ਯੂਪੀ ’ਚ ਮੀਂਹ ਦਾ ਕਹਿਰ; 9 ਮਜ਼ਦੂਰਾਂ ਸਮੇਤ 22 ਹਲਾਕ

ਲਖਨਊ/ਉਨਾਓ (ਸਮਾਜ ਵੀਕਲੀ): ਉੱਤਰ ਪ੍ਰਦੇਸ਼ ’ਚ ਮੋਹਲੇਧਾਰ ਮੀਂਹ ਪੈਣ ਕਾਰਨ ਕੰਧਾਂ ਡਿੱਗਣ ਦੀਆਂ ਘਟਨਾਵਾਂ ’ਚ 9 ਮਜ਼ਦੂਰਾਂ ਸਮੇਤ 22 ਵਿਅਕਤੀ ਹਲਾਕ ਹੋ ਗਏ। ਸੂਬਾ ਸਰਕਾਰ ਨੇ ਮ੍ਰਿਤਕਾਂ ਦੇ ਵਾਰਿਸਾਂ ਨੂੰ 4-4 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ। ਜੁਆਇੰਟ ਕਮਿਸ਼ਨਰ ਆਫ਼ ਪੁਲੀਸ (ਲਾਅ ਐਂਡ ਆਰਡਰ) ਪਿਯੂਸ਼ ਮੋਰਡੀਆ ਨੇ ਦੱਸਿਆ ਕਿ ਲਖਨਊ ਦੇ ਦਿਲਕੁਸ਼ ਇਲਾਕੇ ’ਚ ਆਰਮੀ ਐਨਕਲੇਵ ਦੇ ਬਾਹਰ ਝੌਂਪੜੀਆਂ ’ਚ ਕੁਝ ਮਜ਼ਦੂਰ ਰਹਿ ਰਹੇ ਸਨ। ‘ਮੋਹਲੇਧਾਰ ਮੀਂਹ ਕਾਰਨ ਉਸਾਰੀ ਅਧੀਨ ਚਾਰਦੀਵਾਰੀ ਡਿੱਗ ਗਈ ਜਿਸ ਦੇ ਮਲਬੇ ਹੇਠਾਂ ਝੌਂਪੜੀਆਂ ’ਚ ਰਹਿ ਰਹੇ 10 ਮਜ਼ਦੂਰ ਦਬ ਗਏ। ਇਕ ਮਜ਼ਦੂਰ ਨੂੰ ਬਚਾਅ ਲਿਆ ਗਿਆ ਹੈ।’

ਜ਼ਿਲ੍ਹਾ ਮੈਜਿਸਟਰੇਟ ਸੂਰਿਆਪਾਲ ਗੰਗਵਾਰ ਨੇ ਦੱਸਿਆ ਕਿ ਮ੍ਰਿਤਕ ਝਾਂਸੀ ਜ਼ਿਲ੍ਹੇ ਨਾਲ ਸਬੰਧਤ ਸਨ। ਰਾਸ਼ਟਰਪਤੀ ਦਰੋਪਦੀ ਮੁਰਮੂ, ਰੱਖਿਆ ਮੰਤਰੀ ਰਾਜਨਾਥ ਸਿੰਘ, ਯੂਪੀ ਦੀ ਰਾਜਪਾਲ ਆਨੰਦੀਬੇਨ ਪਟੇਲ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਉਪ ਮੁੱਖ ਮੰਤਰੀਆਂ ਕੇਸ਼ਵ ਪ੍ਰਸਾਦ ਮੌਰਿਆ ਤੇ ਬ੍ਰਜੇਸ਼ ਪਾਠਕ ਨੇ ਮੌਤਾਂ ’ਤੇ ਦੁੱਖ ਜਤਾਇਆ ਹੈ। ਉਧਰ ਉਨਾਓ ਜ਼ਿਲ੍ਹੇ ਦੇ ਕਾਂਥਾ ਅਤੇ ਚਾਂਦਪੁਰ ਝੱਲੀਹਾਈ ਪਿੰਡਾਂ ’ਚ ਕੰਧਾਂ ਡਿੱਗਣ ਕਾਰਨ ਦੋ ਬੱਚਿਆਂ ਸਮੇਤ ਪੰਜ ਵਿਅਕਤੀ ਹਲਾਕ ਹੋ ਗਏ। ਮੁੱਖ ਮੰਤਰੀ ਨੇ ਮੋਹਲੇਧਾਰ ਮੀਂਹ ਪੈਣ ਕਾਰਨ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਰਾਹਤ ਕੰਮਾਂ ਦੀ ਨਿਗਰਾਨੀ ਕਰਨ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਤੇਜ਼ੀ ਨਾਲ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਮੀਂਹ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਵੀ ਕਿਹਾ ਹੈ।

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫਰਜ਼ੀ ਖ਼ਰੀਦ ਘੁਟਾਲਾ: ਆਸ਼ੂ ਹੁਣ ਨਵੀਂ ਮੁਸੀਬਤ ’ਚ ਘਿਰਨ ਲੱਗੇ
Next articleਮੂਸੇਵਾਲਾ ਕਤਲ ਕੇਸ ’ਚ ਸ਼ਾਮਲ ਦੋ ਗੈਂਗਸਟਰ ਗ੍ਰਿਫ਼ਤਾਰ