ਯੂਨੀਵਰਸਿਟੀ ਵਲੋਂ ‘ਆਜ਼ਾਦੀ ਲਈ ਭਾਰਤ ਦਾ ਸੰਘਰਸ਼’ ਵਿਸ਼ੇ ਉਪਰ ਸੈਮੀਨਾਰ ਦਾ ਆਯੋਜਨ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿਆਲਾ ਡਾਕਖਾਨਾ ਪਧਿਆਣਾ ਜਿਲ੍ਹਾ ਜਲੰਧਰ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਐਜੂਕੇਸ਼ਨ ਵਲੋਂ 12-3-2021 ਨੂੰ ਸੰਤ ਬਾਬਾ ਦਿਲਾਵਰ ਸਿੰਘ ‘ਬ੍ਰਹਮ ਜੀ’ ਦੀ ਸਰਪ੍ਰਸਤੀ ਅਤੇ ਡਾ. ਧਰਮਜੀਤ ਸਿੰਘ ਪਰਮਾਰ ਦੀ ਅਗਵਾਈ ਵਿਚ ‘ਆਜ਼ਾਦੀ ਲਈ ਭਾਰਤ ਦਾ ਸੰਘਰਸ਼’ ਵਿਸ਼ੇ ਭਾਰਤ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਇੱਕ ਸੈਮੀਨਾਰ ਦਾ ਆਯੋਜਨ ਕੀਤਾ।

ਇਸ ਸੈਮੀਨਾਰ ਵਿਚ ਐਮ.ਏ. (ਇਤਿਹਾਸ, ਅੰਗਰੇਜ਼ੀ), ਐਜੂਕੇਸ਼ਨ, ਸਰੀਰਿਕ ਸਿੱਖਿਆ ਅਤੇ ਪੰਜਾਬੀ ਵਿਭਾਗ ਦੇ ਵਿਦਿਆਰਥੀ ਅਤੇ ਅਧਿਆਪਕ ਸ਼ਾਮਿਲ ਸਨ। ਸੈਮੀਨਾਰ ਦੀ ਸ਼ੁਰੂਆਤ ‘ਸ਼ਮ੍ਹਾਂ ਰੌਸ਼ਨ’ ਕਰਕੇ ਕੀਤੀ ਗਈ। ਯੂਨੀਵਰਸਿਟੀ ਇੰਸਟੀਚਿਊਟ ਆਫ਼ ਐਜੂਕੇਸ਼ਨ ਦੇ ਡੀਨ ਡਾ. ਅਨੀਤ ਕੁਮਾਰ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ‘ਆਜ਼ਾਦੀ’ ਦੇ ਕੋਸ਼ਗਤ ਅਤੇ ਅਦਬੀ ਅਰਥਾਂ ਤੋਂ ਜਾਣੂ ਕਰਵਾ ਕੇ ‘ਆਜ਼ਾਦੀ’ ਦੇ ਸੰਕਲਪ ਸਹਿਤ ਭਾਰਤ ਦੇ ਆਜ਼ਾਦੀ ਦੇ ਸੰਘਰਸ਼ ਦੀ ਘਾਲਣਾ ਦੀ ਪ੍ਰਕਿਰਤੀ ਅਤੇ ਪ੍ਰਭਾਵਾਂ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਡਾ. ਰਾਕੇਸ ਬਾਵਾ ਨੇ ਗਾਂਧੀ ਜੀ ਦੇ ‘ਨਮਕ ਸੱਤਿਆ ਗ੍ਰਹਿ’ ਦੀਆਂ ਤਤਕਾਲੀ ਪਰਤਾਂ ਨੂੰ ਖੋਲ੍ਹਦਿਆਂ, ਸਮਕਾਲੀ ਲਹਿਰਾਂ ਅਤੇ ਸੰਘਰਸ਼ਾਂ ਨਾਲ ਅੰਤਰਸਾਂਝ ਅਤੇ ਵਿਲੱਖਣਤਾ ਸਥਾਪਿਤ ਕੀਤੀ।

ਉਹਨਾਂ ਨੇ ਸਾਬਰਮਤੀ ਆਸ਼ਰਮ ਤੋਂ ਲੈ ਕੇ ਡਾਂਡੀ ਤੱਕ ਦੀ ਇਤਿਹਾਸਿਕ ਯਾਤਰਾ, ਜਿਸ ਵਿੱਚ ਗਾਂਧੀ ਜੀ ਵੱਲੋਂ ਹਰੇਕ ਧਰਮ ਅਤੇ ਤਬਕੇ ਦੇ ਲੋਕਾਂ ਦੀ ਸ਼ਮੂਲੀਅਤ ਨੂੰ ਯਕੀਨੀ ਯਕੀਨੀ ਬਣਾਇਆ ਗਿਆ, ਦਾ ਵਰਣਨ ਕੀਤਾ। ਇਸ ਵਿੱਚ ਡਾ. ਬਾਵਾ ਵੱਲੋਂ ਇਸ ਸੱਤਿਆ ਗ੍ਰਹਿ ਨਾਲ ਸੰਬੰਧਿਤ ਦਿਲਚਸਪ ਘਟਨਾਵਾਂ ਦਾ ਵਰਣਨ ਕਰਦਿਆਂ ਦੱਸਿਆ ਕਿ ਕਿਵੇਂ ਇਸ ਸੱਤਿਆ ਗ੍ਰਹਿ ਦਾ ਕੇਂਦਰ ਬਿੰਦੂ ਅੰਗਰੇਜ਼ੀ ਹਕੂਮਤ ਦੀਆਂ ਨੀਤੀਆਂ ਦੇ ਵਿਰੋਧ ਲਈ ਆਪਣੇ- ਆਪ ਵਿੱਚ ਅੰਤਰ-ਰਾਸ਼ਟਰੀ ਪੱਧਰ ਤੇ ਇੱਕ ਮੀਲ ਪੱਥਰ ਸਾਬਿਤ ਹੋਇਆ। ਡਾ. ਬਾਵਾ ਨੇ ਮਹਾਤਮਾ ਗਾਂਧੀ ਜੀ ਦੇ ਜੀਵਨ ਬਾਰੇ ਬਹੁਤ ਪ੍ਰੇਰਨਾਮਈ ਅਤੇ ਦਿਲਚਸਪ ਜਾਣਕਾਰੀ ਦਿਤੀ। ਵਿਦਿਆਰਥੀਆਂ ਨੇ ਉਹਨਾਂ ਨੂੰ ਬਹੁਤ ਉਤਸ਼ਾਹ ਨਾਲ ਸੁਣਿਆ ਅਤੇ ਮਹਾਤਮਾ ਗਾਂਧੀ ਦੇ ਜੀਵਨ-ਉਦੇਸ਼ਾਂ ਤੋਂ ਪ੍ਰੇਰਨਾ ਲਈ।

ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਇਹ ਸੈਮੀਨਾਰ ਬਹੁਤ ਪ੍ਰੇਰਨਾਦਾਇਕ ਅਤੇ ਉਤਸ਼ਾਹ-ਵਰਧਕ ਸਾਬਿਤ ਹੋਇਆ। ਇਸ ਮੌਕੇ ਡਾ. ਧੀਰਜ ਸ਼ਰਮਾ ਜੀ, ਰਜਿਸਟਰਾਰ ਅਤੇ ਡਾ. ਇੰਦੂ ਸ਼ਰਮਾ ਜੀ, ਡਿਪਟੀ ਡੀਨ ਅਕਾਦਮਿਕਸ ਵੀ ਹਾਜ਼ਿਰ ਸਨ। ਅੰਤ ਵਿੱਚ ਯੂਨੀਵਰਸਿਟੀ ਇੰਸਟੀਚਿਊਟ ਆਫ਼ ਐਜੂਕੇਸ਼ਨ ਦੇ ਡਿਪਟੀ ਡੀਨ ਸ. ਮਨਦੀਪ ਸਿੰਘ ਨੇ ਪਹੁੰਚੇ ਵਿਦਵਾਨਾਂ ਦਾ ਧੰਨਵਾਦ ਕੀਤਾ। ਮੈਡਮ ਰਾਜਵਿੰਦਰ ਕੌਰ ਨੇ ਮੰਚ ਸੰਚਾਲਨ ਅਤੇ ਡਾ. ਸਰਲਾ ਨਿਰੰਕਾਰੀ ਨੇ ਸੈਮੀਨਾਰ ਪ੍ਰਬੰਧਨ ਵਿੱਚ ਅਹਿਮ ਭੂਮਿਕਾ ਨਿਭਾਈ।

Previous articleEU tourism halved in 2020: Eurostat
Next articleIraq reports 4,901 new Covid-19 cases, 763,085 in total