ਨਵੀਂ ਦਿੱਲੀ (ਸਮਾਜਵੀਕਲੀ) – ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ ਵਿੱਚ ਕਰੋਨਾਵਾਇਰਸ ਮਹਾਮਾਰੀ ਨੂੰ ਠੱਲ੍ਹਣ ਲਈ ਟੈਸਟਿੰਗ ਸਹੂਲਤਾਂ ਵਧਾਉਣ ਦਾ ਸੱਦਾ ਦਿੱਤਾ ਹੈ। ਪ੍ਰਿਯੰਕਾ ਨੇ ਕਿਹਾ ਕਿ ਇਹ ਮਸ਼ਕ ਦੇਸ਼ ਦੇ ਇਸ ਸਭ ਤੋਂ ਵੱਡੇ ਸੂਬੇ ਵਿੱਚ ਜੀਵਨ ਰੱਖਿਅਕ ਸਾਬਤ ਹੋਵੇਗੀ।
ਸੂਬੇ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੂੰ ਲਿਖੇ ਪੱਤਰ ਵਿੱਚ ਪ੍ਰਿਯੰਕਾ ਨੇ ਕਿਹਾ ਕਿ ਸੂਬੇ ਵਿੱਚ ਖੌਫ਼ ਮੁਕਤ ਮਾਹੌਲ ਸਿਰਜਣ ਲਈ ਜ਼ਰੂਰੀ ਹੈ ਕਿ ਅਜਿਹੇ ਕਦਮ ਪੁੱਟੇ ਜਾਣ ਜਿਸ ਨਾਲ ਹਰ ਕਿਸੇ ਦਾ ਭਰੋਸਾ ਜਿੱਤਿਆ ਜਾ ਸਕੇ। ਕਾਂਗਰਸ ਆਗੂ ਨੇ ਸੱਦਾ ਦਿੱਤਾ ਕਿ ਸਿਆਸੀ ਵਿਚਾਰਧਾਰਾ ਨੂੰ ਇਕ ਪਾਸੇ ਰੱਖ ਕੇ ਇਹ ਯਕੀਨੀ ਬਣਾਇਆ ਜਾਵੇ ਕਿ ਲੋਕ ਖੁ਼ਦ ਟੈਸਟਿੰਗ ਲਈ ਅੱਗੇ ਆਉਣ।
ਪ੍ਰਿਯੰਕਾ ਨੇ ਪੱਤਰ ਵਿੱਚ ਲਿਖਿਆ, ‘ਮਹਾਮਾਰੀ ਖ਼ਿਲਾਫ਼ ਇਸ ਲੜਾਈ ਵਿੱਚ ਅਸੀਂ ਤੁਹਾਡੇ ਨਾਲ ਹਾਂ। ਕਰੋਨਾਵਾਇਰਸ ਕਿਸੇ ਦਾ ਧਰਮ ਜਾਂ ਜਾਤ ਨਹੀਂ ਵੇਖਦਾ ਤੇ ਹਰ ਕਿਸੇ ਨੂੰ ਅਸਰਅੰਦਾਜ਼ ਕਰਦਾ ਹੈ। ਇਸ ਲੜਾਈ ਵਿੱਚ, ਲੋੜ ਹੈ ਕਿ ਅਸੀਂ ਆਪਣੀ ਸਿਆਸੀ ਵਿਚਾਰਧਾਰਾ ਨੂੰ ਇਕ ਪਾਸੇ ਰੱਖ ਕੇ ਲੋਕਾਂ ਨੂੰ ਇਕਜੁੱਟ ਕਰਨ ਵਿੱਚ ਮਦਦ ਕਰੀਏ ਤੇ ਖ਼ੌਫ਼ ਮੁਕਤ ਮਾਹੌਲ ਸਿਰਜੀਏ।’
ਟੈਸਟਿੰਗ ਸਹੂਲਤਾਂ ਵਧਾਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਪ੍ਰਿਯੰਕਾ ਨੇ ਕਿਹਾ ਕਿ ਵੱਡੀ ਆਬਾਦੀ ਵਾਲੇ ਇਸ ਰਾਜ ਵਿੱਚ ‘ਟੈਸਟਿੰਗ ਵਿੱਚ ਵਾਧਾ ਜੀਵਨ ਰੱਖਿਅਕ ਰਾਬਤ ਹੋ ਸਕਦਾ ਹੈ।’ ਪ੍ਰਿਯੰਕਾ ਨੇ ਕਿਹਾ ਕਿ ਰਾਜ ਸਰਕਾਰ ਵੱਧ ਤੋਂ ਵੱਧ ਲੋਕਾਂ ਦੇ ਨਮੂਨੇ ਲੈ ਕੇ ਉਨ੍ਹਾਂ ਦੇ ਟੈਸਟ ਕਰੇ। ਕੇਸ ‘ਘੱਟ ਜਾਂ ਵੱਧ ਜੋਖ਼ਮ ਵਾਲੇ ਹੋਣ’ ਸਾਰਿਆਂ ਦਾ ਜੰਗੀ ਪੱਧਰ ’ਤੇ ਇਲਾਜ ਹੋਵੇ ਤਾਂ ਕਿ ਆਈਸੀਯੂ’ਜ਼ ’ਤੇ ਘੱਟ ਤੋਂ ਘੱਟ ਬੋਝ ਪਏ।
ਕਾਂਗਰਸ ਆਗੂ ਨੇ ਜਿੰਨਾ ਛੇਤੀ ਹੋਵੇ ਵੱਧ ਤੋਂ ਵੱਧ ਆਈਸੋਲੇਸ਼ਨ ਵਾਰਡ ਤੇ ਇਕਾਂਤਵਾਸ ਸੈਂਟਰ ਬਣਾਉਣ ਦਾ ਵੀ ਸੱਦਾ ਦਿੱਤਾ। ਉਨ੍ਹਾਂ ਕਿਹਾ, ‘ਕੁਝ ਥਾਵਾਂ ਤੋਂ ਕਮਿਊਨਿਟੀ ਟਰਾਂਸਮਿਸ਼ਨ ਦੀਆਂ ਵੀ ਰਿਪੋਰਟਾਂ ਹਨ। ਕੁਝ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੋਵਿਡ-19 ਪੀੜਤ ਮਰੀਜ਼ ਆਪਣੇ ਰੋਗ ਨੂੰ ਲੁਕਾ ਰਹੇ ਹਨ। ਇਹ ਸਭ ਕੁਝ ਸਮਾਜ ਵਿੱਚ ਇਸ ਰੋਗ ਬਾਰੇ ਫੈਲਾਏ ਜਾ ਰਹੇ ਖ਼ੌਫ਼ ਦਾ ਨਤੀਜਾ ਹੈ, ਲਿਹਾਜ਼ਾ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਇਨ੍ਹਾਂ ਖੇਤਰਾਂ ਵਿੱਚ ਜੰਗੀ ਪੱਧਰ ’ਤੇ ਸਹੀ ਜਾਣਕਾਰੀ ਮੁਹੱਈਆ ਕਰਵਾਈ ਜਾਵੇ।’