ਏਸ਼ਿਆਈ ਮੁੱਕੇਬਾਜ਼ੀ: ਪੰਘਾਲ ਤੇ ਪੂਜਾ ਨੇ ਜਿੱਤੇ ਸੋਨ ਤਗ਼ਮੇ

ਬਿਸ਼ਟ ਸਣੇ ਚਾਰ ਮੁੱਕੇਬਾਜ਼ਾਂ ਨੂੰ ਚਾਂਦੀ;
ਚੈਂਪੀਅਨਸ਼ਿਪ ’ਚ ਕੁੱਲ 13 ਤਗ਼ਮਿਆਂ ਨਾਲ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ

ਭਾਰਤੀ ਮੁੱਕੇਬਾਜ਼ ਅਮਿਤ ਪੰਘਾਲ (52 ਕਿਲੋ) ਨੇ ਏਸ਼ਿਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਲਗਾਤਾਰ ਦੂਜਾ ਸੋਨ ਤਗ਼ਮਾ ਜਿੱਤਿਆ, ਜਦੋਂਕਿ ਕਵਿੰਦਰ ਬਿਸ਼ਟ ਸਣੇ ਚਾਰ ਮੁੱਕੇਬਾਜ਼ਾਂ ਨੂੰ ਚਾਂਦੀ ਦੇ ਤਗ਼ਮੇ ਮਿਲੇ। ਮਹਿਲਾਵਾਂ ਦੇ ਵਰਗ ਵਿੱਚ ਪੂਜਾ ਰਾਣੀ (81 ਕਿਲੋ) ਨੇ ਚੋਟੀ ’ਤੇ ਰਹਿੰਦਿਆਂ ਭਾਰਤ ਦੀ ਝੋਲੀ ਸੋਨ ਤਗ਼ਮਾ ਪਾਇਆ। ਇਸ ਤਰ੍ਹਾਂ ਭਾਰਤ ਦੀ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਮੁਹਿੰਮ ਸ਼ਾਨਦਾਰ ਢੰਗ ਨਾਲ ਸਮਾਪਤ ਹੋਈ। ਭਾਰਤ ਨੇ ਟੂਰਨਾਮੈਂਟ ਵਿੱਚ ਦੋ ਸੋਨੇ, ਚਾਰ ਚਾਂਦੀ ਅਤੇ ਸੱਤ ਕਾਂਸੀ ਸਣੇ ਕੁੱਲ 13 ਤਗ਼ਮੇ ਜਿੱਤੇ। ਪਹਿਲੀ ਵਾਰ ਇਹ ਟੂਰਨਾਮੈਂਟ ਮਹਿਲਾ ਅਤੇ ਪੁਰਸ਼ਾਂ ਲਈ ਇਕੱਠਿਆਂ ਕਰਵਾਇਆ ਗਿਆ ਸੀ। ਬੀਤੇ ਸਾਲ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜੇਤੂ ਅਮਿਤ ਪੰਘਾਲ ਨੇ ਕੋਰੀਆ ਦੇ ਕਿਮ ਇੰਕਿਊ ਨੂੰ ਬਹੁ-ਸੰਮਤੀ ਵਾਲੇ ਫ਼ੈਸਲੇ ਨਾਲ ਹਰਾਇਆ। ਉਸ ਨੇ ਬੁਲਗਾਰੀਆ ਵਿੱਚ ਸਟ੍ਰਾਂਜਾ ਮੈਮੋਰੀਅਲ ਟੂਰਨਾਮੈਂਟ ਵਿੱਚ ਵੀ ਸੋਨ ਤਗ਼ਮਾ ਜਿੱਤਿਆ ਸੀ। ਇਸ ਸਾਲ ਦੇ ਸ਼ੁਰੂ ਵਿੱਚ 49 ਕਿਲੋ ਤੋਂ 52 ਕਿਲੋ ਵਿੱਚ ਆਉਣ ਮਗਰੋਂ ਪੰਘਾਲ ਦਾ ਇਹ ਪਹਿਲਾ ਟੂਰਨਾਮੈਂਟ ਹੈ। ਉਸ ਨੇ 2015 ਵਿੱਚ ਕਾਂਸੀ ਦਾ ਤਗ਼ਮਾ ਹਾਸਲ ਕੀਤਾ ਸੀ। 2012 ਵਿੱਚ ਚਾਂਦੀ ਦਾ ਤਗ਼ਮੇ ਜੇਤੂ 28 ਸਾਲ ਦੀ ਪੂਜਾ ਨੇ ਚੀਨ ਦੀ ਵਾਂਗ ਲਿਨਾ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ। ਆਪਣੇ ਪਿਤਾ ਦੀ ਮਰਜ਼ੀ ਦੇ ਖ਼ਿਲਾਫ਼ ਮੁੱਕੇਬਾਜ਼ੀ ਵਿੱਚ ਆਈ ਹਰਿਆਣਾ ਦੀ ਪੂਜਾ ਨੇ ਛੇ ਮਹੀਨਿਆਂ ਦੇ ਅੰਦਰ ਪਰਿਵਾਰ ਨੂੰ ਮਨਾ ਲਿਆ ਸੀ। ਉਸ ਨੇ 2014 ਵਿੱਚ ਏਸ਼ਿਆਈ ਖੇਡਾਂ ਵਿੱਚ ਵੀ ਕਾਂਸੀ ਦਾ ਤਗ਼ਮਾ ਹਾਸਲ ਕੀਤਾ ਸੀ। ਕੌਮੀ ਚੈਂਪੀਅਨ ਦੀਪਕ ਸਿੰਘ (49 ਕਿਲੋ), ਅਸ਼ੀਸ਼ ਕੁਮਾਰ (75 ਕਿਲੋ) ਅਤੇ ਕਵਿੰਦਰ ਸਿੰਘ ਬਿਸ਼ਟ (56 ਕਿਲੋ) ਨੂੰ ਚਾਂਦੀ ਦੇ ਤਗ਼ਮੇ ਮਿਲੇ। ਮਹਿਲਾ ਦੇ ਡਰਾਅ ਵਿੱਚ ਕੌਮੀ ਚੈਂਪੀਅਨ ਸਿਮਰਨਜੀਤ ਕੌਰ (64 ਕਿਲੋ) ਨੇ ਵੀ ਆਪਣੀ ਮੁਹਿੰਮ ਦੀ ਸਮਾਪਤੀ ਚਾਂਦੀ ਦੇ ਤਗ਼ਮੇ ਨਾਲ ਕੀਤੀ। ਇਸ ਤੋਂ ਪਹਿਲਾਂ ਭਾਰਤੀ ਪੁਰਸ਼ਾਂ ਦਾ ਸਰਵੋਤਮ ਪ੍ਰਦਰਸ਼ਨ 2009 ਵਿੱਚ ਸੀ, ਜਦੋਂ ਟੀਮ ਨੇ ਇੱਕ ਸੋਨਾ, ਦੋ ਚਾਂਦੀ ਅਤੇ ਚਾਰ ਕਾਂਸੀ ਦੇ ਤਗ਼ਮੇ ਜਿੱਤੇ ਸਨ। ਇਸ ਮੌਕੇ ਸ਼ਿਵਾ ਥਾਪਾ (60 ਕਿਲੋ), ਅਸ਼ੀਸ਼ (69 ਕਿਲੋ) ਅਤੇ ਸਤੀਸ਼ ਕੁਮਾਰ (91 ਕਿਲੋ ਤੋਂ ਵੱਧ) ਨੇ ਪੁਰਸ਼ ਵਰਗ ਵਿੱਚ ਕਾਂਸੀ ਦੇ ਤਗ਼ਮੇ ਜਿੱਤੇ। ਪੰਘਾਲ ਨੇ ਹਮਲਾਵਰ ਅੰਦਾਜ਼ ਵਿੱਚ ਖੇਡਣਾ ਸ਼ੁਰੂ ਕੀਤਾ ਅਤੇ ਵਿਰੋਧੀ ਕੋਲ ਉਸ ਦੇ ਹਮਲਿਆਂ ਦਾ ਕੋਈ ਜਵਾਬ ਨਹੀਂ ਸੀ। ਇਸ ਤੋਂ ਪਹਿਲਾਂ ਦੀਪਕ ਨੂੰ ਉਜ਼ਬੇਕਿਸਤਾਨ ਦੇ ਨੋਦਿਰਜੋਨ ਮਿਰਜ਼ਾਮੇਦੋਵ ਨੇ ਸ਼ਿਕਸਤ ਦਿੱਤੀ। ਭਾਰਤੀ ਦਲ ਨੇ ਰੈਫਰੀ ਨੂੰ ਰੀਵਿਊ ਲਈ ਪੀਲਾ ਕਾਰਡ ਵੀ ਦਿੱਤਾ, ਜੋ ਇਸ ਸਾਲ ਪ੍ਰਯੋਗ ਵਜੋਂ ਟੂਰਨਾਮੈਂਟ ਵਿੱਚ ਸ਼ੁਰੂ ਕੀਤਾ ਗਿਆ ਹੈ। ਇਸ ਤਹਿਤ ਕੋਚਾਂ ਕੋਲ ਕਿਸੇ ਫ਼ੈਸਲੇ ਖ਼ਿਲਾਫ਼ ਅਪੀਲ ਕਰਨ ਲਈ ਇੱਕ ਮਿੰਟ ਦਾ ਸਮਾਂ ਹੁੰਦਾ ਹੈ। ਮੁਕਾਬਲੇ ਦੇ ਸਲੋਅ ਮੋਸ਼ਨ ਫੁਟੇਜ਼ ਰੈਫਰੀ ਵੇਖਦਾ ਹੈ ਅਤੇ ਉਸ ’ਤੇ ਅੰਤਿਮ ਫ਼ੈਸਲਾ ਲੈਂਦਾ ਹੈ। ਸਬੰਧਿਤ ਟੀਮ ਦੇ ਪੱਖ ਵਿੱਚ ਫ਼ੈਸਲਾ ਨਾ ਆਉਣ ’ਤੇ ਕੌਮੀ ਫੈਡਰੇਸ਼ਨ ਨੂੰ 1000 ਡਾਲਰ ਜੁਰਮਾਨਾ ਦੇਣਾ ਪੈਂਦਾ ਹੈ। ਭਾਰਤ ਦੇ ਹਾਈ ਪਰਫਾਰਮੈਂਸ ਨਿਰਦੇਸ਼ਕ ਸੈਂਟਿਆਗੋ ਨੀਵਾ ਨੇ ਕਿਹਾ, ‘‘ਅਸੀਂ ਫ਼ੈਸਲਾ ਬਦਲਵਾ ਨਹੀਂ ਸਕੇ, ਪਰ ਵਿਰੋਧ ਦਰਜ ਕਰਵਾਇਆ।’’ ਕੌਮੀ ਕੋਚ ਸੀਏ ਕੋਟੱਪਾ ਨੇ ਕਿਹਾ, ‘‘ਇਸ ਪ੍ਰਣਾਲੀ ਨੂੰ ਵਿਸ਼ਵ ਚੈਂਪੀਅਨਸ਼ਿਪ ਵਿੱਚ ਵੀ ਅਧਿਕਾਰਤ ਤੌਰ ’ਤੇ ਸ਼ੁਰੂ ਕੀਤਾ ਜਾਵੇਗਾ।’’ ਬਿਸ਼ਟ ਨੂੰ ਉਜ਼ਬੇਕਿਸਤਾਨ ਦੇ ਮਿਰਾਜ਼ਿਜ਼ਬਕ ਮਿਰਜ਼ਾਲਿਲੋਵ ਨੇ ਮਾਤ ਦਿੱਤੀ। ਉਤਰਾਖੰਡ ਦਾ ਇਹ ਮੁੱਕੇਬਾਜ਼ ਖੱਬੀ ਅੱਖ ’ਤੇ ਪੱਟੀ ਬੰਨ੍ਹ ਕੇ ਖੇਡ ਰਿਹਾ ਸੀ, ਕਿਉਂਕਿ ਸੈਮੀ ਫਾਈਨਲ ਵਿੱਚ ਉਸ ਨੂੰ ਸੱਟ ਲੱਗੀ ਸੀ। ਅਸ਼ੀਸ਼ ਨੂੰ ਕਜ਼ਾਖ਼ਸਤਾਨ ਦੇ ਤੁਰਸੀਨਬੇ ਕੁਲਾਖਮਿਤ ਨੇ ਮਾਤ ਦਿੱਤੀ। ਇਸ ਤੋਂ ਪਹਿਲਾਂ ਦੀਪਕ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਪਰ ਉਹ ਜੱਜਾਂ ਦੇ ਫ਼ੈਸਲੇ ਨੂੰ ਪ੍ਰਭਾਵਿਤ ਨਹੀਂ ਕਰ ਸਕਿਆ। ਭਾਰਤੀ ਮੁੱਕੇਬਾਜ਼ ਨੇ ਸ਼ੁਰੂਆਤੀ ਰਾਊਂਡ ਵਿੱਚ ਸਪਸ਼ਟ ਜਿੱਤ ਦਰਜ ਕੀਤੀ, ਜਦੋਂਕਿ ਦੂਜੇ ਰਾਊਂਡ ਵਿੱਚ ਮਿਰਜ਼ਾਮੇਦੋਵ ਨੇ ਮਜ਼ਬੂਤੀ ਨਾਲ ਵਾਪਸੀ ਕੀਤੀ। ਇਸ ਤੋਂ ਬਾਅਦ ਅਸ਼ੀਸ਼ ਨੂੰ ਕਜ਼ਾਖ਼ਾਸਤਾਨ ਦੇ ਤੁਰਸੀਨਬੇ ਕੁਲਾਖ਼ਮਿਤ ਤੋਂ ਹਾਰ ਝੱਲਣੀ ਪਈ। ਮਹਿਲਾ ਸਿੰਗਲਜ਼ ਵਿੱਚ ਕੌਮੀ ਚੈਂਪੀਅਨ ਸਿਮਰਨਜੀਤ ਕੌਰ ਚੀਨ ਦੀ ਮੌਜੂਦਾ ਵਿਸ਼ਵ ਚੈਂਪੀਅਨ ਤੋਂ ਹਾਰ ਗਈ। ਇਸ ਤੋਂ ਬਾਅਦ ਪੂਜਾ ਨੇ ਦਿਨ ਦੇ ਅੰਤਿਮ ਮੁਕਾਬਲੇ ਵਿੱਚ ਚੀਨ ਦੀ ਖਿਡਾਰਨ ਲਿਨਾ ਨੂੰ ਹਰਾ ਕੇ ਸੋਨ ਤਗ਼ਮਾ ਆਪਣੇ ਕਰ ਲਿਆ ਅਤੇ ਭਾਰਤ ਦੀ ਮੁਹਿੰਮ ਸ਼ਾਨਦਾਰ ਢੰਗ ਨਾਲ ਖ਼ਤਮ ਕੀਤੀ। ਮਹਿਲਾ ਖਿਡਾਰਨਾਂ ਵਿੱਚ ਸਾਬਕਾ ਚੈਂਪੀਅਨ ਐਲ ਸਰਿਤਾ ਦੇਵੀ (60 ਕਿਲੋ), ਪਿਛਲੇ ਟੂਰਨਾਮੈਂਟ ਦੀ ਚਾਂਦੀ ਦਾ ਤਗ਼ਮਾ ਜੇਤੂ ਮਨੀਸ਼ਾ (54 ਕਿਲੋ), ਸਾਬਕਾ ਜੂਨੀਅਰ ਵਿਸ਼ਵ ਚੈਂਪੀਅਨ ਨਿਖਿਤ ਜ਼ਰੀਨ (51 ਕਿਲੋ) ਅਤੇ ਵਿਸ਼ਵ ਚਾਂਦੀ ਦਾ ਤਗ਼ਮਾ ਜੇਤੂ ਸੋਨੀਆ ਚਾਹਲ (57 ਕਿਲੋ) ਨੂੰ ਕਾਂਸੀ ਦੇ ਤਗ਼ਮੇ ਮਿਲੇ।

Previous articleਮੰਦਰ ਵਿਵਾਦ: ਸ਼ਿਵ ਸੈਨਾ ਆਗੂਆਂ ਨੇ ਵਿਰੋਧ ਦੇ ਬਾਵਜੂਦ ਸਾਧਵੀ ਨੂੰ ਗੱਦੀ ’ਤੇ ਬਿਠਾਇਆ
Next articleਦਿਵਿਆਂਸ਼ ਨੇ ਇੱਕ ਗੋਲੀ ਨਾਲ ਦੋ ‘ਨਿਸ਼ਾਨੇ’ ਫੁੰਡੇ