ਹੈ ਤਾਂ ਐੱਨਪੀਆਰ ਦੀ ਕੀ ਲੋੜ ਹੈ? ਪਿੰਡਾਂ ਵਿਚ ਕਾਗਜ਼ ਕਿਸ ਕੋਲ ਹਨ, ਆਪਣੀ ਮਾਂ ਦੇ ਜਨਮ ਸਬੰਧੀ ਦਸਤਾਵੇਜ਼ ਲੋਕ ਕਿੱਥੋਂ ਲੈ ਕੇ ਆਉਣਗੇ? ਸਰਕਾਰ ਸਿਰਫ਼ ਲੋਕਾਂ ਨੂੰ ਪੇਪਰ ਲੱਭਣ ਲਾਉਣਾ ਚਾਹੁੰਦੀ ਹੈ ਤੇ ਕੰਮ ਨਹੀਂ ਕਰਨ ਦੇਣਾ ਚਾਹੁੰਦੀ।’ ਅਖ਼ਿਲੇਸ਼ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਫਾਰਮ ਨਾ ਭਰ ਕੇ ‘ਸਤਿਆਗ੍ਰਹਿ’ ਕਰੇਗੀ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਪਤਾ ਹੈ ਕਿ ਫ਼ੈਸਲਾ ਗਲਤ ਹੈ ਤੇ ਸੰਵਿਧਾਨ ਦੇ ਖ਼ਿਲਾਫ਼ ਹੈ, ਫਿਰ ਵੀ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ।
HOME ਯੂਪੀ ’ਚ ਸਾਰੀਆਂ ਮੌਤਾਂ ਪੁਲੀਸ ਦੀ ਗੋਲੀ ਨਾਲ ਹੋਈਆਂ: ਅਖ਼ਿਲੇਸ਼