(ਸਮਾਜ ਵੀਕਲੀ)
– ਪ੍ਰਿੰ . ਕੇਵਲ ਸਿੰਘ ਰੱਤੜਾ
ਮੰਗਤਿਆਂ ਨੂੰ ਕੌਣ ਨਹੀਂ ਜਾਣਦਾ। ਬੜੇ ਕਮਾਲ ਦੇ ਪ੍ਰਾਣੀ ਹੁੰਦੇ ਹਨ ਇਹ । ਜਿੱਥੇ ਆਮ ਆਦਮੀ ਮੰਗਣ ਤੋਂ ਬੱਚਦਾ ਰਹਿੰਦਾ,ਇਹ ਤਾਂ ਬੇਝਿੱਜਕ ਆਪਣੀ ਮੰਗ ਰੱਖ ਦਿੰਦੇ ਹਨ ਅਤੇ ਪੂਰੀ ਵਾਹ ਲਾਉਂਦੇ ਹਨ ਕਿ ਖੈਰ ਪੈ ਹੀ ਜਾਵੇ। ਆਉ , ਮੰਗਤਿਆਂ ਬਾਰੇ ਹੋਰ ਕੁੱਝ ਜਾਣੀਏ। ਮੰਗਤੇ ਦਾ ਕੰਮ ਦੂਜਿਆਂ ਤੋਂ ਮੰਗਣਾ ਮੁੱਖ ਹੁੰਦਾ ਹੈ ਪਰ ਜੋ ਉਹ ਮੰਗਦੇ ਹਨ, ਉਹਨਾਂ ਨੇ ਖੁੱਦ ਦੇਣ ਵਾਲਿਆਂ ਨੂੰ ਉਧਾਰਾ ਨਹੀਂ ਦਿੱਤਾ ਹੁੰਦਾ। ਸਗੋਂ ਦੇਣ ਵਾਲਿਆਂ ਦੀ ਕਮਾਈ,ਉੁਹਨਾਂ ਕੋਲ ਸਾਂਭਿਆ ਜਾਂ ਉਹਨਾਂ ਦੇ ਅਧਿਕਾਰ ਵਿੱਚ ਰੱਖਿਆ ਪੈਸਾ ਜਾਂ ਵਸਤੂ ਹੁੰਦੀ ਹੈ।
ਇਸ ਪੱਖੋਂ ਦੇਣ ਵਾਲਾ , ਦਾਤਾ , ਦਾਤਾਰ , ਪਰਉਪਕਾਰੀ , ਭਲਾ ਕਰਨ ਵਾਲਾ , ਸ਼ਾਹ , ਸਰਪ੍ਰਸਤ ਜਾਂ ਹਮਦਰਦ ਅਖਵਾਉਂਦਾ ਹੈ। ਇਹ ਇੱਕ ਵਿਅਕਤੀ ਜਾਂ ਸੰਸਥਾ ਵੀ ਹੋ ਸਕਦੀ ਹੈ ਜਿਸ ਕੋਲ ਕਿਸੇ ਹੋਰ ਨੂੰ ਕੁੱਝ ਦੇਣ ਦੀ ਸਮਰੱਥਾ,ਮਰਜ਼ੀ ਅਤੇ ਉਦਾਰਤਾ ਹੋਵੇ। ਦਾਨ ਜਾਂ ਖੈਰ ਪਾਉਣ ਵਾਲਾ ਸਰਕਾਰੀ ਗਰਾਂਟ ਜਾਂ ਸਬਸਿਡੀ ਵਾਗੂੰ ਹੀ ਕੁੱਝ ਵਾਪਸ ਲੈਣ ਦੀ ਆਸ ਵੀ ਨਹੀਂ ਕਰਦਾ। ਮੰਗਤਾ ਵੀ ਕਰਜ਼ਾਈ ਹੋਣ ਦੀ ਜਿੱਲਤ ਅਤੇ ਸ਼ਰਮਿੰਦਗੀ ਦਾ ਬੋਝ ਨਹੀਂ ਮੰਨਦਾ।
ਮੰਗਣ ਵਾਲਾ ਮੰਗਤਾ , ਲੋੜਵੰਦ ਹੁੰਦਾ ਹੈ ਜਾਂ ਲੋੜਵੰਦ ਹੋਣ ਦਾ ਢੱਕਵੰਜ ਰੱਚਦਾ ਹੈ। ਬੋਲਾਂ ਅਤੇ ਪਹਿਰਾਵੇ ਵਿੱਚ ਬੇਸਹਾਰਾ ਅਤੇ ਵਿਚਾਰਗੀ ਦਰਸਾਉਣ ਦੀ ਐਕਟਿੰਗ ਕਰਦਾ ਹੈ। ਉਹ ਮਜ਼ਬੂਰੀ ਦੀ ਜਿੰਦਗੀ ਹੰਢਾ ਰਿਹਾ ਹੁੰਦਾ ਹੈ,ਕਮਾਊ ਨਹੀਂ ਰਹਿੰਦਾ ਜਾਂ ਕੰਮ ਕਰਨ ਦੀ ਹਾਲਤ ਵਿੱਚ ਨਹੀਂ ਹੁੰਦਾ। ਤੁਹਾਡੇ ਬੂਹੇ ਆਉਣ ਵਾਲੇ ਮੰਗਤੇ ਤੁਹਾਨੂੰ ਜਾਣਦੇ ਨਹੀਂ ਹੁੰਦੇ ਪਰ ਮੰਗਣ ਲੱਗੇ ਬੇਝਿੱਜਕ ਇੱਕੋ ਸਮੇਂ ਕਈ ਕੁੱਝ ਮੰਗ ਲੈਂਦੇ ਹਨਂ। ਜਿੰਨੀ ਦੇਰ ਤੱਕ ਤੁਸੀਂ ਕੁੱਝ ਸੋਚਣ ਲੱਗਦੇ ਹੋ , ਇਹ ਕੁੱਝ ਨਾ ਕੁੱਝ ਦੁਆਵਾਂ ਦੇਂਦੇ ਰਹਿੰਦੇ ਨੇ ਅਤੇ ਜੇਕਰ ਤੁਸੀਂ ਕੁੱਝ ਹਮਦਰਦੀ ਦਿਖਾਈ ਤਾਂ ਫਿਰ ਲਿਸਟ,ਨਾਲ ਹੀ ਵੱਡੀ ਹੋ ਜਾਂਦੀ ਹੈ,ਜਿਵੇਂ ਕਿ ਪ੍ਰਸ਼ਾਦਾ , ਚਾਹ , ਪਾਣੀ ਜਾਂ ਫਿਰ ਕਿਸੇ ਖੇਸ , ਕੰਬਲ , ਜੈਕਟ ਆਦਿ ਦੀ ਮੰਗ। ਮੰਗਤਿਆਂ ਦੇ ਧੰਦੇ ਨੇ ਸਾਰੀ ਦੁਨੀਆਂ ਵਿੱਚ ਆਪਣੀ ਹੋਂਦ ਕਾਇਮ ਕੀਤੀ ਹੈ ਪਰ ਹਰੇਕ ਜਗ੍ਹਾ ਤੇ ਅੰਦਾਜ ਤੇ ਸਟੈਂਡਰਡ ਵੱਖਰਾ ਹੈ। ਕੁੱਝ ਕੁ ਅਪਵਾਦਾਂ ਨੂੰ ਛੱਡਕੇ ਬਹੁਗਿਣਤੀ ਮੰਗਤੇ ਗਰੀਬ ਹੀ ਹੁੰਦੇ ਹਨ। ਭਾਰਤ ਵਿੱਚ ਇਹ ਕੁਪੋਸ਼ਣ ਦੇ ਮਾਰੇ, ਗੰਦੇ ਮਹੌਲ ਵਿੱਚ ਰਹਿੰਦੇ ਅਤੇ ਕਿਸੇ ਪ੍ਰਕਾਰ ਦੀ ਪੱਕੀ ਆਮਦਨੀ ਦੇ ਹਾਸਲ ਕਰਤਾ ਨਹੀਂ ਹੁੰਦੇ।
ਸਾਡੇ ਸਭਿਆਚਾਰ ਵਿੱਚ ਖੁੱਸਰੇ ਅਮੀਰ ਮੰਗਤੇ ਹੁੰਦੇ ਹਨ ਅਤੇ ਕਈ ਤਰਾਂ ਦੇ ਭਰਮਾਂ ਤਹਿਤ ਖੁਸ਼ੀ ਦੇ ਸਮੇਂ ਤੇ ਬੱਝਵੀਂ ਕਮਾਈ ਕਰ ਜਾਂਦੇ ਹਨ। ਸਾਡੇ ਧਾਰਮਿਕ ਖੇਤਰਾਂ ਵਿੱਚ ਵੀ ‘ਮੰਗਤਾ’ਸ਼ਬਦ ਨਿਮਰਤਾ ਦਾ ਪ੍ਰਤੀਕ ਬਣ ਗਿਆ ਹੈ। ਕਈ ਧਾਰਮਿਕ ਗਰੰਥ ਤਾਂ ਸਾਰੀ ਦੁਨੀਆਂ ਨੂੰ ਹੀ ਮੰਗਤੀ ਗਰਦਾਨਦੇ ਹਨ ਅਤੇ ਰੱਬ ਨੂੰ ਹੀ ਸਭਤੋਂ ਵੱਡਾ ਦਾਤਾ ਮੰਨਦੇ ਹਨ। ਭਾਵ ਮੰਗਣ ਦੀ ਆਦਤ ਹਰੇਕ ਬੰਦੇ ਦੇ ਸੁਭਾਅ ਵਿੱਚ ਹੀ ਹੈ। ਕੋਈ ਰੱਬ ਤੋਂ ਮੰਗਦਾ , ਕੋਈ ਸਰਕਾਰ ਤੋਂ ਮੰਗਦਾ, ਤੇ ਕਈ ਬੈਂਕਾਂ ਜਾਂ ਸ਼ਾਹੂਕਾਰਾਂ ਤੋਂ ਮੰਗਦੇ ਹਨ।
ਧਾਰਮਿਕ ਸਥਾਨਾਂ ਤੇ ਜਾ ਕੇ ਬੇਨਤੀ ,ਜਾਂ ਅਰਦਾਸਾਂ ਕਰਨੀਆਂ ਉੁਹ ਵੀ ਝੜਾਵਾ ਚਾੜ੍ਹਕੇ ਤਾਂ ਇੰਜ ਦਾ ਵਰਤਾਰਾ ਹੈ ਜਿਵੇਂ ਰੱਬ ਸਿਰਫ ਉਸੇ ਹੀ ਵਿਸ਼ੇਸ਼ ਸਥਾਨ ਤੇ ਵਾਸ ਕਰਦਾ ਹੋਵੇ । ਆਪਣੇ ਸਮੇਂ ਸਾਰਣੀ ਅਨੁਸਾਰ ਸੰਗਤ ਦਰਸ਼ਨ ਕਰਕੇ ਸਭ ਦੀਆਂ ਫਰਿਆਦਾਂ ਸੁਣਦਾ ਹੋਵੇ ਅਤੇ ਤਥਾ ਅਸਤੂ ਕਹਿਕੇ ਮਨੋਕਾਮਨਾਵਾਂ ਸਮਝਕੇ ਸਭਨੂੰ ਸੰਤੁਸ਼ਟ ਕਰਕੇ ਘਰ ਨੂੰ ਭੇਜ ਦਿੰਦਾ ਹੋਵੇ। ਕਈ ਲੋਕ ਤਾਂ ਅਰਦਾਸ ਬੇਨਤੀ ਕਰਨ ਲਈ ਵੀ ਅੱਗੇ ਅਰਜ਼ੀ ਨਵੀਸ (ਪੁਜਾਰੀ) ਰੱਖ ਲੈਂਦੇ ਹਨ ਜੋ ਦਰਸ਼ਨ ਅਭਿਲਾਸ਼ੀ ਦੀ ਮਨੋਕਾਮਨਾ ਪ੍ਰਮਾਤਮਾ ਤੱਕ ਪਹੁੰਚਾਉਂਦੇ ਹਨ , ਵਿਸ਼ੇਸ਼ ਮੰਤਰ , ਕੁੱਝ ਤੁੱਕਾਂ ਜਾਂ ਉਹ ਰਸਮੀ ਭਾਸ਼ਾ ਜੋ ਸਿਰਫ ਰੱਬ ਜੀ ਸਮਝਦੇ ਹੋਣ।
ਜਦੋਂ ਅਕਾਲ ਪੁਰਖ ਅੰਤਰਯਾਮੀ ਹੋਵੇ , ਫਿਰ ਇਹ ਸਾਰੇ ”ਰੋਟੀ ਕਾਰਣ ਠਕ ਠੱਕੇ ” ਹੀ ਹੋਏ ਨਾ।
ਅਗਲੀ ਵੰਨਗੀ ਹੈ , ਜੋ ਮੰਗਤੇ ਘਰ ਘਰ ਨਹੀਂ ਜਾਂਦੇ, ਰੱਬ ਤੋਂ ਮੰਨਤਾਂ ਵੀ ਨਹੀਂ ਮੰਗਦੇ ਪਰ ਮੁਫ਼ਤ ਰਾਸ਼ਨ , ਆਟਾ ਦਾਲ ਚਾਵਲ, ਸਰਕਾਰੀ ਸਕੀਮਾਂ ਦਾ ਲਾਹਾ ਲੈਣ ਵਾਲੇ ਅਤੇ ਹੋਰ ਗਰੀਬ ਮਜ਼ਦੂਰ ਕਿਸਾਨ । ਸਰਕਾਰੀ ਗਰਾਟਾਂ ਜਾਂ ਸਬਸਿਡੀਆਂ ਨੂੰ ਹੜੱਪ ਕੇ ਬਾਕੀ ਕਰਜ਼ਾ ਵਾਪਸ ਨਾ ਮੋੜਨ ਵਾਲੇ ਇਹ ਲੋਕ ਜੁਗਾੜੂ ਹੁੰਦੇ ਹਨ ।ਸਤਾਧਾਰੀ ਪਾਰਟੀ ਦੇ ਸਰਪੰਚ ਰਾਹੀਂ ਜਾਂ ਉੱਚੀ ਪਹੁੰਚ ਵਾਲੇ ਕਾਰਕੁੰਨ , ਵਿਕਾਸ ਮਹਿਕਮੇ ਜਾਂ ਫੂਡ ਸਪਲਾਈ ਇੰਸਪੈਕਟਰ ਨਾਲ ਮਿੱਲਕੇ ਪਹਿਲਾਂ ਨਜਾ਼ਇਜ਼ ਨੀਲੇ ਪੀਲੇ ਕਾਰਡ, ਫਿਰ ਗਲਤ ਹਲਫੀਆ ਬਿਆਨ ਤਸਦੀਕ ਕਰਵਾਉਂਦੇ ਹਨ ।
ਪਾਸ ਕਰਨ ਵਾਲੇ ਅਫਸਰ ਨਾਲ ਗੰਢ ਤੁੱਪ ਕਰਕੇ ਅਤੇ ਐਮ . ਐਲ ਏ ਜਾਂ ਪ੍ਰਭਾਵੀ ਹਲਕਾ ਇੰਚਾਰਜ ਤੋਂ ਵੀ ਫੋਨ ਕਰਵਾ ਕੇ, ਨਾਲ ਰਿਸ਼ਵਤ ਦੀ ਪਹਿਲੀ ਕਿਸ਼ਤ ਲਾਕੇ ਫਾਈਲ ਤਿਆਰ ਕਰਵਾ ਲੈਂਦੇ ਹਨ। ਜੇ ਕਿਤੇ ਪਾਸਾ ਪੁੱਠਾ ਪੈ ਜਾਵੇ ਤਾਂ ਜੇਲ ਵੀ ਚਲੇ ਜਾਂਦੇ ਹਨ ਜਾਂ ਹੋਰ ਪੈਸੇ ਦੇਕੇ ਜਾਨ ਛੁੱਡਾਉਂਦੇ ਨੇ। ਸ਼ਾਇਦ ਐਸੇ ਵਰਤਾਰੇ ਨੇ ਹੀ ਪੰਜਾਬ ਵਿੱਚ ਲੋਕਾਂ ਨੇ ਰਿਸ਼ਤਖੋਰੀ ਨੂੰ ਜੁਰਮ ਮੰਨਣ ਲਈ ਕਦੇ ਪਹਿਲ ਹੀ ਨਹੀ ਕੀਤੀ ਅਤੇ ਅਸਲ ਲੋੜਵੰਦ ਵਿਚਾਰੇ ਹੱਥ ਮੱਲਦੇ ਰਹਿ ਜਾਂਦੇ ਹਨ। ਇਸ ਵੰਨਗੀ ਦੇ ਮੰਗਤੇ ਸ਼ਕਲ ਸੂਰਤ ਤੋਂ ਭਿਖਾਰੀ ਨਹੀਂ ਲੱਗਦੇ ਪਰ ਬਹੁਤ ਜਿਆਦਾ ਅਮੀਰ ਵੀ ਨਹੀਂ ਹੁੰਦੇ , ਬੱਸ ਲਾਈਲੱਗ , ਮੌਕਾਪ੍ਰਸਤ ਅਤੇ ਲੋਕਲ ਨੇਤਾਵਾਂ ਦੇ ਹੱਥ ਠੋਕੇ ਹੀ ਰਹਿੰਦੇ ਹਨ।ਹਾਂ ਦਫਤਰਾਂ ਤਹਿਸੀਲਾਂ ਦੇ ਵਾਕਫਕਾਰ ਜਰੂਰ ਹੁੰਦੇ ਹਨ।
ਅਗਲੀ ਕਿਸਮ ਦੇ ਮੰਗਤੇ ਸ਼ਾਤਰ ਦਿਮਾਗ , ਪਹਿਲਾਂ ਹੀ ਕਰੋੜਾਂ ਜਾਂ ਅਰਬਾਂ ਵਿੱਚ ਖੇਲਣ ਵਾਲੇ , ਵੱਡੀਆਂ ਰਾਸ਼ਟਰੀ ਜਾਂ ਅੰਤਰ ਰਾਸ਼ਟਰੀ ਕੰਪਨੀਆਂ ਦੇ ਮਾਲਕ , ਸਤਾਧਾਰੀ ਪਾਰਟੀ ਵਿੱਚ ਵਧੀਆ ਰਸੂਖ ਰੱਖਣ ਵਾਲੇ ,ਪਬਲਿਕ ਵਿੱਚ ਲਗਜ਼ਰੀ ਰਹਿਣ ਬਹਿਣ ਦੇ ਪ੍ਰਭਾਵ ਛੱਡਣ ਵਾਲੇ ਅਤੇ ਹਵਾਈ ਸਫਰ ਵੀ ਬਿਜ਼ਨਸ ਕਲਾਸ ਵਿੱਚ ਕਰਦੇ ਨੇ ।
ਇਹ ਮੰਗਤੇ ਆਪਣੀ ਅਰਜ਼ੀ ਨਹੀ ਪੂਰੀ ਪ੍ਰੌਜੈਕਟ ਰਿਪੋਰਟ, ਮਾਹਿਰਾਂ ਤੋਂ ਤਿਆਰ ਕਰਵਾਉਂਦੇ ਹਨ, ਬਹੁਤੀ ਵਾਰੀ ਝੂਠਾ ਬਿਜਨਸ ਲੇਖਾ ਜੋਖਾ ਸੀ. ਏ ਤੋਂ ਰਿਸ਼ਵਤ ਨਾਲ ਤਿਆਰ ਕਰਵਾਉਂਦੇ ਹਨ , ਤੇ ਫਿਰ ਮੰਤਰੀਆਂ ਰਾਹੀ ਬੈਂਕਾਂ ਦੇ ਡਾਇਰੈਕਟਰ ਨੂੰ ਫੋਨ ਕਰਵਾ ਕੇ ਕਈ ਹਜਾਰ ਕਰੋੜਾਂ ਵਿੱਚ ਕਰਜ਼ਾ ਪਾਸ ਕਰਵਾ ਲੈਂਦੇ ਹਨ। ਵਿਚਾਰੇ ਬੈਂਕ ਬਰਾਂਚ ਮੈਨੇਜਰ ਤਾਂ ਮੱਥਾ ਪੋਚੀ ਜੋਗੇ ਹੀ ਰਹਿ ਜਾਂਦੇ ਨੇ। ਇਹ ਸਾਰਾ ਕੁੱਝ ਸਤਾਧਾਰੀ ਪਾਰਟੀ ਨੂੰ ਦਾਨ ਦੇ ਰੂਪ ਵਿੱਚ ਚੰਦਾ ਦੇਕੇ ਕੀਤਾ ਜਾਂਦਾ ਹੈ।
ਇਹ ਕਰਜ਼ਾ ਫਿਰ ਉਤਪਾਦਨ ਵਧਾਉਣ ਲਈ , ਰੋਜ਼ਗਾਰ ਪੈਦਾ ਕਰਨ , ਜਾਂ ਮਸ਼ੀਨਰੀ ਖਰੀਦਣ ਲਈ ਨਹੀਂ ਸਗੋਂ ਕਾਲਾ ਧਨ ਵਧਾਉਣ ਜਾਂ ਵਿਦੇਸ਼ਾ ਵਿੱਚ ਜਮਾਂ ਕਰਾਉਣ ਲਈ ਵਰਤ ਲਿਆ ਜਾਂਦਾ ਹੈ। ਸਬਸਿਡੀਆਂ ਡਕਾਰ ਕੇ ਜਦੋਂ ਕਰਜ਼ਾ ਵਾਪਸ ਕਰਨ ਦੀ ਨੌਬਤ ਆਉਂਦੀ ਹੈ ਤਾਂ ਮਾਲਕ ਵਿਦੇਸ਼ਾ ਵਿੱਚ ਛੂੰਮੰਤਰ ਹੋ ਜਾਂਦੇ ਹਨ।ਨੀਰਵ ਮੋਦੀ, ਲਲਿਤ ਮੋਦੀ, ਵਿਜੇ ਮਾਲਿਆ , ਚੌਕਸੀ ਆਦਿ ਨਾਂ ਸਭਨੂੰ ਯਾਦ ਨੇ।
ਕਨੂੰਨੀ ਪ੍ਰਕਿਆ ਦਾ ਤਾਂ ਹੁਣ ਰੱਬ ਹੀ ਰਾਖਾ , 30-35 ਸਾਲ ਲੱਗਣੇ ਤਾਂ ਹੁਣ ਆਮ ਹੀ ਹੋ ਗਿਆ ਹੈ। ਵਿਚਾਰੇ ਕਰਮਚਾਰੀ , ਬਜੁਰਗ ਜਾਂ ਘਰੇਲੂ ਔਰਤਾਂ ਨੇ ਮੁਸ਼ਕਿਲ ਨਾਲ ਬੈਕਾਂ ਵਿੱਚ ਆਪਣਾ ਪੈਸਾ ਜਮਾਂ ਕੀਤਾ ਹੁੰਦਾ ਪਰ ਖਾਣ ਵਾਲੇ ਇਹ ਬਦਮਾਸ਼ ਮੰਗਤੇ , ਬੈਕਾਂ ਨੂੰ ਡੋਬਣ ਤੱਕ ਦੀ ਕਗਾਰ ਤੱਕ ਲੈ ਆਉਂਦੇ ਹਨ। ਮੰਗਤੇ ਮੈਂ ਇਸ ਕਰਕੇ ਕਿਹਾ ਕਿ ਇਹਨਾਂ ਦੀਆਂ ਪ੍ਰੋਪੋਜਲਾਂ ਰਿਜੈਕਟ ਵੀ ਹੋ ਸਕਦੀਆਂ ਹਨ । ਪਰ ਜਦੋਂ ਚੋਰ ਤੇ ਕੁੱਤੀ ਰਲ ਜਾਣ ਫਿਰ ਨਵੇਂ ਇਮਾਨਦਾਰ ਕੁੱਤੇ ਦੀ ਨਸਲ ਕਿੱਥੋ ਲਿਆਈਏ ?
ਹਾਂ ਸੱਚ, ਔਰਤਾਂ ਵੀ ਇਸ ਭਿਆਲੀ ਵਿੱਚ ਪਿੱਛੇ ਨਹੀਂ ਰਹੀਆਂ । ਆਈ ਸੀ ਆਈ ਸੀ ਬੈਂਕ ਦੀ ਸੀਈਉ ਨੇ ਆਪਣੇ ਹੀ ਪਤੀ ਦੀਆਂ ਬੇਨਾਮੀ ਕੰਪਨੀਆਂ ਨੂੰ ਸੈਕੜੇ ਕਰੋੜਾਂ ਦਾ ਕਰਜ਼ਾ ਮਨਮਰਜੀ ਨਾਲ ਦੇਕੇ ਖੁਰਦ ਬੁਰਦ ਕਰਵਾਇਆ ਤੇ ਹੁਣ ਬਰਖਾਸਤ ਹੋ ਕੇ ਜਾਂਚ ਏਜੰਸੀਆਂ ਤੇ ਕਚਿਹਰੀਆਂ ਦੇ ਚੱਕਰ ਕੱਟ ਰਹੀ ਹੈ।ਇੱਕ ਹੋਰ ਔਰਤ ਚੇਅਰ ਪਰਸਨ ਨੇ ਦੇਸ਼ ਦੀ ਸਭਤੋਂ ਵੱਡੀ ਬੈਂਕ ਦਾ ਰਲੇਵਾਂ ਕਰਵਾ ਕੇ , ਬਹੁਤ ਵੱਡੇ ਕਰਜ਼ੇ ਰਾਈਟ ਔਫ ਕਰਵਾਕੇ , ਹਜਾਰਾਂ ਕਰਮਚਾਰੀਆਂ ਨੂੰ ਜਬਰਨ ਸੇਵਾਮੁਕਤ ਕਰਕੇ , ਖੁੱਦ ਰਿਲਾਇੰਸ( ਅੰਬਾਨੀ) ਕੋਲ ਡਾਇਰੈਕਟਰ ਲੱਗੀ ਹੋਈ ਹੈ । ਯਾਦ ਰਹੇ , ਇਹ ਮੁਹਤੱਰਮਾ ਭਾਰਤੀ ਰਿਜਰਵ ਬੈਂਕ ਦੇ ਗਵਰਨਰ ਦੀ ਕੁਰਸੀ ਦੀ ਦੌੜ ਵਿੱਚ ਵੀ ਸੀ। ਮੰਗਤਿਆਂ ਦੇ ਗਰੋਹ ਵੱਡੇ ਸ਼ਹਿਰਾਂ ਵਿੱਚ ਮਾਫੀਆ ਰੂਪੀ ਸਟੇਟਸ ਰੱਖਦੇ ਹਨ , ਪੁਲੀਸ ਨਾਲ ਮਿਲਕੇ।
ਸੋ ਅੰਤ ਵਿੱਚ ਇਹੀ ਸੁਝਾਅ ਹੈ ਕਿ ਵਿਚਾਰੇ ਗਰੀਬ ਮੰਗਤੇ ਨੂੰ ਝਿੜਕਣ ਜਾਂ ਦੁਰਕਾਰਣ ਵੇਲੇ ਸੋਚਿਉ ਕਿ ਇਹ ਕਿਸ ਵੰਨਗੀ ਦਾ ਮੰਗਤਾ ਹੈ। ਹਮਦਰਦੀ ਰੱਖਣਾ ਰੱਬੀ ਗੁਣ ਹੈ ਪਰ ਜਿਆਦਾ ਮਿਹਰਬਾਨੀ ਕਿਤੇ ਸਮਾਜ ਵਿੱਚ ਹੋਰ ਮੰਗਤੇ ਨਾ ਵਧਾ ਦੇਵੇ । ਕਰੋਨਾ ਵਿੱਚ ਤਾਂ ਹੁਣ ਸਾਰੇ ਹੀ ਵਿਚਾਰਗੀ ਹੰਢਾ ਰਹੇ ਹਾਂ। ਪਰ ਵਾਹਿਗੁਰੂ ਮੰਗਤਾ ਨਾ ਬਣਾਵੇ ।