ਮੱਧ ਪ੍ਰਦੇਸ਼ ਵਿਚ ਲੋਕ ਸਭਾ ਚੋਣਾਂ ’ਚ ਮੋਦੀ ਲਹਿਰ ਦੇਖਣ ਨੂੰ ਮਿਲੀ ਤੇ ਸੂਬੇ ਦੀਆਂ ਕੁੱਲ 29 ਵਿਚੋਂ 28 ਸੀਟਾਂ ਭਾਜਪਾ ਦੀ ਝੋਲੀ ਪਈਆਂ ਹਨ। ਕਾਂਗਰਸ ਨੂੰ ਸਿਰਫ਼ ਇਕ ਛਿੰਦਵਾੜਾ ਸੀਟ ’ਤੇ ਸਬਰ ਕਰਨਾ ਪਿਆ ਹੈ। ਰਾਜਗੜ੍ਹ, ਹੋਸ਼ਿੰਗਾਬਾਦ ਅਤੇ ਇੰਦੌਰ ਵਿਚ ਭਾਜਪਾ ਉਮੀਦਵਾਰ ਦੋ ਲੱਖ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ ਹਨ। ਭੋਪਾਲ ਤੋਂ ਭਾਜਪਾ ਦੀ ਉਮੀਦਵਾਰ ਸਾਧਵੀ ਪ੍ਰੱਗਿਆ ਸਿੰਘ ਕਾਂਗਰਸ ਦੇ ਦਿਗਵਿਜੈ ਸਿੰਘ ਨੂੰ ਵੱਡੇ ਫ਼ਰਕ ਨਾਲ ਹਰਾਇਆ ਹੈ। ਗੁਨਾ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਜਿਓਤਿਰਾਦਿੱਤਿਆ ਸਿੰਧੀਆ ਭਾਜਪਾ ਦੇ ਕੇਪੀ ਯਾਦਵ ਤੋਂ 50 ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਾਰ ਗਏ ਹਨ। ਮੱਧ ਪ੍ਰਦੇਸ਼ ਵਿਚ ਕਾਂਗਰਸ ਨੇ ਸਿਰਫ਼ ਛਿੰਦਵਾੜਾ ਸੀਟ ਜਿੱਤੀ ਹੈ। ਇਹ ਸੀਟ ਮੁੱਖ ਮੰਤਰੀ ਕਮਲ ਨਾਥ ਦੇ ਪੁੱਤਰ ਨਕੁਲ ਨਾਥ ਨੇ ਭਾਜਪਾ ਦੇ ਨਥਨਸ਼ਾਹ ਕਵਰੇਤੀ ਨੂੰ ਪਛਾੜ ਕੇ ਜਿੱਤੀ ਹੈ। ਮੁਰੈਨਾ ਲੋਕ ਸਭਾ ਸੀਟ ਤੋਂ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਉਮੀਦਵਾਰ ਨਰੇਂਦਰ ਸਿੰਘ ਤੋਮਰ ਨੇ ਜਿੱਤ ਹਾਸਲ ਕੀਤੀ ਹੈ। ਇਸੇ ਤਰ੍ਹਾਂ ਕੇਂਦਰੀ ਮੰਤਰੀ ਵੀਰੇਂਦਰ ਸਿੰਘ ਟੀਕਮਗੜ੍ਹ ਲੋਕ ਸਭਾ ਸੀਟ ਤੋਂ ਜਿੱਤੇ ਹਨ। ਇੰਦੌਰ ਤੋਂ ਭਾਜਪਾ ਦੇ ਉਮੀਦਵਾਰ ਸ਼ੰਕਰ ਲਲਵਾਨੀ ਨੇ ਕਾਂਗਰਸ ਦੇ ਪੰਕਜ ਸੰਘਵੀ ਨੂੰ ਹਰਾਇਆ ਹੈ। ਖਜੁਰਾਹੋ ਤੋਂ ਭਾਜਪਾ ਦੇ ਵੀਡੀ ਸ਼ਰਮਾ ਨੇ ਕਾਂਗਰਸ ਦੀ ਕਵਿਤਾ ਸਿੰਘ, ਖੰਡਵਾ ਹਲਕੇ ਤੋਂ ਭਾਜਪਾ ਦੇ ਸਾਬਕਾ ਪ੍ਰਦੇਸ਼ ਮੁਖੀ ਤੇ ਸੰਸਦ ਮੈਂਬਰ ਨੰਦਕੁਮਾਰ ਸਿੰਘ ਚੌਹਾਨ ਨੇ ਕਾਂਗਰਸ ਦੇ ਸਾਬਕਾ ਪ੍ਰਦੇਸ਼ ਮੁਖੀ ਅਰੁਣ ਯਾਦਵ ਨੂੰ ਹਰਾਇਆ ਹੈ। ਸਾਬਕਾ ਕੇਂਦਰੀ ਮੰਤਰੀ ਕਾਂਗਰਸ ਆਗੂ ਕੇ ਕਾਂਤੀਲਾਲ ਭੂਰੀਆ ਰਤਲਾਮ ਤੋਂ ਭਾਜਪਾ ਦੇ ਗੁਮਾਨ ਸਿੰਘ ਤੋਂ ਹਾਰ ਗਏ ਹਨ। ਜਬਲਪੁਰ ਤੋਂ ਭਾਜਪਾ ਦੇ ਰਾਕੇਸ਼ ਸਿੰਘ ਨੇ ਕਾਂਗਰਸ ਦੇ ਵਿਵੇਕ ਤਨਖਾ, ਮੰਡਲ ਤੋਂ ਭਾਜਪਾ ਦੇ ਫੱਗਣ ਸਿੰਘ ਨੇ ਕਾਂਗਰਸ ਦੇ ਕਮਲ ਸਿੰਘ ਮਰਾਵੀ ਨੂੰ, ਗਵਾਲੀਅਰ ਤੋਂ ਭਾਜਪਾ ਦੇ ਵਿਵੇਕ ਸ਼ੇਜਵਲਕਰ ਨੇ ਕਾਂਗਰਸ ਦੇ ਅਸ਼ੋਕ ਸਿੰਘ, ਭਾਜਪਾ ਦੇ ਗੜ੍ਹ ਵਿਦਿਸ਼ਾ ਤੋਂ ਭਾਜਪਾ ਦੇ ਰਮਾਕਾਂਤ ਭਾਰਗਵ ਨੇ ਕਾਂਗਰਸ ਦੇ ਸ਼ੈਲੇਂਦਰ ਪਟੇਲ ਨੂੰ ਹਰਾਇਆ ਹੈ।
HOME ਮੱਧ ਪ੍ਰਦੇਸ਼ ’ਚ ਮੋਦੀ ਦੀ ਸੁਨਾਮੀ, ਭਾਜਪਾ ਨੇ 28 ਸੀਟਾਂ ਜਿੱਤੀਆਂ