ਮਹਿਲਾਂ ਵਿਚੋਂ ਅੱਜ ਧੀ ਪ੍ਰਦੇਸਣ ਹੋਈ

(ਸਮਾਜ ਵੀਕਲੀ)

ਜਿਸ ਦੇਸ਼ ਵਿੱਚ ਅਸੀ ਰਹਿੰਦੇ ਹਾਂ,ਉਸ ਦੇਸ਼ ਵਿੱਚ ਬਹੁ-ਗਿਣਤੀ ਜਾਤਾਂ ਅਤੇ ਕਈ ਤਰਾਂ ਦੇ ਧਰਮ ਮੌਜੂਦ ਹਨ,ਬਹੁਤ ਸਾਰੇ ਸਮਾਜਾਂ ਵਿੱਚ ਲੜਕੀ ਹੋਣਾ ਇਕ ਪਾਪ ਸਮਝਿਆ ਜਾਂਦਾ ਸੀ,ਜਿਸ ਘਰ ਵਿੱਚ ਲੜਕੀ ਪੈਦਾ ਹੰੁਦੀ ਸੀ,ਸਾਰੇ ਪਾਸੇ ਸੋਗ ਦੀ ਲਹਿਰ ਦੌੜ ਜਾਂਦੀ ਸੀ,ਕੋਈ ਰਿਵਾਜ਼ ਹੀ ਨਹੀ ਸੀ ਲੜਕੀ ਹੋਣ ਤੇ ਖੁਸ਼ੀ ਮਨਾਉਣ ਦਾ,ਪਰ ਹੁਣ ਸਮ੍ਹਾਂ ਬਹੁਤ ਬਦਲ ਗਿਆ ਹੈ,ਧੀਆਂ ਦਾ ਸਤਿਕਾਰ ਕੀਤਾ ਜਾਂਦਾ ਹੈ,ਉਹਨਾਂ ਨੂੰ ਪੜ੍ਹਾਇਆ ਲਿਖਾਇਆ ਜਾਂਦਾ ਹੈ।ਮੇਰੇ ਘਰ ਪਹਿਲਾ ਬੇਟਾ ਹੋਣ ਕਰਕੇ ਅਸੀ ਅਰਦਾਸਾਂ ਕਰਦੇ ਸੀ ਕਿ ਸਾਡੇ ਘਰ ਵੀ ਇਕ ਧੀ ਹੋਵੇੇ।ਅੱਜ ਰੱਬ ਕੋਲੋ ਕੁਝ ਹੋਰ ਵੀ ਮੰਗ ਲੈਦਾ ਤਾਂ ਸ਼ਾਇਦ ਉਹ ਵੀ ਮਿਲ ਜਾਂਦਾ,ਇੰਝ ਲੱਗਿਆ ਕਿ ਰੱਬ ਸਾਡੀ ਨੇੜੇ ਹੋ ਕੇ ਸੁਣ ਲਈ ਹੈ,ਸ਼ਾਇਦ ਨੇੜੇ ਹੀ ਬੈਠਾ ਸਾਡੀ ਫਰਿਆਦ ਸੁਣ ਰਿਹਾ ਸੀ,ਮੈਂ ਆਪਣੇ ਦਫਤਰ ਆਪਣੀ ਡਿਊਟੀ ‘ਤੇ ਸੀ ਤਾਂ ਮੈਨੂੰ ਮੇਰੇ ਘਰ ਬੇਟੀ ਹੋਣ ਦਾ ਸੁਨੇਹਾ ਮਿਲਿਆ,ਪਰ ਜਦੋਂ ਮੈਨੂੰ ਆਪਣੇ ਘਰ ਬੇਟੀ ਹੋਈ ਦਾ ਸੁਨੇਹਾ ਮਿਲਿਆ,ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ,ਮੇਰੇ ਲਈ ਇਹ ਬਹੁਤ ਵੱਡੀ ਖੁਸ਼ੀ ਦੀ ਗੱਲ ਸੀ,ਮੇਰੇ ਦਫਤਰ ਸਾਰੇ ਪਤਾ ਲੱਗ ਗਿਆ ਸੀ। ਮੈਨੂੰ ਮੇਰੇ ਸਾਰੇ ਸਾਥੀ ਵਧਾਈਆਂ ਦੇਣ ਲੱਗੇ,ਤਾਂ ਮੂੰਹ ਮਿੱਠਾ ਕਰਵਾਉਣ ਦੇ ਲਈ ਵੀ ਕੁਝ ਲੋਕ ਕਹਿਣ ਲੱਗੇ।ਮੈਂ ਉਸੇ ਸਮ੍ਹੇਂ ਬਜ਼ਾਰੋਂ ਲੱਡੂ ਲੈ ਕੇ ਆਇਆ ਤਾਂ ਦੋ ਤਿੰਨ ਮੰਜਿ਼ਲੇ ਦਫਤਰ ਵਿੱਚ ਸਾਰਿਆਂ ਦਾ ਮੂੰਹ ਮਿੱਠਾ ਕਰਵਾਇਆ।
ਹੌਲੀ-ਹੌਲੀ ਸਮ੍ਹਾਂ ਲੰਘਦਾ ਗਿਆ,ਅਤੇ ਸਮ੍ਹੇ ਦੇ ਨਾਲ-ਨਾਲ ਬੇਟੀ ਵੀ ਵੱਡੀ ਹੰੁਦੀ ਗਈ।ਬੇਟੀ ਨੂੰ ਸਕੂਲ ਦਾਖਲ ਕਰਵਾਇਆ ਗਿਆ।ਜਿਆਦਾ ਛੋਟੀ ਹੋਣ ਕਰਕੇ ਦੁਕਾਨ ਤੋਂ ਕੋਈ ਨਾ ਕੋਈ ਚੀਜ਼ ਲੈ ਕੇ ਦੇਣੀ,ਲਾਲਚ ਦੇ ਕੇ ਦਾਦੀ ਦੀ ਲਾਡਲੀ ਹੋਣ ਕਰਕੇ ਦਾਦੀ ਨਾਲ ਹੀ ਸਕੂਲ ਜਾਂਦੀ ਸੀ,ਮਾਤਾ ਨੇ ਰੋਂਦੀ ਨੂੰ ਸਕੂਲ ਛੱਡ ਕੇ ਆਉਣਾ ਤਾਂ ਵਾਪਸ ਆਉਦੀ ਨੇ ਆਪ ਰੋਂਦੀ ਆਉਣਾ,ਘਰ ਆ ਕੇ ਮਾਤਾ ਨੇ ਸਾਨੂੰ ਬੋਲਣਾ ਸ਼ੁਰੂ ਕਰ ਦੇਣਾ ਕਿ ਮੇਰੇ ਪੋਤੀ ਫੁੱਲ ਭਰ ਦੀ ਹੈ ਅਜੇ,ਉਸ ਨੂੰ ਹੁਣ ਤੋਂ ਹੀ ਸਕੂਲ ਡੱਕ ਦਿੱਤਾ ਹੈ,ਅਸੀ ਕੁਝ ਨਹੀ ਬੋਲਦੇ ਬਸ ਚੁੱਪ ਰਹਿੰਦੇ,ਬਸ ਫਿਰ ਕੀ ਸੀ ਦੇਖਦਿਆਂ ਹੀ ਦੇਖਦਿਆਂ +2 ਕਰ ਗਈ,ਫਿਰ ਕਾਲਜ ਵਿੱਚ ਦਾਖਲਾ ਲੈ ਲਿਆ ਅਤੇਂ ਐਮ ਬੀ ਏ ਦੀ ਡਿੱਗਰੀ ਵੀ ਪ੍ਰਾਪਤ ਕਰ ਲਈ।ਹੁਣ ਪੜ੍ਹਾਈ ਪੂਰੀ ਕਰ ਲਈ ਤਾਂ ਫਿਕਰ ਪੈ ਗਿਆ ਕਿ ਕਿਤੇ ਨਾ ਕਿਤੇ ਨੌਕਰੀ ਲੱਗ ਜਾਵੇ ਬਹੁਤ ਨੱਠ-ਭੱਜ ਕਰਨ ਤੋਂ ਬਾਅਦ ਇਕ ਦੋ ਜਗਾ ਪ੍ਰਾਈਵੇਟ ਫਰਮਾਂ ਵਿੱਚ ਨੌਕਰੀ ਕੀਤੀ,ਪਰ ਬੇਟੀ ਦਿਲੋ ਖੁਸ਼ ਨਹੀ ਸੀ।ਹਰ ਵਾਰ ਇਹੋ ਹੀ ਗੱਲ ਕਰਦੀ ਕਿ ਡੈਡੀ ਜੇ ਏਨਾਂ ਪੜ-ਲਿਖ ਕੇ ਸਿਰਫ 8,10 ਹਜਾਰ ਤੇ ਹੀ ਲੱਗਣਾ ਸੀ ਤਾਂ ਮੈਂ +2 ਤੋਂ ਬਾਅਦ ਹੀ ਲੱਗ ਜਾਂਦੀ।ਆਇਲਟਸ ਸੈਂਟਰ ਵਿੱਚ ਇਕ ਸਾਲ ਨੌਕਰੀ ਕਰਨ ਤੋਂ ਬਾਅਦ ਉਸ ਦਾ ਰੁਝਾਨ ਬਣ ਗਿਆ ਕਿ ਬਾਹਰਲੇ ਮੁਲਕ ਹੀ ਚੱਲਦੇ ਹਾਂ,ਕਿਉਂ ਕਿ ਜਿਹੜੇ ਬੱਚੇ ਉਹਦੇ ਕੋਲ ਪੜ੍ਹੇ ਸੀ ਉਹ ਤਕਰੀਬਨ ਸਾਰੇ ਬਾਹਰਲੇ ਮੁਲਕਾਂ ਵਿੱਚ ਚਲੇ ਗਏ ਸਨ,ਬੇਟੀ ਦੇ ਇਨਾਂ ਕਹੇ ਹੋਏ ਲਫ਼ਜ਼ਾਂ ਨੂੰ ਮੈਂ ਸਮਝ ਗਿਆ ਸੀ ਕਿ ਬੇਟੀ ਅਸਲ ਵਿੱਚ ਕੀ ਕਹਿਣਾ ਚਾਹੰੁਦੀ ਹੈ।
ਪੰਜਾਬ ਵਿੱਚ ਬੇਰੁਜ਼ਗਾਰੀ ਬਹੁਤ ਸੀ,ਤੇ ਅੱਜ ਵੀ ਹੈ,ਸਰਕਾਰੀ ਨੌਕਰੀਆਂ ਵੀ ਤਾਂ ਨਾ-ਮਾਤਰ ਹੀ ਰਹਿ ਗਈਆਂ ਸਨ।ਬੇਟੀ ਨੂੰ ਕਦੇ ਕਿਤੇ ਭਾਰੀ ਅਵਾਜ਼ ਵਿੱਚ ਨੌਕਰੀ ਅਪਲਾਈ ਕਰਨ ਕਹਿ ਦੇਣਾ ਤਾਂ ਭਲਾ ਕਿਸੇ ਅਖਬਾਰ ਵਿੱਚ ਨੌਕਰੀ ਦਾ ਇਸ਼ਤਿਹਾਰ ਦੇਖ ਅਪਲਾਈ ਕਰ ਦੇਵੇ,ਨਹੀ ਤਾਂ ਬੱਚੇ ਉਮੀਦ ਇਹੀ ਕਰਦੇ ਕਿ ਸਾਡੇ ਘਰ ਆ ਕੇ ਹੀ ਸਰਕਾਰ ਸਾਨੂੰ ਨੌਕਰੀ ਦੇ ਦੇਵੇ।ਉਹ ਵੀ ਪਹਿਲਾਂ ਮਾਂ ਨਾਲ ਰਲ ਕੇ ਬਾਪ ਨੂੰ ਵੱਡਿਆਂ ਦੀ ਤਰਾਂ ਸਮਝਾਉਣਾ ਤੇ ਕਹਿਣਾ ਕਿ ਜ਼ਮਾਨੇ ਦੇ ਨਾਲ ਹੀ ਚੱਲੀਦਾ ਹੈ,ਤੁਹਾਨੂੰ ਕੀ ਪਤਾ ਕਿ ਜਮਾਨਾ ਕਿੱਥੇ ਵੱਸਦਾ ਹੈ,ਅਸੀ ਆਪ ਹੀ ਜੋ ਕਰਨਾ ਹਊ ਕਰ ਲਵਾਂਗੇ, ਕਈ ਵਾਰ ਗੁੱਸਾ ਵੀ ਆ ਜਾਂਦਾ, ਕੁਝ ਕਹਿਣ ਦੀ ਬਜਾਏ ਆਪਣੇ ਆਪ ਨੂੰ ਸੰਭਾਲਦੇ ਅਤੇ ਆਪਣੇ ਕੰਮਾਂ-ਕਾਰਾਂ ਲਈ ਨਿਕਲ ਜਾਂਦੇ।ਕਦੇ ਅਸੀ ਉਸ ਨੂੰ ਹੌਲੀ ਬੋਲਣ ਲਈ ਕਹਿਦੇ ਹੰੁਦੇ ਸੀ,ਤਾਂ ਸੱਭ ਕੁਝ ਅਣਸੁਣਾ ਕਰ ਦੇਣਾ,ਹਾਲਾਂਕਿ ਅਸੀ ਉਸ ਨੂੰ ਸਿਰਫ ਹੌਲੀ ਬੋਲਣ ਦੇ ਲਈ ਹੀ ਕਹਿੰਦੇ ਰਹਿੰਦੇ ਸੀ ਕਿ ਚੰਗਾ ਨਹੀ ਲੱਗਦਾ ਹੌਲੀ ਬੋਲਿਆ ਕਰ ਤੇਰੀ ਆਵਾਜ਼ ਛੇਵੇ ਸੱਤਵੇਂ ਘਰ ਸੁਣਦੀ ਹੈ।ਗੁੱਸੇ ਵਿੱਚ ਸਾਨੂੰ ਆਪਣੇ ਆਪ ਨੂੰ ਸਾਡੇ ਤੋਂ ਵੀ ਸਿਾਅਣੀ ਸਮਝਦੇ ਹੋਏ ਕਹਿਣਾ ਕਿ ਮੈਂ ਪੜ੍ਹੀ-ਲਿਖੀ ਹਾਂ,ਮੈਨੂੰ ਸੱਭ ਕੁਝ ਸਮਝ ਹੈ ,ਇਹ ਕਹਿ ਕੇ ਗੁੱਸੇ ਵਿੱਚ ਭਰੀ ਪੀਤੀ ਨੇ ਆਪਣੇ ਕਮਰੇ ਵਿੱਚ ਚਲੇ ਜਾਣਾ ਦਰਵਾਜ਼ਾ ਲਾ ਕੇ ਬੱਤੀ ਬੰਦ ਕਰ ਲੈਣੀ,ਅਸੀ ਐਨਾ ਕਹਿਣ ਤੋਂ ਬਾਅਦ ਆਪਣੇ ਆਪ ਵਿੱਚ ਸ਼ਰਮਿੰਦਗੀ ਮਹਿਸੂਸ ਕਰਦੇ।
ਕੁਝ ਦਿਨਾਂ ਬਾਅਦ ਹੀ ਘਰ ਵਿੱਚ ਕਨੇਡਾ ਭੇਜਣ,ਜਾਣ ਦੀਆਂ ਗੱਲਾਂ ਹੋਣ ਲੱਗ ਪਈਆਂ,ਬੇਟੀ ਨੇ ਆਇਲਟਸ ਵੀ ਕਰ ਲਈ,ਆਇਲਟਸ ਵਿੱਚੋਂ ਬੈਡ ਵੀ ਵਧੀਆਂ ਆ ਗਏ ਜਿਸ ਨਾਲ ਕਨੇਡਾ ਸੌਖਿਆਂ ਹੀ ਜਾਇਆ ਜਾ ਸਕਦਾ ਸੀ।ਘਰ ਵਿੱਚ ਬਹੁਤ ਸਾਰੀ ਕਸ਼ਮਕਸ਼ ਹੋਣੀ ਸ਼ੁਰੂ ਹੋ ਗਈ,ਸੱਭ ਤੋਂ ਵੱਡੀ ਮੇਰੇ ਲਈ ਮੁਸੀਬਤ ਸੀ,ਕਿਉਕਿ ਦੋ ਸਾਲ ਪਹਿਲਾਂ ਮੈਂ ਆਪਣੇ ਬੇਟੇ ਨੂੰ ਕਨੇਡਾ ਭੇਜ਼ ਚੁੱਕਿਆ ਸੀ।ਸੱਭ ਤੋਂ ਵੱਡੀ ਮੇਰੀ ਹੀ ਮੁਸੀਬਤ ਸੀ ਮੈਨੂੰ ਇਸ ਗੱਲ ਦੀ ਚਿੰਤਾਂ ਵੱਡ-ਵੱਡ ਖਾਈ ਜਾ ਰਹੀ ਸੀ ਕਿ ਹੁਣ ਫਿਰ ਤੋਂ ਨੋਟਾਂ ਦਾ ਥੱਬਾ ਕਿਥੋਂ ਕੱਠਾ ਕਰਾਂਗਾ,ਮੇਰਾ ਤਾਂ ਪਹਿਲਾਂ ਹੀ ਵਿਗੜਿਆ ਸਿਸਟਮ ਅਜੇ ਤੱਕ ਠੀਕ ਨਹੀ ਹੋਇਆ।ਖੈਰ!ਘਰ ਵਿੱਚ ਕਿਸੇ ਮੈਂਬਰ ਨੂੰ ਵੀ ਮੇਰੀ ਪ੍ਰੋਬਲਿਮ ਨਜ਼ਰ ਨਹੀ ਆ ਰਹੀ ਸੀ ਤਾਂ ਮੁੜ ਤੋਂ ਮੇਰੀ ਮੁਸੀਬਤ ਹੋਰ ਵੀ ਗੰੁਝਲਦਾਰ ਹੋ ਗਈ,ਕਾਲਜ ਵਲੋਂ ਆਫਰ ਲੈਟਰ ਆ ਗਿਆ ਸੀ,ਕਾਲਜ ਦੀ ਫੀਸ ਜਮਾਂ ਕਰਵਾ ਦਿੱਤੀ ਗਈ, ਅੰਬੈਸੀ ਵੀਜ਼ਾ ਲੈਣ ਲਈ ਫਾਇਲ ਲਗਾ ਦਿੱਤੀ ਗਈ।ਅੰਤ ਵੀਜ਼ਾ ਲੱਗ ਕੇ ਪਾਸਪੋਰਟ ਘਰ ਆ ਗਿਆ,ਕੋਰੋਨਾ ਦੇ ਦੌਰਾਨ ਹੀ 17 ਦਸੰਬਰ ਦੀ ਟਿਕਟ ਬੁੱਕ ਕਰਵਾ ਦਿੱਤੀ,ਲੁਧਿਆਣਾ ਸ਼ਹਿਰ ਵਿੱਚ ਏਅਰ ਇੰਡੀਆਂ ਦੀਆਂ ਟਿਕਟਾਂ ਦਾ ਇਕ ਬਹੁਤ ਵੱਡਾ ਫਰਾਡ ਹੋ ਗਿਆ,ਜਿਸ ਵਿੱਚ ਸਾਡੀ ਵੀ ਟਿਕਟ ਸੀ ਅਤੇ 15 ਦਸੰਬਰ ਰਾਤ ਨੂੰ ਏਜੰਟ ਦਾ ਫੋਨ ਆ ਗਿਆ ਕਿ ਤੁਹਾਡੀ ਟਿਕਟ ਕੈਸਲ ਹੋ ਗਈ ਹੈ।ਮੇਰੇ ਲਈ ਇਹ ਮੁਸੀਬਤ ਹੋਰ ਵੀ ਗਹਿਰੀ ਹੋ ਗਈ।ਚਾਰ ਜਨਵਰੀ ਨੂੰ ਬੇਟੀ ਦਾ ਕਾਲਜ ਸੀ,ਖੜੇ ਪੈਰ ਹੀ ਚਾਰ ਗੁਣਾਂ ਵੱਧ ਦੇ ਕੇ ਇਕ ਜਨਵਰੀ ਦੀ ਦੁਬਾਰਾ ਟਿਕਟ ਬੁੱਕ ਹੋਈ।
ਜਿਸ ਨੂੰ ਵੀ ਪਤਾ ਲੱਗਾ ਰਿਸ਼ਤੇਦਾਰ,ਦੋਸਤ ਅਤੇ ਜਾਣਕਾਰ ਵਧਾਈਆਂ ਦੇ ਲੱਗੇ,ਅਸੀ ਵੀ ਸਾਰੇ ਇਸ ਗੱਲ ਤੋਂ ਖੁਸ਼ ਸੀ ਕਿ ਚਲੋ ਚੰਗਾ ਹੋਇਆ ਬੇਟਾ ਪਹਿਲਾਂ ਹੀ ਕਨੇਡਾ ਤਾਂ ਇਹ ਵੀ ਉਥੇ ਚਲੇ ਜਾਏਗੀ,ਦੋਵੇ ਭੈਣ ਭਰਾ ਇਕੱਠੇ ਹੋ ਜਾਣਗੇ।ਸੱਭੇ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਸਨ,ਇਕਾ-ਦੁੱਕਾ ਜੋ ਸਮਾਨ ਬੇਟੀ ਦਾ ਰਹਿੰਦਾ ਸੀ ਉਸ ਵਾਸਤੇ ਬਜ਼ਾਰ ਦੇ ਚੱਕਰ ਲੱਗ ਰਹੇ ਸਨ।ਇਕਾ-ਦੁੱਕਾ ਸਮਾਨ ਪੂਰਾ ਕਰਦਿਆਂ ਕਰਾਉਦਿਆਂ ਆਖਰ ਉਹ ਦਿਨ ਆ ਗਿਆ ਜਿਸ ਦਿਨ ਅਸੀ ਘਰ ਤੋਂ ਦਿੱਲੀ ਰਵਾਨਾ ਹੋਣਾ ਸੀ।ਅਸੀ ਆਪਣੇ ਆਪ ਨੂੰ ਸਟਰੌਗ ਬਣਾਉਣਾ ਹੈ ਨਾ ਕਿ ਬੇਟੀ ਨੂੰ ਤੋਰਨ ਲੱਗਿਆ ਰੋਣਾ ਸੀ,ਅਸੀ ਘਰ ਆਪਸ ਵਿੱਚ ਸਾਰਿਆਂ ਨੇ ਮਨ ਪੱਕਾ ਕਰ ਲਿਆ ਸੀ।ਏਅਰਪੋਰਟ ‘ਤੇ 4-5 ਘੰਟੇ ਪਹਿਲਾਂ ਇਕ ਕੋਰੋਨਾ ਦਾ ਟੈਸਟ ਕਰਾਉਣਾ ਵੀ ਲਾਜ਼ਮੀ ਸੀ ਇਸ ਕਰਕੇ ਅਸੀ ਪਹਿਲਾਂ ਹੀ ਘਰ ਤੋਂ ਰਵਾਨਾ ਹੋਣਾ ਚਾਹੰੁਦੇ ਸੀ।ਘਰੋਂ ਤੁਰਨ ਲੱਗਿਆਂ ਜੋ ਘਰ ਵਿੱਚ ਰੋਣਾ-ਧੋਣਾ ਹੋਇਆ ਹੱਦ ਤੋਂ ਪਰਾਂ ਦੀ ਗੱਲ ਸੀ,ਛੋਟੀ ਬੇਟੀ ਨਾਲ ਉਸ ਦੀਆਂ ਨੋਕਾਂ-ਝੋਕਾਂ ਅਤੇ ਨਿੱਕੇ-ਨਿੱਕੇ ਝਗੜੇ ਕਦੇ ਰੁੱਸ ਜਾਣਾ,ਅਤੇ ਆਪਣੇ ਆਪ ਹੀ ਸੁਲਾਹ ਕਰ ਲੈਣਾ,ਉਸ ਨੇ ਤਾਂ ਸਾਰਿਆਂ ਨੂੰ ਹੀ ਭੂੱਬੀ ਰੁਲ੍ਹਾ ਛੱਡਿਆ ਸੀ ਅਤੇ ਘਰ ਦਾ ਮਹੌਲ ਵੀ ਬਹੁਤ ਗਮਗੀਨ ਹੋ ਗਿਆ ਸੀ।ਪਤਾ ਨਹੀ ਵਿਚਲੀ ਗੱਲ ਕੀ ਸੀ ਕਿ ਰਿਸ਼ਤੇਦਾਰ ਸਾਕ ਸਬੰਧੀ ਇਕ ਦੋ ਨੂੰ ਛੱਡ ਕੇ ਬੇਟੀ ਨੂੰ ਤੋਰਨ ਸਮੇਂ ਕੋਈ ਨਹੀ ਆਇਆ।ਦਿੱਲੀ ਵਿੱਚ ਕਰਫਿਊ ਹੋਣ ਕਰਕੇ ਡਰਾਇਵਰ ਸਮੇਤ ਚਾਰ ਹੀ ਜਾ ਸਕਦੇ ਸੀ,ਇਸ ਕਰਕੇ ਅਸੀ ਦੋ ਜਣੇ ਘਰੋਂ ਛੱਡਣ ਗਏ ਸੀ।ਬੇਟੀ ਨੇ ਵੀ ਵਿਦੇਸ਼ ਜਾਣਾ ਕਰਕੇ ਆਪਣਾ ਮਨ ਬਹੁਤ ਖਰਾਬ ਕਰ ਲਿਆ ਅਤੇ ਰਸਤੇ ਵਿੱਚ ਉਸ ਨੂੰ ਦਵਾਈ ਲੈ ਕੇ ਦੇਣੀ ਪਈ।
ਖੁਸ਼ੀ ਪਿੱਛੇ ਲਿਖੇ ਉਸ ਦਰਦ ਨੂੰ ਬਿਆਨ ਕਰਨ ਲਈ ਸ਼ਬਦ ਵੀ ਬੌਣੇ ਪੈ ਰਹੇ ਹਨ,ਪਰ ਹੰਝੂਆਂ ਦੀ ਲੱਗੀ ਝੜੀ ਕਾਰਨ ਜਿਸ ਵਰਕੇ ਤੇ ਲਿਖ ਰਿਹਾ ਸਾਰਾ ਗਿੱਲਾ ਹੋ ਗਿਆ।ਬੇਟੀ ਨੂੰ ਕਨੇਡਾ ਭੇਜਣ ਦੀ ਜਿੱਥੇ ਖੁਸ਼ੀ ਸੀ ਉਥੇ ਕਿਤੇ ਨਾ ਕਿਤੇ ਅੰਦਰ ਇਕ ਹੌਲ ਵੀ ਸੀ,ਇਕ ਟੀਸ ਸੀ,ਹੱਥ ਕੰਬ ਰਹੇ ਸੀ,ਦਿਲ ਦੀ ਧੜਕਣ ਦੀ ਰਫਤਾਰ ਤੇਜ਼ ਹੋ ਗਈ ਸੀ।ਮੱਧ-ਵਰਗੀ ਸਾਵਾਂ-ਸਾਵਾਂ ਪੜ੍ਹਿਆ ਲਿਖਿਆ ਪਰਿਵਾਰ,ਛੋਟੀ ਜਿਹੀ ਨੌਕਰੀ,ਰੋਟੀ ਪਾਣੀ ਠੀਕ-ਠੀਕ ਚੱਲ ਰਿਹਾ ਸੀ।ਪਰ ਆਰਥਿਕ ਪੱਧਰ ‘ਤੇ ਇਕ ਦੂਜੇ ਨੂੰ ਦੇਖੋ-ਦੇਖੀ ਆਪਣੇ ਤੋਂ ਉਚਿਆਂ ਨੂੰ ਧੜਾ-ਧੜ ਕਨੇਡਾ ਜਾਂਦੇ ਦੇਖ ‘ਤੇ ਕੁਝ ਦੇਸ਼ ਵਿੱਚ ਬੇਤਹਾਸ਼ਾ ਚੱਲ ਰਹੀ ਬੇਰੁਜਗਾਰੀ ਨੂੰ ਦੇਖਦੇ ਹੋਏ ਵਿਦੇਸ਼ ਭੇਜਣ ਦਾ ਇਹ ਫੈਸਲਾ ਲਿਆ ਸੀ।ਦਿੱਲੀ ਏਅਰਪੋਰਟ ਤੇ ਪਹੰੁਚ ਗਏ ਕੋਰੋਨਾ ਟੈਸਟ ਹੋਇਆ ਤਾਂ ਅੱਧੇ ਘੰਟੇ ਵਿੱਚ ਹੀ ਰਿਪੋਰਟ ਆ ਗਈ।ਦਿਲ ਤੇ ਪੱਥਰ ਰੱਖ ਬੇਟੀ ਨੂੰ ਇਕ ਵੱਡੇ ਸਾਰੇ ਸ਼ੀਸਿ਼ਆਂ ਵਾਲੇ ਹਾਲ ਦੇ ਅੰਦਰ ਭੇਜ ਦਿੱਤਾ,ਮਨ ਡੋਬੂ-ਡੋਬੂ ਕਰ ਰਿਹਾ ਸੀ,ਲੱਤਾਂ ਭਾਰ ਨਹੀ ਸੀ ਝੱਲ ਰਹੀਆ,ਦਿਲ ਦੀ ਧੜਕਣ ਦੀ ਰਫਤਾਰ ਵਧੀ ਜਾ ਰਹੀ ਸੀ,ਸਰੀਰ ਵੀ ਸਾਥ ਛੱਡਦਾ ਨਜ਼ਰ ਆ ਰਿਹਾ ਸੀ,ਧੰੁਧਲਾ-ਧੰੁਧਲਾ ਦਿਖਾਈ ਦੇ ਰਿਹਾ ਸੀ ਤੇ ਬੇਟੀ ਹੱਥ ਹਿਲਾਉਦੀ,ਹੱਸੂ-ਹੱਸੂ ਕਰਦੀ ਅੰਦਰ ਵੱਲ ਨੂੰ ਜਾ ਰਹੀ ਸੀ,ਕੁਝ ਹੀ ਮਿੰਟਾਂ ਬਾਅਦ ਇੰਝ ਲੱਗਿਆ ਜਿਵੇਂ ਸ਼ੀਸਿ਼ਆਂ ਨੇ ਪਰਦੇ ਤਾਣ ਲਏ ਹੋਣ।ਖੈਰ!ਕੋਰੋਨਾ ਦੀ ਭਿਆਨਕ ਮਹਾਂਮਾਰੀ ਦੇ ਚੱਲਦਿਆਂ ਅਸੀ ਆਪਣੀ ਮਸੂਮ ਜਿਹੀ ਬੇਟੀ ਨੂੰ ਕਨੇਡਾ ਵਾਲੇ ਜਹਾਜ ਚੜਾ ਦਿੱਤਾ,ਤੇ ਮੈਂ ਇਕ ਸਾਇਡ ਤੇ ਪਏ ਬੈਚ ਤੇ ਬੈਠ ਹੰਝੂਆਂ ਨਾਲ ਭਿੱਜੀਆਂ ਕੁੜਤੇ ਦੀਆਂ ਬਾਹਾਂ ਨੂੰ ਦੇਖ ਰਿਹਾ ਸੀ ‘ਤੇ ਸੋਚ ਰਿਹਾ ਸੀ ਕੀ ਅਸੀ ਆਪਣੇ ਬੱਚਿਆਂ ਨੂੰ ਬਾਹਰ ਭੇਜ ਕੇ ਠੀਕ ਕਰ ਰਹੇ ਹਾਂ?
ਦਿਲੀ ਏਅਰਪੋਰਟ ਤੋਂ ਵਾਪਸ ਮੁੜਦਿਆਂ ਇੰਝ ਲੱਗ ਰਿਹਾ ਸੀ ਕਿ ਜਿਵੇਂ ਅਸੀ ਕੋਈ ਬਹੁਤ ਹੀ ਵੱਡਮੁੱਲੀ ਸ਼ੈਅ ਗੁਆ ਕੇ ਚੱਲੇ ਹਾਂ। ਏਅਰਪੋਰਟ ਦੇ ਅੰਦਰ ਜਾਂਦੀ ਬੇਟੀ ਦੀ ਅਸੀ ਇਕ ਵੀਡੀਓ ਬਣਾ ਲਈ ਸੀ ਤਾਂ ਉਹ ਘਰ ਭੇਜ ਦਿੱਤੀ,ਬੱਚਿਆਂ ਨੇ ਉਸ ਤੇ ਇਕ ਸਾਇਡ ਸੌਗ ਲਾ ਕੇ ਵੀਡੀਓ ਬਣਾ ਲਈ ਤਾਂ ਹਰ ਘਰ ਦੇ ਮੈਂਬਰ ਨੇ ਆਪਣੇ ਅਪਣੇ ਮੌਬਾਇਲ ਤੇ ਸਟੇਟਸ ਪਾ ਲਿਆ,ਨਾਲ ਦੇਖੀ ਜਾਣ ਨਾਲੇ ਰੋਈ ਜਾਣ।ਮੈਂ ਇਕ ਬਾਰ ਸਟੇਟਸ ਦੇਖਿਆ ਤਾਂ ਸੱਤ ਘੰਟੇ ਦੇ ਸਫਰ ‘ਚ ਮੇਰੇ ਦੋ ਰੁਮਾਲ ਗਿੱਲੇ ਹੋ ਗਏ,ਹੁਣ ਮੌਬਾਇਲ ਵੀ ਕਿਸੇ ਡਰਾਉਣੀ ਸ਼ੈਅ ਤੋਂ ਘੱਟ ਨਹੀ ਸੀ ਲੱਗ ਰਿਹਾ।ਘਰ ਪਹੰੁਚ ਕੇ ਦੇਖਿਆ ਤਾਂ ਸਾਰਿਆਂ ਦੀਆਂ ਅੱਖਾਂ ਹੰਝੂਆਂ ਨਾਲ ਭਿੱਜੀਆਂ ਹੋਈਆਂ ਸਨ।ਉਹਦੇ ਕਮਰੇ ਦੇ ਵੱਲ ਨੂੰ ਵੀ ਜਾਣ ਦੀ ਹਿੰਮਤ ਉਕਾ ਹੀ ਜਵਾਬ ਦੇ ਰਹੀ ਸੀ,ਉਹ ਕਮਰਾ ਹੁਣ ਸੰੁਨਸਾਨ ਬੀਆਵਾਨ ਲੱਗ ਰਿਹਾ ਸੀ ਅਤੇ ਨਾ ਹੀ ਹੁਣ ਉਹ ਕਮਰੇ ਵਿੱਚ ਬੈਠੀ ਪੜ੍ਹਦੀ ਦੀਆਂ ਆਵਾਜ਼ਾਂ ਆ ਰਹੀਆਂ ਸਨ,ਮੰਮੀ ਭੁੱਖ ਲੱਗੀ ਆ ਕੁਝ ਬਣਾ ਲਓ,ਮੰਮੀ ਪਾਣੀ ਦੇ ਦਿਓ,ਮੰਮੀ ਫਰੂਟ ਦੇ ਦਿਓ,ਕਮਰੇ ਵਿੱਚ ਬੈਠੀ ਨੇ ਹੀ ਆਰਡਰ ਕਰਨਾ,ਉਹ ਅਵਾਜ ਹੁਣ ਜਿਵੇਂ ਕਿਸੇ ਜੰਗਲ ਵਿੱਚ ਗੰੁਮ ਹੋ ਗਈਆਂ ਸੀ। ਜੇ ਕਿਤੇ ਕਹਿ ਦੇਣਾ ਕਿ ਉਠ ਕੇ ਕੁਝ ਕਰ ਲਿਆ ਕਰ ਤਾਂ ਇਕ ਹੀ ਜਵਾਬ ਹੰੁਦਾ ਮੈਂ ਪੜ੍ਹ ਰਹੀ ਹਾਂ,ਕਿਤੇ ਉਹਦੀ ਮਾਂ ਨੇ ਉਚੀ ਅਵਾਜ਼ ਵਿੱਚ ਕੁਝ ਕਹਿ ਦੇਣਾ,ਤਾਂ ਮੇਰੇ ਕੋਲ ਟਾਇਮ ਨਹੀ ਮੇਰੇ ਕੰਮ ਬਹੁਤ ਪਿੱਛੇ ਹੈ,ਮੈਂ ਬਹੁਤ ਬਿਜੀ ਹਾਂ।ਜੇ ਕਿਤੇ ਪੜਾਈ ਤੋਂ ਵਿਹਲੀ ਹੋ ਜਾਣਾ ਤਾਂ ਆਪਣੀ ਅਲਮਾਰੀ ਵਿੱਚੋਂ ਸੂਟ ਕੱਢ ਕੇ ਪਾ ਪਾ ਕੇ ਦੇਖੀ ਜਾਣਾ, ਇਕ ਸੂਟ ਪਾ ਕੇ ਬਾਹਰ ਆਉਣਾ ਮੰਮੀ ਦੇਖੋ ਤਾਂ ਵਧੀਆ ਲੱਗਦਾ,ਮੰਮੀ ਦੇਖਿਓ ਜ਼ਰਾ ਮੈਂ ਇਸ ਸੂਟ ਵਿੱਚ ਕਿੱਦਾਂ ਦੀ ਲੱਗ ਰਹੀ ਹਾਂ।ਸੂਟਾਂ ਨਾਲ ਅਲਮਾਰੀ ਭਰੀ ਪਈ ਆ ਤੇ ਹਰ ਮਹੀਨੇ ਨਵੇ ਤੋਂ ਨਵੇ ਇਕ ਦੋ ਸੂਟ ਜਰੂਰ ਆਉਣੇ ਹੰੁਦੇ ਸੀ।ਅਲਮਾਰੀ ਭਰੀ ਹੋਣ ਦੇ ਬਾਵਜੂਦ ਵੀ ਜੇ ਕਿਤੇ ਰਿਸ਼ਤੇਦਾਰੀ ਵਿੱਚ ਕੋਈ ਪ੍ਰੋਗ੍ਰਾਮ ਆ ਜਾਣਾ ਤਾਂ ਉਸ ਦਾ ਜਵਾਬ ਇਹੀ ਹੰੁਦਾ ਸੀ ਕਿ ਮੈ ਤਾਂ ਤੁਹਾਡੇ ਨਾਲ ਫਿਰ ਜਾਊਗੀ ਪਹਿਲਾਂ ਮੈਨੂੰ ਆਹ ਵਾਲਾ ਸੂਟ ਲੈ ਕੇ ਦਿਓ ਮੇਰੇ ਕੋਲ ਕੋਈ ਵੀ ਪ੍ਰੋਗ੍ਰਾਮ ਤੇ ਪਾਉਣ ਵਾਲਾ ਕੋਈ ਚੱਜ ਦਾ ਸੂਟ ਨਹੀ ਹੈ।
ਕਨੇਡਾ ਤੋਂ ਬੇਟੀ ਦਾ ਫੋਨ ਆ ਗਿਆ ਕਿ ਮੈਂ ਕਨੇਡਾ ਠੀਕ-ਠਾਕ ਪਹੰੁਚ ਗਈ ਹਾਂ।ਮਨ ਨੂੰ ਤਸੱਲੀ ਹੋ ਗਈ ਸੀ ਕਿ ਬੇਟਾ ਉਸ ਨੂੰ ਏਅਰਪੋਰਟ ਤੋਂ ਆ ਕੇ ਲੈ ਗਿਆ ਸੀ।ਤਸੱਲੀ ਲਈ ਬੇਟੇ ਨਾਲ ਗਲ ਲੱਗ ਕੇ ਮਿਲਦੀ ਦੀ ਸਾਨੂੰ ਵੀਡੀਓ ਵੀ ਭੇਜ ਦਿੱਤੀ ਸੀ।ਸਾਨੂੰ ਇਹ ਦੇਖ ਕੇ ਪੂਰੀ ਤਸੱਲੀ ਹੋ ਗਈ ਸੀ।ਉਸ ਨਾਲ ਵੀਡੀਓ ਕਾਲ ਕਰਕੇ ਉਸ ਨੂੰ ਖੁਸ਼ ਦੇਖ ਕੇ ਅਸੀ ਬਾਗੋ-ਬਾਗ ਹੋ ਗਏ।ਸ਼ੁਰੂ-ਸ਼ੁਰੂ ਵਿੱਚ ਤਾਂ ਗੱਲ ਹੋਣ ਤੇ ਉਸ ਨੂੰ ਦੇਖ ਕੇ ਮਨ ਭਰ ਆਉਦਾ ਸੀ,ਪਰ ਹੌਲੀ-ਹੌਲੀ ਆਪਣੇ ਆਪ ਨੂੰ ਸੰਭਾਲਿਆ ਉਹਨੂੰ ਵੀ ਅਸੀ ਇਹੀ ਕਹਿੰਦੇ ਕਿ ਆਪਣੀ ਸਿਹਤ ਦਾ ਧਿਆਨ ਰੱਖੀ,ਸਮੇ੍ਹਂ ਸਿਰ ਆਪਣਾ ਖਾਣਾ ਖਾਂਦੇ ਰਹਿਣਾ,ਅਤੇ ਹੌਸਲਾ ਰੱਖਣ ਲਈ ਹਮੇਸ਼ਾਂ ਹੀ ਕਹਿੰਦੇ।ਹੁਣ ਇਹ ਹੈ ਕਿ ਰੋਜ਼ ਹੀ ਸਵੇਰੇ ਸ਼ਾਮ ਆਹਮੋ-ਸਾਹਮਣੇ ਹੋ ਕੇ ਗੱਲ ਹੋ ਜਾਂਦੀ ਹੈ,ਜਿਆਦਾਤਰ ਰਸੋਈ ਵਿੱਚ ਹੀ ਕੰਮ ਕਰਦੀ ਕਰਦੀ ਗੱਲ ਕਰਦੀ ਹੰੁਦੀ ਆ,ਕਦੇ ਕਦੇ ਪੜ੍ਹਦੀ ਪੜ੍ਹਦੀ ਵੀ ਗੱਲ ਕਰ ਲੈਦੀ।ਜੇ ਕਦੇ ਫੋਨ ਨਾ ਆਵੇ ਤਾਂ ਇਕ ਦੂਜੇ ਨੂੰ ਪੁੱਛੀਦਾ ਕਿ ਬਾਹਰੋਂ ਫੋਨ ਨਹੀ ਆਇਆ,ਇਧਰੋ ਉਸ ਦੀ ਮਾਂ ਦੇ ਤਰਾਂ ਤਰਾਂ ਦੇ ਬਹਾਨਿਆ ਨਾਲ ਰਸੋਈ ਵਿੱਚੋਂ ਖਾਣਾ ਬਣਾਉਦੀ ਦੀ ਹੀ ਅਵਾਜ਼ ਆਉਦੀ ਹੈ!ਮੈ ਗੱਲ ਕੀਤੀ ਸੀ ਉਹ ਪੜ੍ਹਦੀ ਪਈ ਆ,‘ਤੇ ਬੇਟਾ ਕੰਮ ਤੇ ਗਿਆ ਹੈ।ਉਹਨੂੰ ਹੁਣ ਫੋਨ ਕਰਕੇ ਤੰਗ ਨਾ ਕਰਿਓ।ਕਈ ਵਾਰ ਉਸ ਦਾ ਕਿਸੇ ਕਾਰਨ ਫੋਨ ਨਾ ਆਉਣਾ ਤਾਂ ਸਾਨੂੰ ਚਿੰਤਾਂ ਹੋ ਜਾਂਦੀ।
ਮਾਤਾ ਪਿਤਾ ਤਾਂ ਬੱਚਿਆਂ ਦੀ ਤੰਦਰੁਸਤੀ ਲਈ ਉਹਨਾਂ ਦੀਆਂ ਤਰੱਕੀਆਂ ਦੀ ਹਮੇਸ਼ਾਂ ਹੀ ਦੁਅਵਾਂ ਕਰਦੇ ਰਹਿੰਦੇ ਹਨ।ਬੱਚੇ ਭਾਵੇਂ ਮਾਤਾ ਪਿਤਾ ਦੇ ਕੋਲ ਰਹਿਣ ਜਾਂ ਵਿਦੇਸ਼ਾਂ ਵਿੱਚ ਰਹਿਣ,ਭਾਵੇਂ ਉਹ ਲੜੇ ਹੋਣ ਜਾਂ ਭਾਵੇ ਨਾ ਲੜੇ ਹੋਣ,ਫਿਰ ਵੀ ਮਾਤਾ ਪਿਤਾ ਉਹਨਾਂ ਦਾ ਮਾਰਗ ਦਰਸ਼ਕ ਕਰਦੇ ਰਹਿੰਦੇ ਹਨ,ਕਿਉਕਿ ਸਮੇ੍ਹਂ ਉਤੇ ਕੱਲਯੁਗ ਭਾਰੂ ਹੈ,ਪਲ-ਪਲ ਤੇ ਸਮ੍ਹਾਂ ਬਦਲਦਾ ਰਹਿੰਦਾ ਹੈ,ਬੱਚਿਆਂ ਨੂੰ ਉਹ ਗੱਲਾਂ ਕਈ ਬਾਰ ਨਹੀ ਪਤਾ ਹੰੁਦੀਆਂ ਜੋ ਕਿ ਮਾਤਾ ਪਿਤਾ ਨੇ ਸਮਝਾਉਣੀਆਂ ਹੰੁਦੀਆਂ ਹਨ।ਉਹਨਾ ਵਲੋਂ ਸੁੱਖ-ਸਾਂਦ ਦੀ ਖਬਰ ਸੁਣ ਕੇ ਮਾਤਾ ਪਿਤਾ ਦਾ ਖੂਨ ਵੈਸੇ ਹੀ ਵੱਧ ਜਾਂਦਾ ਹੈ।ਵਿਦੇਸ਼ਾਂ ਵਿੱਚ ਬੈਠਿਆਂ ਬੱਚਿਆਂ ਨਾਲ ਆਹਮੋ-ਸਾਹਮਣੇ ਗੱਲਬਾਤ ਕਰਕੇ ਸਾਰੇ ਦੁੱਖ ਦਰਦ ਦੂਰ ਹੋ ਜਾਂਦੇ ਹਨ।ਫਿਰ ਵੀ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਨਸੀਹਤਾਂ ਦਿੰਦੇ ਰਹਿੰਦੇ ਹਨ।ਸੋ ਮੇਰੇ ਵਲੋਂ ਉਹਨਾਂ ਮਾਤਾ ਪਿਤਾ ਨੂੰ ਜਿੰਨਾਂ ਦੇ ਬੱਚੇ ਬਾਹਰ ਵਿਦੇਸ਼ਾਂ ਵਿੱਚ ਉਚੀ ਸਿਖਿਆ ਪ੍ਰਾਪਤ ਕਰਨ ਲਈ ਗਏ ਹੋਏ ਹਨ,ਕਹਿਣਾ ਹੈ ਕਿ ਉਹ ਆਪਣੇ ਬੱਚਿਆਂ ਦਾ ਮਾਰਗ ਦਰਸ਼ਕ ਕਰਦੇ ਰਹਿਣ।

ਅਮਰਜੀਤ ਚੰਦਰ
9417600014

 

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਗਤ ਤਮਾਸ਼ਾ 
Next articleਵੱਡੀ ਅਣਗਹਿਲੀ