ਚੰਡੀਗੜ੍ਹ (ਸਮਾਜ ਵੀਕਲੀ) : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਕੋਵਿਡ-19 ਪੀੜਤ ਦੋ ਮਰੀਜ਼ਾਂ ਦੀਆਂ ਮ੍ਰਿਤਕ ਦੇਹਾਂ ਆਪਸ ਵਿੱਚ ਬਦਲੇ ਜਾਣ ਦੇ ਮਾਮਲੇ ਦੀ ਜਾਂਚ ਲਈ ਕਮਿਸ਼ਨ ਗਠਿਤ ਕੀਤੇ ਜਾਣ ਦੀ ਮੰਗ ਕਰਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। 17 ਜੁਲਾਈ ਨੂੰ ਅੰਮ੍ਰਿਤਸਰ ’ਚ ਕਰੋਨਾ ਕਰਕੇ ਮੌਤ ਦੇ ਮੂੰਹ ਪਏ 92 ਸਾਲਾ ਬਜ਼ੁਰਗ ਦੀ ਦੇਹ ਘਰ ਭੇਜੇ ਜਾਣ ਮੌਕੇ ਇਕ ਮਹਿਲਾ ਮਰੀਜ਼ ਦੀ ਦੇਹ ਨਾਲ ਬਦਲ ਗਈ ਸੀ।
ਬਜ਼ੁਰਗ ਦੇ ਦੋ ਪੁੱਤਰਾਂ ਨੇ ਹਾਈ ਕੋਰਟ ਦਾ ਰੁਖ਼ ਕਰਦਿਆਂ ਦਾਅਵਾ ਕੀਤਾ ਸੀ ਕਿ ਪੰਜਾਬ ਸਰਕਾਰ ਇਸ ਸਾਰੇ ਕੁਝ ’ਤੇ ਪਰਦਾ ਪਾਉਣ ਲਈ ਕਥਿਤ ਸਾਜ਼ਿਸ਼ ਘੜ ਰਹੀ ਹੈ। ਹਾਈ ਕੋਰਟ ਨੇ ਹਾਲਾਂਕਿ ਪਟੀਸ਼ਨਰਾਂ ਦੀ ਮੰਗ ਉੱਤੇ ਉਨ੍ਹਾਂ ਦੇ ਪਿਤਾ ਦੀਆਂ ਅਸਥੀਆਂ ਦਾ ਡੀਐੱਨਏ ਟੈੱਸਟ, ਜੇਕਰ ਸੰਭਵ ਹੁੰਦਾ ਹੋਵੇ, ਕਰਵਾਉਣ ਦੀ ਇਜਾਜ਼ਤ ਦਿੰਦਿਆਂ 29 ਜੁਲਾਈ ਨੂੰ ਕੇਸ ਦੀ ਅਗਲੀ ਸੁਣਵਾਈ ਤਕ ਰਿਪੋਰਟ ਪੇਸ਼ ਕਰਨ ਦੀ ਹਦਾਇਤ ਕੀਤੀ ਹੈ।