ਫਰਜ਼ੀ ਖ਼ਰੀਦ ਘੁਟਾਲਾ: ਆਸ਼ੂ ਹੁਣ ਨਵੀਂ ਮੁਸੀਬਤ ’ਚ ਘਿਰਨ ਲੱਗੇ

ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਵਿਚ ਕਾਂਗਰਸੀ ਰਾਜ ਦੌਰਾਨ ਹੋਏ ਟੈਂਡਰ ਅਲਾਟਮੈਂਟ ਘੁਟਾਲੇ ’ਚੋਂ ਹੁਣ ਨਵਾਂ ਫਰਜ਼ੀ ਖ਼ਰੀਦ ਘੁਟਾਲਾ ਸਾਹਮਣੇ ਆਇਆ ਹੈ ਜਿਸ ਨੂੰ ਲੈ ਕੇ ਸਾਬਕਾ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨਵੀਂ ਮੁਸੀਬਤ ਵਿਚ ਘਿਰ ਗਏ ਜਾਪਦੇ ਹਨ। ਵਿਜੀਲੈਂਸ ਬਿਊਰੋ ਪੰਜਾਬ ਨੇ ਪਹਿਲਾਂ ਹੀ ਟੈਂਡਰ ਅਲਾਟਮੈਂਟ ਘੁਟਾਲੇ ਵਿਚ ਸਾਬਕਾ ਮੰਤਰੀ ਖਿਲਾਫ਼ ਕੇਸ ਦਰਜ ਕੀਤਾ ਹੋਇਆ ਹੈ। ਕਾਂਗਰਸੀ ਹਕੂਮਤ ਦੌਰਾਨ ਪੰਜਾਬ ਵਿਚ ਝੋਨੇ ਦੀ ਪੈਦਾਵਾਰ ਅਤੇ ਖ਼ਰੀਦ ’ਚ ਵੱਡਾ ਫਰਕ ਸਾਹਮਣੇ ਆਇਆ ਹੈ ਜਿਸ ਵਿਚ ਨਵੇਂ ਘਪਲੇ ਦਾ ਧੂੰਆਂ ਉੱਠਣ ਲੱਗਾ ਹੈ। ਲੰਘੇ ਦਿਨੀਂ ਟੈਂਡਰ ਘੁਟਾਲੇ ਵਿਚ ਵਿਜੀਲੈਂਸ ਨੇ ਕ੍ਰਿਸ਼ਨ ਲਾਲ ਧੋਤੀਵਾਲਾ ਨੂੰ ਗ੍ਰਿਫ਼ਤਾਰ ਕੀਤਾ ਸੀ।

ਵਿਜੀਲੈਂਸ ਅਧਿਕਾਰੀ ਦੱਸਦੇ ਹਨ ਕਿ ਧੋਤੀਵਾਲਾ ਦੀ ਗ੍ਰਿਫ਼ਤਾਰੀ ਨਾਲ ਝੋਨੇ ਦੀ ਖ਼ਰੀਦ ਵਿਚ ਘਪਲਾ ਹੋਣ ਦੀ ਗੱਲ ਉੱਭਰੀ ਹੈ। ਚੇਤੇ ਰਹੇ ਕਿ ਕੇਂਦਰ ਸਰਕਾਰ ਵੱਲੋਂ ਇਹ ਮੁੱਦਾ ਚੁੱਕਿਆ ਜਾਂਦਾ ਰਿਹਾ ਸੀ ਕਿ ਪੰਜਾਬ ਵਿਚ ਝੋਨੇ ਦੀ ਪੈਦਾਵਾਰ ਘੱਟ ਹੋਈ ਹੈ ਜਦੋਂ ਕਿ ਝੋਨੇ ਦੀ ਖ਼ਰੀਦ ਜ਼ਿਆਦਾ ਹੋ ਰਹੀ ਹੈ। ਕੇਂਦਰ ਸਰਕਾਰ ਨੇ ਪਹਿਲਾਂ ਹੀ ਇਸ ਬਾਰੇ ਸ਼ੱਕ ਜ਼ਾਹਿਰ ਕੀਤਾ ਸੀ ਅਤੇ ਪੰਜਾਬ ਵੱਲੋਂ ਝੋਨੇ ਦੀ ਖ਼ਰੀਦ ਲਈ ਰੱਖੇ ਟੀਚਿਆਂ ਵਿਚ ਵੀ ਕਟੌਤੀ ਕਰ ਦਿੱਤੀ ਸੀ।

ਵਿਜੀਲੈਂਸ ਜਾਂਚ ਵਿਚ ਹੁਣ ਸਾਹਮਣੇ ਆਇਆ ਹੈ ਕਿ ਦੂਜੇ ਸੂਬਿਆਂ ’ਚੋਂ 1100-1200 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਝੋਨਾ ਖ਼ਰੀਦ ਕੇ ਪੰਜਾਬ ਲਿਆਇਆ ਜਾਂਦਾ ਸੀ ਅਤੇ ਸੂਬੇ ਦੇ ਖ਼ਰੀਦ ਕੇਂਦਰਾਂ ਵਿਚ ਸਰਕਾਰੀ ਭਾਅ ’ਤੇ ਵੇਚ ਦਿੱਤਾ ਜਾਂਦਾ ਸੀ। ਪ੍ਰਤੀ ਕੁਇੰਟਲ ਪਿੱਛੇ ਕਰੀਬ 600 ਤੋਂ 700 ਰੁਪਏ ਦੀ ਰਕਮ ਜੇਬ ਵਿਚ ਚਲੀ ਜਾਂਦੀ ਸੀ। ਇੱਕ ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ ਇਸ ਖ਼ਰੀਦ ’ਤੇ ਪਰਦਾ ਪਾਉਣ ਲਈ ਫਰਜ਼ੀ ਰਿਕਾਰਡ ਤਿਆਰ ਕੀਤਾ ਜਾਂਦਾ ਸੀ ਅਤੇ ਬਾਹਰੋਂ ਲਿਆਂਦਾ ਝੋਨਾ ਸਥਾਨਕ ਕਿਸਾਨਾਂ ਤੋਂ ਖ਼ਰੀਦਿਆ ਦਿਖਾਇਆ ਜਾਂਦਾ ਸੀ।

ਵਿਜੀਲੈਂਸ ਵੱਲੋਂ ਇਸ ਫਰਜ਼ੀ ਖ਼ਰੀਦ ਮਾਮਲੇ ਵਿਚ ਸਾਬਕਾ ਖੁਰਾਕ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਬਰਖਾਸਤ ਡਿਪਟੀ ਡਾਇਰੈਕਟਰ ਰਾਕੇਸ਼ ਸਿੰਗਲਾ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਵੇਰਵਿਆਂ ਅਨੁਸਾਰ ਸਾਲ 2020-21 ਵਿਚ ਪੰਜਾਬ ਵਿਚ 164 ਲੱਖ ਮੀਟਰਿਕ ਟਨ ਝੋਨੇ ਦੀ ਪੈਦਾਵਾਰ ਹੋਈ ਸੀ ਪ੍ਰੰਤੂ ਇਸੇ ਵਰ੍ਹੇ ਖ਼ਰੀਦ 202.82 ਲੱਖ ਮੀਟਰਿਕ ਟਨ ਦੀ ਹੋਈ ਸੀ। ਉਸ ਤੋਂ ਪਹਿਲਾਂ ਸਾਲ 2019-20 ਵਿਚ ਸੂਬੇ ਵਿਚ 152 ਲੱਖ ਮੀਟਰਿਕ ਟਨ ਝੋਨੇ ਦੀ ਪੈਦਾਵਾਰ ਹੋਈ ਸੀ ਜਦੋਂ ਕਿ ਖ਼ਰੀਦ 163.82 ਲੱਖ ਮੀਟਰਿਕ ਟਨ ਹੋਈ ਸੀ। ਇਸ ਤੋਂ ਇਲਾਵਾ ਸਾਲ 2018-19 ਵਿਚ ਰਾਜ ਵਿਚ ਪੈਦਾਵਾਰ 169 ਲੱਖ ਮੀਟਰਿਕ ਟਨ ਦੀ ਸੀ ਅਤੇ ਇਸੇ ਵਰ੍ਹੇ ਦੌਰਾਨ ਝੋਨੇ ਦੀ ਖ਼ਰੀਦ 169.16 ਲੱਖ ਮੀਟਰਿਕ ਟਨ ਸੀ।

ਧੋਤੀਵਾਲਾ ਨੇ ਪੋਤੜੇ ਫਰੋਲੇ

ਸੂਤਰ ਦੱਸਦੇ ਹਨ ਕਿ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁੱਲਾਂਪੁਰ ਦਾਖਾ ਵਿਚ ਇੱਕ ਆੜ੍ਹਤੀਏ ਕ੍ਰਿਸ਼ਨ ਲਾਲ ਧੋਤੀਵਾਲਾ ਦੀ ਮਾਲਕੀ ਵਾਲੇ ਸ਼ੈਲਰ ਵਿਚ ਇਹ ਅਨਾਜ ਭੰਡਾਰਨ ਕੀਤਾ ਗਿਆ ਸੀ। ਉਹ ਦੂਸਰੇ ਸੂਬਿਆਂ ਤੋਂ ਸਸਤਾ ਅਨਾਜ ਘੱਟ ਰੇਟਾਂ ’ਤੇ ਲਿਆਉਂਦੇ ਸਨ ਅਤੇ ਪੰਜਾਬ ਦੀਆਂ ਮੰਡੀਆਂ ਵਿਚ ਐੱਮਐੱਸਪੀ ’ਤੇ ਵੇਚ ਦਿੰਦੇ ਸਨ।

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੋਦੀ ਨੇ ਪੂਤਿਨ ਨੂੰ ਕਿਹਾ, ਇਹ ਸਮਾਂ ਜੰਗ ਦਾ ਨਹੀਂ
Next articleਯੂਪੀ ’ਚ ਮੀਂਹ ਦਾ ਕਹਿਰ; 9 ਮਜ਼ਦੂਰਾਂ ਸਮੇਤ 22 ਹਲਾਕ