ਲਖਨਊ (ਸਮਾਜ ਵੀਕਲੀ) : ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਵਿਕਾਸ ਲਈ ਸੁਧਾਰਾਂ ਦੀ ਲੋੜ ਹੁੰਦੀ ਹੈ ਅਤੇ ਕੁਝ ਕਾਨੂੰਨ ਪਿਛਲੇ ਦਹਾਕੇ ਦੇ ਸਨ ਜੋ ਹੁਣ ਬੋਝ ਗਏ ਹਨ। ਆਗਰਾ ਮੈਟਰੋ ਰੇਲ ਪ੍ਰਾਜੈਕਟ ਨੂੰ ਵੀਡੀਓ ਕਾਨਫਰੰਸ ਰਾਹੀਂ ਲਾਂਚ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਸੁਧਾਰਾਂ ਨੂੰ ਮਿਲ ਰਹੀ ਹਮਾਇਤ ਦਾ ਅਸਰ ਚੋਣ ਨਤੀਜਿਆਂ ’ਚ ਵੀ ਦੇਖਣ ਨੂੰ ਮਿਲ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਸੁਧਾਰਾਂ ਦੀ ਵਕਾਲਤ ਮੰਗਲਵਾਰ ਦੇ ਭਾਰਤ ਬੰਦ ਤੋਂ ਪਹਿਲਾਂ ਕੀਤੀ ਹੈ ਜੋ ਕੇਂਦਰ ਵੱਲੋਂ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕੀਤਾ ਜਾ ਰਿਹਾ ਹੈ। ਉਂਜ ਆਪਣੇ ਸੰਖੇਪ ਭਾਸ਼ਨ ਦੌਰਾਨ ਪ੍ਰਧਾਨ ਮੰਤਰੀ ਨੇ ਨਵੇਂ ਕਾਨੂੰਨਾਂ ਜਾਂ ਕਿਸਾਨਾਂ ਦੇ ਅੰਦੋਲਨ ਬਾਰੇ ਸਿੱਧੇ ਕੋਈ ਜ਼ਿਕਰ ਨਹੀਂ ਕੀਤਾ। ਉਨ੍ਹਾਂ ਕਿਹਾ,‘‘ਵਿਕਾਸ ਲਈ ਸੁਧਾਰਾਂ ਦੀ ਲੋੜ ਹੁੰਦੀ ਹੈ। ਅਸੀਂ ਪੁਰਾਣੀ ਸਦੀ ਵਾਲੇ ਕਾਨੂੰਨਾਂ ਦੇ ਸਹਾਰੇ ਨਵੀਂ ਸਦੀ ਦਾ ਨਿਰਮਾਣ ਨਹੀਂ ਕਰ ਸਕਦੇ ਹਾਂ। ਪਿਛਲੀ ਸਦੀ ’ਚ ਜਿਹੜੇ ਕਾਨੂੰਨ ਚੰਗੇ ਸਮਝੇ ਜਾਂਦੇ ਸਨ, ਉਹ ਮੌਜੂਦਾ ਸਦੀ ’ਚ ਬੋਝ ਬਣ ਗਏ ਹਨ। ਸੁਧਾਰ ਲਗਾਤਾਰ ਜਾਰੀ ਰਹਿਣ ਵਾਲੀ ਪ੍ਰਕਿਰਿਆ ਹੈ।’’
ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣੇ ਜਿਹੇ ਕੀਤੇ ਗਏ ਸੁਧਾਰਾਂ ਨੇ ਮੁਲਕ ’ਚ ਆਤਮ-ਵਿਸ਼ਵਾਸ ਪੈਦਾ ਕੀਤਾ ਹੈ ਅਤੇ ਜਦੋਂ ਲੋਕ ਇਨ੍ਹਾਂ ਦੇ ਵੇਰਵਿਆਂ ਨੂੰ ਦੇਖਣਗੇ ਤਾਂ ਉਹ ਸੰਤੁਸ਼ਟ ਹੋਣਗੇ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਲਝਾਉਣ, ਉਨ੍ਹਾਂ ਦਾ ਜੀਵਨ ਆਸਾਨ ਬਣਾਉਣ, ਨਿਵੇਸ਼ ਵਧਾਉਣ ਅਤੇ ਆਧੁਨਿਕ ਤਕਨਾਲੋਜੀ ਦੀ ਵਧੇਰੇ ਵਰਤੋਂ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ 27 ਸ਼ਹਿਰਾਂ ’ਚ ਨਵੀਂ ਮੈਟਰੋ ਰੇਲ ਲਾਈਨਾਂ ਦਾ ਕੰਮ ਚੱਲ ਰਿਹਾ ਹੈ। ਆਗਰਾ ਮੈਟਰੋ ਪ੍ਰਾਜੈਕਟ ’ਤੇ 8379.62 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਇਹ ਤਾਜ ਮਹਿਲ, ਆਗਰੇ ਦੇ ਕਿਲ੍ਹੇ ਅਤੇ ਸਿਕੰਦਰਾ ਸਮੇਤ ਰੇਲਵੇ ਸਟੇਸ਼ਨਾਂ ਅਤੇ ਬੱਸ ਸਟੈਂਡਾਂ ਨਾਲ ਜੁੜੇਗਾ।