ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੁੱਖ ਮੰਤਰੀਆਂ ਨੂੰ ਅਪੀਲ ਕੀਤੀ ਕਿ ਕਰੋਨਾਵਾਇਰਸ ਦਾ ਵਾਧਾ ਰੋਕਣ ਲਈ ਉਹ ਸਮਾਜਿਕ ਦੂਰੀ ਬਣਾਉਣਾ ਸਖ਼ਤੀ ਨਾਲ ਲਾਗੂ ਕਰਨ। ਸ੍ਰੀ ਮੋਦੀ ਨੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸ ਕਰਕੇ ਕਰੋਨਾਵਾਇਰਸ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਵੀਡੀਓ ਕਾਨਫਰੰਸ ’ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਹਾਜ਼ਰ ਸਨ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ ਉਨ੍ਹਾਂ ਕਿਹਾ ਕਿ ਸਾਰੇ ਸੂਬਿਆਂ ’ਚ ਇਸ ਮਹਾਮਾਰੀ ਦਾ ਖਤਰਾ ਬਰਾਬਰ ਹੈ ਅਤੇ ਇਸ ਨਾਲ ਨਜਿੱਠਣ ਲਈ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ। ਉਨ੍ਹਾਂ ਮੁੱਖ ਮੰਤਰੀਆਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਸੂਬਿਆਂ ’ਚ ਕਾਲਾਬਾਜ਼ਾਰੀ ਤੇ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਕਾਬੂ ’ਚ ਕਰਨ ਲਈ ਕਾਰੋਬਾਰੀ ਸੰਸਥਾਵਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕਰਨ। ਗੱਲਬਾਤ ਦੌਰਾਨ ਮੁੱਖ ਮੰਤਰੀਆਂ ਨੇ ਸੂਬਿਆਂ ਨੂੰ ਟੈਸਟ ਸਹੂਲਤਾਂ ਮੁਹੱਈਆ ਕਰਨ, 2020-21 ਦੇ ਫੰਡਾਂ ਦੀ ਅਗਾਊਂ ਵੰਡ ਕਰਨ ਅਤੇ ਨਿੱਜੀ ਲੈਬਾਂ ਤੇ ਹਸਪਤਾਲ ਵੱਡੇ ਪੱਧਰ ’ਤੇ ਤਿਆਰ ਕਰਨ ਦੀ ਅਪੀਲ ਕੀਤੀ। ਬਿਆਨ ਅਨੁਸਾਰ ਕੇਂਦਰੀ ਸਿਹਤ ਸਕੱਤਰ ਨੇ ਇਸ ਦੌਰਾਨ ਸੂਬਿਆਂ ਵਿਚਾਲੇ ਸਹਿਯੋਗ ਬਾਰੇ ਜਾਣਕਾਰੀ ਦਿੱਤੀ। ਭਾਰਤੀ ਮੈਡੀਕਲ ਖੋਜ ਕੌਂਸਲ ਦੇ ਡੀਜੀ ਬਲਰਾਮ ਭਾਰਗਵ ਨੇ ਕਿਹਾ ਕਿ ਭਾਰਤ ਇਸ ਸਮੇਂ ਕਰੋਨਾਵਾਇਰਸ ਫੈਲਣ ਦੇ ਦੂਜੇ ਗੇੜ ’ਚ ਹੈ ਅਤੇ ਦੇਸ਼ ਇਸ ਮਹਾਮਾਰੀ ਦੇ ਤੀਜੇ ਗੇੜ ਦਾ ਖਤਰਾ ਘੱਟ ਕਰਨ ਲਈ ਯਤਨਸ਼ੀਲ ਹੈ।
HOME ਮੋਦੀ ਵੱਲੋਂ ਮੁੱਖ ਮੰਤਰੀਆਂ ਨੂੰ ਸਮਾਜਕ ਦੂਰੀ ਲਈ ਅਪੀਲ