ਯੂਨੀਵਰਸਿਟੀ ਵਿਖੇ ਸ. ਰਣਜੀਤ ਸਿੰਘ ਖੜਗ ਯਾਦਗਾਰੀ ਸਨਮਾਨ ਸਮਾਰੋਹ ਕਰਵਾਇਆ

ਫੋਟੋ ਕੈਪਸ਼ਨ: ਡਾ. ਐਸ ਪੀ ਸਿੰਘ ਜੀ ਨੂੰ ਸਨਮਾਨਤ ਕਰਦੇ ਹੋਏ ਡਾ. ਧਰਮਜੀਤ ਸਿੰਘ ਪਰਮਾਰ, ਸ. ਜਤਿੰਦਰ ਜੇ ਮਿਨਹਾਸ ਅਤੇ ਹੋਰ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) -ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਜਲੰਧਰ ਵਿਖੇ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਅਤੇ ਸ. ਰਣਜੀਤ ਸਿੰਘ ਖੜਗ ਯਾਦਗਾਰੀ ਸਨਮਾਨ ਸਮਾਰੋਹ ਚਾਂਸਲਰ ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮ ਜੀ ਦੀ ਸਰਪ੍ਰਸਤੀ ਅਤੇ ਵਾਈਸ ਚਾਂਸਲਰ ਡਾ. ਧਰਮਜੀਤ ਸਿੰਘ ਪਰਮਾਰ ਜੀ ਦੀ ਯੋਗ ਅਗਵਾਈ ਅਧੀਨ ਕਰਵਾਇਆ ਗਿਆ। ਇਸ ਸੈਮੀਨਾਰ ਨੂੰ ਪੰਜਾਬੀ ਵਿਭਾਗ ਅਤੇ ਰਣਜੀਤ ਸਿੰਘ ਖੜਗ ਚੈਰੀਟੇਬਲ ਟਰੱਸਟ ਵਲੋਂ ਉਲੀਕਿਆ ਗਿਆ।

 

ਇਸ ਸਮਾਗਮ ਦੀ ਸ਼ੁਰੁਆਤ ਸ਼ਮਾ ਰੌਸ਼ਨ ਨਾਲ ਕੀਤੀ ਗਈ। ਇਸ ਮੌਕੇ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਬਹੁਤ ਨਾਮਵਰ ਵਿਦਵਾਨ ਡਾ. ਐਸ.ਪੀ.ਸਿੰਘ, ਡਾ. ਬਿਕਰਮਜੀਤ ਸਿੰਘ ਘੁੰਮਣ ਅਤੇ ਪ੍ਰੋ.ਜਗਦੀਸ਼ ਹਾਜ਼ਰ ਸਨ। ਡਾ. ਅਮਰਜੀਤ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਵਾਈਸ ਚਾਂਸਲਰ ਡਾ. ਧਰਮਜੀਤ ਸਿੰਘ ਪਰਮਾਰ ਨੇ ਉਦਘਾਟਨੀ ਸ਼ਬਦ ਆਖਦਿਆਂ ਇਸ ਸੈਮੀਨਾਰ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਇਸ ਸਾਲ ਦਾ ਰਣਜੀਤ ਸਿੰਘ ਖੜਗ ਯਾਦਗਾਰੀ ਸਨਮਾਨ ਸ਼੍ਰੋਮਣੀ ਚਿੰਤਕ ਡਾ. ਐਸ. ਪੀ. ਸਿੰਘ ਅਤੇ ਸ਼੍ਰੋਮਣੀ ਸਾਹਿਤਕਾਰ ਦਾ ਸਨਮਾਨ ਡਾ.ਬਿਕਰਮਜੀਤ ਸਿੰਘ ਘੁੰਮਣ ਨੂੰ ਉਹਨਾਂ ਦੇ ਜੀਵਨ ਭਰ ਸਾਹਿਤ ਅਤੇ ਚਿੰਤਨ ਵਿਚ ਪਾਏ ਯੋਗਦਾਨ ਲਈ ਦਿੱਤਾ ਗਿਆ।

ਉਘੇ ਸਮਾਜ ਸੇਵੀ ਸ. ਜਤਿੰਦਰ ਜੇ ਮਿਨਹਾਸ ਨੇ ਵਿਸ਼ੇਸ਼ ਤੌਰ ਤੇ ਇਸ ਸਮਾਗਮ ਵਿੱਚ ਸ਼ਿਰਕਤ ਕਰਦੇ ਹੋਏ ਕਿਹਾ ਕਿ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਰਣਜੀਤ ਸਿੰਘ ਖੜਗ ਜੀ ਨੁੰ ਯਾਦ ਕਰਦੀ ਹੋਈ ਮਾਣ ਮਹਿਸੂਸ ਕਰ ਰਹੀ ਹੈ। ਰਣਜੀਤ ਸਿੰਘ ਖੜਗ ਦਾ ਪੰਜਾਬੀ ਸਾਹਿਤ ਅਤੇ ਭਾਸ਼ਾ ਵਿੱਚ ਮਹੱਤਵਪੂਰਨ ਯੋਗਦਾਨ ਹੈ, ਸਾਨੂੰ ਉਹਨਾਂ ਦੀ ਦੇਣ ਨੂੰ ਪਹਿਚਾਨਣਾ ਚਾਹੀਦਾ ਹੈ। ਇਸ ਰਾਸ਼ਟਰੀ ਸੈਮੀਨਾਰ ਵਿਚ ‘ਰਣਜੀਤ ਸਿੰਘ ਖੜਗ:ਸਾਹਿਤ ਅਤੇ ਚਿੰਤਨ’ ਵਿਸ਼ੇ ਉੱਪਰ ਸ. ਰਣਜੀਤ ਸਿੰਘ ਖੜਗ ਦੇ ਸਾਹਿਤਕ ਸੰਦਰਭਾਂ ਅਤੇ ਯੋਗਦਾਨ ਬਾਰੇ ਪੇਪਰ ਵੀ ਪੜ੍ਹੇ ਗਏ। ਪੇਪਰ ਪ੍ਰਸਤੁਤ ਕਰਨ ਵਾਲੇ ਬੁਲਾਰੇ ਸੰਦੀਪ,ਐਸ.ਸਮਰਾਏ, ਮੋਨਿਕਾ, ਮਨਿੰਦਰ ਸਿੰਘ ਅਤੇ ਡਾ.ਰਾਮ ਮੂਰਤੀ ਅਤੇ ਕੁਲਦੀਪ ਸਿੰਘ ਬੇਦੀ ਸਨ। ਇਸ ਸਮਾਗਮ ਦੀ ਪ੍ਰਧਾਨਗੀ ਪ੍ਰੋ. ਜਗਦੀਸ਼ ਸਿੰਘ ਨੇ ਕੀਤੀ। ਉਹਨਾਂ ਨੇ ਰਣਜੀਤ ਸਿੰਘ ਖੜਗ ਦੇ ਜੀਵਨ ਅਤੇ ਚਿੰਤਨ ਬਾਰੇ ਗੰਭੀਰ ਸੰਵਾਦ ਉਸਾਰਿਆ।

ਉਹਨਾਂ ਨੇ ਪ੍ਰਸਤੁਤ ਖੋਜ ਪੱਤਰਾਂ ਅਤੇ ਖੋਜਾਰਥੀਆਂ ਨੂੰ ਸ਼ਾਬਾਸ਼ ਦਿੱਤੀ। ਲੈਫਟੀਨੈਂਟ ਜਨਰਲ ਜੇ. ਐਸ.ਢਿੱਲੋਂ (ਰਿਟਾ) ਨੇ ਵੀ ਇਸ ਸਮਾਗਮ ਦੀ ਮਹੱਹਤਾ ਉਪਰ ਚਾਨਣਾ ਪਇਆ। ਇਸ ਸਮਾਗਮ ਵਿਚ ਸ. ਹਰਦਮਨ ਸਿੰਘ ਮਿਨਹਾਸ (ਸਕੱਤਰ – ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਚੈਰੀਟੇਬਲ ਸੋਸਾਈਟੀ), ਸ. ਸੁਰਿੰਦਰ ਸਿੰਘ ਪਰਮਾਰ (ਜੁਆਇੰਟ ਸਕੱਤਰ – ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਚੈਰੀਟੇਬਲ ਸੋਸਾਈਟੀ), ਸ. ਪਰਮਜੀਤ ਸਿੰਘ (ਮੈਂਬਰ ਸੋਸਾਇਟੀ), ਸ. ਕੁਲਜੀਤ ਸਿੰਘ (ਮੈਂਬਰ ਸੋਸਾਇਟੀ), ਰਜਿਸਟ੍ਰਾਰ ਡਾ ਧੀਰਜ ਸ਼ਰਮਾ, ਡੀਨ ਯੂ.ਆਈ.ਈ.ਟੀ ਡਾ. ਵਿਜੇ ਧੀਰ, ਡਾ. ਇੰਦੂ ਸ਼ਰਮਾ, ਡੀਨ ਅਕਾਦਮਿਕ, ਸ. ਦਲਜੀਤ ਸਿੰਘ ਰਤਨ, ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ। ਇਸ ਸਮਾਗਮ ਦਾ ਮੰਚ ਸੰਚਾਲਨ ਡਾ. ਹਰਪ੍ਰੀਤ ਸਿੰਘ ਨੇ ਬਾਖੂਬੀ ਕੀਤਾ। ਅੰਤ ਵਿਚ ਡਾ. ਅਮਰਜੀਤ ਸਿੰਘ ਨੇ ਆਏ ਹੋਏ ਸਮੁੱਚੇ ਮਹਿਮਾਨਾਂ ਦਾ ਧੰਨਵਾਦ ਕੀਤਾ।

Previous articleਨਨਕਾਣਾ ਸਾਹਿਬ ਦੇ ਸ਼ਹੀਦ ਸਿੰਘਾਂ ਦੀ ਯਾਦ ’ਚ ਸ਼ਹੀਦੀ ਸਮਾਗਮ ਧੁਦਿਆਲ ’ਚ 21 ਨੂੰ
Next articleਭਾਗ ਸਿੰਘ ਯੂਨੀਵਰਸਿਟੀ ਦੀ ਫੁੱਟਬਾਲ ਟੀਮ ਨੇ ਕੀਤਾ ਪੰਜਾਬ ਸੁਪਰ ਲੀਗ ਲਈ ਕੁਆਲੀਫਾਈ