ਦਿੱਲੀ ਅਤੇ ਉੱਤਰ ਪ੍ਰਦੇਸ਼ (ਯੂਪੀ) ਦੇ ‘ਮੋਸਟ ਵਾਂਟੇਡ’ ਗੈਂਗਸਟਰ ਸ੍ਰੀ ਪ੍ਰਕਾਸ਼ ਮਿਸ਼ਰਾ (24) ਉਰਫ਼ ਝੁੰਨਾ ਪੰਡਿਤ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸਐੱਸਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਗੈਂਗਸਟਰ ਨੂੰ ਅੱਜ ਤੜਕੇ 4 ਵਜੇ ਸੀਆਈਏ ਸਟਾਫ਼ ਦੀ ਟੀਮ ਨੇ ਥਾਣਾ ਨੂਰਪੁਰ ਬੇਦੀ ਅਧੀਨ ਪੈਂਦੇ ਕਾਹਨਪੁਰੀ ਖੂਹੀ ਇਲਾਕੇ ਵਿੱਚ ਦੁਵੱਲੀ ਗੋਲੀਬਾਰੀ ਤੋਂ ਬਾਅਦ ਕਾਬੂ ਕੀਤਾ ਹੈ। ਉਸ ਕੋਲੋਂ .32 ਬੋਰ ਦੇ ਦੋ ਪਿਸਤੌਲ ਤੇ 8 ਅਣਚੱਲੇ ਕਾਰਤੂਸ ਸਣੇ ਹੋਰ ਸਮੱਗਰੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਝੁੰਨਾ ਪੰਡਿਤ ਯੂਪੀ ਦੇ ਬਨਾਰਸ ਜ਼ਿਲ੍ਹੇ ਦੇ ਪਿੰਡ ਹਾਸ਼ਿਮਪੁਰ ਦਾ ਰਹਿਣ ਵਾਲਾ ਹੈ ਅਤੇ ਉਸ ਦੇ ਸਿਰ ’ਤੇ ਇੱਕ ਲੱਖ ਰੁਪਏ ਦਾ ਇਨਾਮ ਹੈ। ਉਹ ਮਿਰਜ਼ਾਪੁਰ (ਯੂਪੀ) ਦੇ ਤੀਹਰੇ ਕਤਲ ਕਾਂਡ ਮਾਮਲੇ ਵਿਚ ਲੋੜੀਂਦਾ ਹੈ। ਕਤਲ ਦੇ 10 ਕੇਸ ਉਸ ਉੱਤੇ ਦਰਜ ਹਨ। ਦਿੱਲੀ ਤੇ ਯੂਪੀ ਵਿਚ ਉਹ ਕਤਲ, ਜਬਰੀ ਵਸੂਲੀ ਅਤੇ ਅਗਵਾ ਦੇ 20 ਤੋਂ ਜ਼ਿਆਦਾ ਮਾਮਲਿਆਂ ਵਿਚ ਸ਼ਾਮਲ ਗਰੋਹ ਨੂੰ ਵੀ ਚਲਾ ਰਿਹਾ ਹੈ। ਦਿੱਲੀ ਤੇ ਯੂਪੀ ਤੋਂ ਇਲਾਵਾ ਉਹ ਰਾਜਸਥਾਨ ਵਿਚ ਵੀ ਸਰਗਰਮ ਹੈ। ਬਨਾਰਸ ਵਿਚ ਉਸ ਨੇ ਅਤੇ ਉਸ ਦੇ ਸਾਥੀਆਂ ਨੇ ਦਲੀਪ ਪਟੇਲ ਦੀ ਸ਼ਰੇਆਮ ਹੱਤਿਆ ਕੀਤੀ ਸੀ। ਦਲੀਪ ਦਾ ਭਰਾ ਰਾਜੇਸ਼ ਪਟੇਲ ਯੂਪੀ ਦੇ ਕਿਸਾਨ ਮੋਰਚੇ ਦਾ ਸੂਬਾ ਪ੍ਰਧਾਨ ਹੈ। ਗਰੋਹ ਦੇ ਅੱਠ ਮੈਂਬਰ ਦਿੱਲੀ ਅਤੇ ਯੂਪੀ ਦੀਆਂ ਜੇਲ੍ਹਾਂ ਵਿੱਚ ਹਨ। ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮ ਮਾਹਿਰ ਨਿਸ਼ਾਨਚੀ ਵਜੋਂ ਜਾਣਿਆ ਜਾਂਦਾ ਹੈ ਤੇ ਕਿਸੇ ਵੀ ਤਰ੍ਹਾਂ ਦੇ ਹਥਿਆਰ ਨੂੰ ਦੋਵਾਂ ਹੱਥਾਂ ਨਾਲ ਚਲਾਉਣ ਦੇ ਸਮਰੱਥ ਹੈ। ਉਹ ਚਿੰਤਪੁਰਨੀ (ਹਿਮਾਚਲ ਪ੍ਰਦੇਸ਼) ਤੋਂ ਮੋਟਰਸਾਈਕਲ ’ਤੇ ਦਿੱਲੀ ਵਾਪਸ ਆਉਂਦੇ ਸਮੇਂ ਪੁਲੀਸ ਦੇ ਕਾਬੂ ਆਇਆ ਹੈ।
HOME ‘ਮੋਸਟ ਵਾਂਟੇਡ’ ਗੈਂਗਸਟਰ ਝੁੰਨਾ ਪੰਡਿਤ ਕਾਬੂ