ਚੰਡੀਗੜ੍ਹ, (ਸਮਾਜਵੀਕਲੀ) : ਪੰਜਾਬ ਵਿਚ ਅੱਜ ਮੌਨਸੂਨ ਨੇ ਅੱਧੀ ਦਰਜਨ ਜ਼ਿਲ੍ਹਿਆਂ ਨੂੰ ਜਲ ਥਲ ਕਰ ਦਿੱਤਾ ਹੈ। ਐਤਕੀਂ ਮੌਨਸੂਨ ਪੰਜਾਬ ’ਚ ਅਗੇਤਾ ਪੁੱਜਾ ਹੈ ਅਤੇ 26 ਜੂਨ ਤੋਂ ਹੀ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ। ਪੰਜਾਬ ਦੇ ਮਾਝੇ ਤੇ ਦੁਆਬੇ ਵਿਚ ਆਉਂਦੇ ਪੰਜ ਦਿਨਾਂ ਦੌਰਾਨ ਮੀਹਾਂ ਦਾ ਮਾਹੌਲ ਬਣਿਆ ਰਹੇਗਾ ਜਦੋਂ ਕਿ ਮਾਲਵਾ ਖ਼ਿੱਤੇ ਵਿਚ ਦੇ ਜ਼ਿਆਦਾ ਜ਼ਿਲ੍ਹੇ ਸੁੱਕੇ ਰਹਿਣ ਦੀ ਸੰਭਾਵਨਾ ਹੈ। ਪੰਜਾਬ ’ਚ ਅੱਜ 8.2 ਐੱਮ.ਐੱਮ ਵਰਖਾ ਹੋਈ ਹੈ ਅਤੇ ਸਭ ਤੋਂ ਜ਼ਿਆਦਾ ਮੀਂਹ 40.6 ਐੱਮ.ਐੱਮ ਜ਼ਿਲ੍ਹਾ ਪਟਿਆਲਾ ਵਿੱਚ ਪਿਆ ਹੈ। ਵੇਰਵਿ
ਆਂ ਅਨੁਸਾਰ ਪਟਿਆਲਾ ਤੇ ਭਵਾਨੀਗੜ੍ਹ ਸ਼ਹਿਰ ਨੂੰ ਡੋਬਾ ਝੱਲਣਾ ਪੈ ਰਿਹਾ ਹੈ। ਫ਼ਤਿਹਗੜ੍ਹ ਸਾਹਿਬ ਵਿਚ 13.7 ਐੱਮ.ਐੱਮ ਅਤੇ ਗੁਰਦਾਸਪੁਰ ਵਿਚ 19.9 ਐੱਮ.ਐੱਮ ਬਾਰਿਸ਼ ਹੋਣ ਦੀ ਰਿਪੋਰਟ ਹੈ। ਨਵਾਂ ਸ਼ਹਿਰ ਅਤੇ ਰੋਪੜ ਜ਼ਿਲ੍ਹੇ ਵਿੱਚ ਭਾਰੀ ਬਾਰਿਸ਼ ਹੋਈ ਹੈ। ਬਰਨਾਲਾ, ਬਠਿੰਡਾ, ਫ਼ਰੀਦਕੋਟ, ਮੁਕਤਸਰ ਤੇ ਮਾਨਸਾ ਵਿੱਚ ਮੀਂਹ ਨਾ ਪੈਣ ਦੀਆਂ ਰਿਪੋਰਟਾਂ ਮਿਲੀਆਂ ਹਨ।
ਪੰਜਾਬ ’ਚ ਝੋਨੇ ਦੀ ਲੁਆਈ ਦਾ ਕੰਮ ਆਖ਼ਰੀ ਪੜਾਅ ’ਤੇ ਹੈ ਅਤੇ ਇਸ ਬਾਰਿਸ਼ ਨਾਲ ਝੋਨਾ ਉਤਪਾਦਕਾਂ ਨੂੰ ਰਾਹਤ ਮਿਲੀ ਹੈ ਅਤੇ ਲੋਕਾਂ ਨੂੰ ਗਰਮੀ ਤੋਂ ਵੀ ਰਾਹਤ ਮਿਲੀ ਹੈ। ਪੰਜਾਬ ਦੇ ਖੇਤੀ ਸੈਕਟਰ ਵਿੱਚ ਬਿਜਲੀ ਦੀ ਮੰਗਣ ਘਟਣ ਨਾਲ ਪਾਵਰਕੌਮ ਨੇ ਸੁੱਖ ਦਾ ਸਾਹ ਲਿਆ ਹੈ। ਮੌਸਮ ਵਿਭਾਗ ਵੱਲੋਂ 12 ਜੁਲਾਈ ਤੱਕ ਬਾਰਿਸ਼ਾਂ ਦੀ ਪੇਸ਼ੀਨਗੋਈ ਕੀਤੀ ਗਈ ਹੈ ਅਤੇ 11 ਜੁਲਾਈ ਨੂੰ ਮਾਝੇ ਤੇ ਦੁਆਬੇ ਦੇ ਕਾਫ਼ੀ ਹਿੱਸਿਆਂ ’ਚ ਮੁੜ ਮੀਂਹ ਪੈਣ ਦੀ ਸੰਭਾਵਨਾ ਹੈ।