ਬਹੁਮੱਤ ਸਾਬਤ ਕਰਨ ਤੋਂ ਪਹਿਲਾਂ ਅਸਤੀਫ਼ਾ ਰਾਜਪਾਲ ਨੂੰ ਸੌਂਪਿਆ
ਭੋਪਾਲ- ਮੱਧ ਪ੍ਰਦੇਸ਼ ਵਿਧਾਨ ਸਭਾ ਵਿੱਚ ਬਹੁਮੱਤ ਸਾਬਤ ਕਰਨ ਤੋਂ ਪਹਿਲਾਂ ਹੀ ਮੁੱਖ ਮੰਤਰੀ ਕਮਲ ਨਾਥ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਹ ਕਰੀਬ 15 ਮਹੀਨੇ ਪਹਿਲਾਂ ਮੁੱਖ ਮੰਤਰੀ ਬਣੇ ਸਨ।
ਸੁਪਰੀਮ ਕੋਰਟ ਵਲੋਂ ਬੀਤੇ ਦਿਨ ਕਮਲ ਨਾਥ ਸਰਕਾਰ ਨੂੰ ਮੱਧ ਪ੍ਰਦੇਸ਼ ਵਿਧਾਨ ਸਭਾ ਵਿੱਚ ਭਰੋਸੇ ਦਾ ਵੋਟ ਸਾਬਤ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਕਾਂਗਰਸ ਦੇ 22 ਵਿਧਾਇਕਾਂ ਵਲੋਂ ਅਪਣਾਈ ਬਾਗੀ ਸੁਰ ਕਾਰਨ ਸਿਖਰਲੀ ਅਦਾਲਤ ਨੇ ਇਹ ਆਦੇਸ਼ ਦਿੱਤੇ ਸਨ। ਨਾਥ ਨੇ ਅੱਜ ਦੁਪਹਿਰ ਰਾਜ ਭਵਨ ਵਿੱਚ ਰਾਜਪਾਲ ਲਾਲਜੀ ਟੰਡਨ ਨੂੰ ਆਪਣਾ ਅਸਤੀਫ਼ਾ ਸੌਂਪਿਆ। ਰਾਜ ਭਵਨ ਦੇ ਇੱਕ ਅਧਿਕਾਰੀ ਨੇ ਦੱਸਿਆ, ‘‘ਉਨ੍ਹਾਂ ਨੇ ਰਾਜਪਾਲ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ।’’ ਆਪਣੇ ਅਸਤੀਫ਼ਾ ਪੱਤਰ ਵਿੱਚ ਨਾਥ ਨੇ ਲਿਖਿਆ, ‘‘ਆਪਣੇ 40 ਵਰ੍ਹਿਆਂ ਦੇ ਸਿਆਸੀ ਜੀਵਨ ਵਿੱਚ ਮੈਂ ਹਮੇਸ਼ਾ ਪਵਿੱਤਰਤਾ ਦੀ ਸਿਆਸਤ ਕੀਤੀ ਹੈ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਤਰਜੀਹ ਦਿੱਤੀ ਹੈ। ਪਰ ਪਿਛਲੇ ਦੋ ਹਫ਼ਤਿਆਂ ਵਿੱਚ ਜੋ ਕੁਝ ਵਾਪਰਿਆ ਉਹ ਲੋਕਤੰਤਰੀ ਕੀਮਤਾਂ ਦੇ ਨਿਘਾਰ ਦਾ ਨਵਾਂ ਅਧਿਆਏ ਹੈ।’’ ਆਪਣੇ ਪੱਤਰ ਵਿੱਚ ਉਨ੍ਹਾਂ ਸੂਬੇ ਦੇ ਨਵੇਂ ਮੁੱਖ ਮੰਤਰੀ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਵੀ ਸੂਬੇ ਦੇ ਵਿਕਾਸ ਵਿੱਚ ਯੋਗਦਾਨ ਦਿੰਦੇ ਰਹਿਣਗੇ। ਅਸਤੀਫ਼ਾ ਦੇਣ ਤੋਂ ਪਹਿਲਾਂ ਨਾਥ ਨੇ ਪ੍ਰੈੱਸ ਕਾਨਫੰਰਸ ਨੂੰ ਸੰਬੋਧਨ ਕੀਤਾ, ਜਿਸ ਦੌਰਾਨ ਉਨ੍ਹਾਂ ਨੇ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ। ਪ੍ਰੈੱਸ ਕਾਨਫੰਰਸ ਦੌਰਾਨ ਉਨ੍ਹਾਂ ਭਾਜਪਾ ’ਤੇ ਉਨ੍ਹਾਂ ਦੀ ਸਰਕਾਰ ਖ਼ਿਲਾਫ਼ ਸਾਜ਼ਿਸ਼ ਰਚ ਕੇ ਲੋਕਤੰਤਰੀ ਕਦਰਾਂ-ਕੀਮਤਾਂ ਦਾ ਕਤਲ ਕਰਨ ਦੇ ਦੋਸ਼ ਲਾਏ ਅਤੇ ਕਾਂਗਰਸ ਦੇ ਸਾਬਕਾ ਆਗੂ ਜਯੋਤਿਰਦਿੱਤਿਆ ਸਿੰਧੀਆ ਨੂੰ ਸੂਬੇ ਦੇ ਮੌਜੂਦਾ ਸਿਆਸੀ ਸੰਕਟ ਲਈ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਨੇ 22 ਕਾਂਗਰਸੀ ਵਿਧਾਇਕਾਂ ਨੂੰ ਬੰਗਲੁਰੂ ਵਿੱਚ ਹਿਰਾਸਤ ਵਿੱਚ ਰੱਖਿਆ ਹੋਇਆ ਹੈ, ਜਿਸ ਨੂੰ ਪੂਰੇ ਮੁਲਕ ਨੇ ਦੇਖਿਆ ਹੈ। ਨਾਥ ਨੇ ਕਿਹਾ, ‘‘ਭਾਜਪਾ ਨੇ ਮਹਾਰਾਜਾ (ਸਿੰਧੀਆ) ਨਾਲ ਮਿਲ ਕੇ ਲੋਕਤੰਤਰ ਅਤੇ ਮੇਰੀ ਸਰਕਾਰ ਦਾ ਕਤਲ ਕੀਤਾ ਹੈ।’’ ਅੱਜ ਸਵੇਰੇ ਸਪੀਕਰ ਨੇ ਦੱਸਿਆ ਕਿ ਉਨ੍ਹਾਂ ਨੇ ਭਾਜਪਾ ਵਿਧਾਇਕ ਸ਼ਰਦ ਕੋਲ (ਬਿਓਹਾਰੀ) ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ ਪਰ ਕੋਲ ਨੇ ਕਿਹਾ ਕਿ ਉਨ੍ਹਾਂ ਨੇ ਅਸਤੀਫ਼ਾ ਵਾਪਸ ਲੈਣ ਲਈ ਅਪਲਾਈ ਕੀਤਾ ਹੈ।