(ਸਮਾਜਵੀਕਲੀ)
ਮੱਥੇ ਤੇ ਹੱਥ ਧਰ ਕੇ ਜਿਸ ਨੇ ਪਾ ਲਈ ਸ਼ਾਮ,
ਜੀਵਨ ਦੇ ਵਿੱਚ ਉਸ ਨੇ ਪਾਉਣਾ ਕਿਹੜਾ ਮੁਕਾਮ?
ਉਸ ਨੂੰ ਇੱਜ਼ਤ ਬਣਾਉਣ ਲਈ ਲੱਗ ਜਾਂਦੇ ਸਾਲ,
ਜੇ ਬੰਦਾ ਹੋ ਜਾਵੇ ਇਕ ਵਾਰੀ ਬਦਨਾਮ।
ਦੋਹੀਂ ਪਾਸੀਂ ਜਾਨਾਂ ਦਾ ਹੋਵੇ ਨੁਕਸਾਨ,
ਜਦ ਵੀ ਸਰਹੱਦਾਂ ਤੇ ਛਿੜ ਪੈਂਦੀ ਹੈ ਲਾਮ।
ਕਾਮੇ ਨੂੰ ਤਾਂ ਰੋਟੀ ਕੰਮ ਕਰਕੇ ਹੀ ਮਿਲਣੀ,
ਚਾਹੇ ਉਹ ਜਿੰਨਾ ਮਰਜ਼ੀ ਲਏ ਰੱਬ ਦਾ ਨਾਮ।
ਨੇਤਾਵਾਂ ਨਾ’ ਰਲ ਕੇ ਉਹ ਗਿਆ ਹੈ ਬਣ ਖਾਸ,
ਸੱਭ ਨੂੰ ਦੱਸੇ, ਹੁਣ ਉਹ ਬੰਦਾ ਰਿਹਾ ਨਹੀਂ ਆਮ।
ਪੁੱਤ ਜਿੰਨਾ ਦੇ ਇੱਥੇ ਲੱਗ ਗਏ ਨਸ਼ਿਆਂ ਨੂੰ,
ਉਹਨਾਂ ਆਪਣੇ ਮਾਂ-ਪਿਉ ਵੀ ਕੀਤੇ ਬਦਨਾਮ।
ਮਾਂ-ਪਿਉ ਤੋਂ ਕੰਨੀ ਕਤਰਾਉਂਦੇ ਬਹੁਤੇ ਪੁੱਤ,
ਟਾਵੇਂ, ਟਾਵੇਂ ਹੀ ਕਰਦੇ ਉਨਾਂ ਨੂੰ ਪ੍ਰਣਾਮ।
ਸਾਰਾ ਦਿਨ ਉਹ ਉਨਾਂ ਨੂੰ ਓਏ ਕਹਿ ਕੇ ਬੁਲਾਉਣ,
ਧਨਵਾਨਾਂ ਨੇ ਨੌਕਰ ਰੱਖੇ ਸਮਝ ਗੁਲਾਮ।
ਉਸ ਦਾ ਹਾਕਮ ਜਿਉਣਾ ਔਖਾ ਕਰ ਦਿੰਦੇ ਨੇ,
ਜਿਸ ਤੇ ਲੱਗ ਜਾਵੇ ਸੱਚ ਬੋਲਣ ਦਾ ਇਲਜ਼ਾਮ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ) 9915803554