ਭਾਜਪਾ ਦਫ਼ਤਰ ਦੇ ਭੂਮੀ ਪੂਜਨ ਮੌਕੇ ਕਿਸਾਨਾਂ ਵੱਲੋਂ ਨਾਅਰੇਬਾਜ਼ੀ

ਅੰਮ੍ਰਿਤਸਰ (ਸਮਾਜ ਵੀਕਲੀ) : ਅੱਜ ਇੱਥੇ ਉਸ ਵੇਲੇ ਮਾਹੌਲ ਤਣਾਅਪੂਰਨ ਬਣ ਗਿਆ ਜਦੋਂ ਭਾਜਪਾ ਦੇ ਨਵੇਂ ਦਫ਼ਤਰ ਲਈ ਰੱਖੇ ਭੂਮੀ ਪੂਜਨ ਪ੍ਰੋਗਰਾਮ ਮੌਕੇ ਪੁੱਜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਾਰਕੁਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਦੂਜੇ ਪਾਸੇ ਭਾਜਪਾ ਕਾਰਕੁਨਾਂ ਵੱਲੋਂ ਵੀ ਨਾਅਰੇਬਾਜ਼ੀ ਕੀਤੀ ਗਈ। ਇਸ ਸਮਾਗਮ ਸਮੇਂ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਸਾਬਕਾ ਮੰਤਰੀ ਅਨਿਲ ਜੋਸ਼ੀ ਅਤੇ ਜ਼ਿਲ੍ਹਾ ਪ੍ਰਧਾਨ ਸੁਰੇਸ਼ ਮਹਾਜਨ ਸਮੇਤ ਕਈ ਹੋਰ ਆਗੂ ਤੇ ਕਾਰਕੁਨ ਹਾਜ਼ਰ ਸਨ।

ਨਿਊ ਅੰਮ੍ਰਿਤਸਰ ਇਲਾਕੇ ਵਿੱਚ ਭਾਜਪਾ ਵੱਲੋਂ ਆਪਣਾ ਦਫ਼ਤਰ ਖੋਲ੍ਹਣ ਲਈ ਅੱਜ ਭੂਮੀ ਪੂਜਨ ਪ੍ਰੋਗਰਾਮ ਰੱਖਿਆ ਗਿਆ ਸੀ, ਜਿਥੇ ਵੱਡੀ ਗਿਣਤੀ ਵਿੱਚ ਪੁਲੀਸ ਵੀ ਤੈਨਾਤ ਸੀ। ਜਦੋਂ ਭੂਮੀ ਪੂਜਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਇਸੇ ਦੌਰਾਨ ਭਾਰਤ ਬੰਦ ਦੇ ਸਮਰਥਨ ’ਚ ਮੋਟਰਸਾਈਕਲ ਰੈਲੀ ਕੱਢ ਰਹੇ ਕਿਸਾਨ ਜਥੇਬੰਦੀ ਦੇ ਕਾਰਕੁਨ ਵੀ ਉੱਥੇ ਪੁੱਜ ਗਏ। ਉਨ੍ਹਾਂ ਨੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਭਾਜਪਾ ਕਾਰਕੁਨਾਂ ਨੇ ਵੀ ਜਵਾਬੀ ਨਾਅਰੇਬਾਜ਼ੀ ਕੀਤੀ। ਇਸੇ ਦੌਰਾਨ ਭਾਜਪਾ ਆਗੂਆਂ ਨੇ ਭੂਮੀ ਪੂਜਨ ਪ੍ਰੋਗਰਾਮ ਨੂੰ ਕਾਹਲੀ ਨਾਲ ਖਤਮ ਕੀਤਾ ਅਤੇ ਉੱਥੋਂ ਚਲੇ ਗਏ।

ਜਥੇਬੰਦੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਆਖਿਆ ਹੈਰਾਨੀ ਦੀ ਗੱਲ ਹੈ ਕਿ ਜਿਨ੍ਹਾਂ ਪੰਜਾਬੀਆਂ ਦੀਆਂ ਵੋਟਾਂ ਲੈ ਕੇ ਭਾਜਪਾ ਆਗੂ ਸੰਸਦ ਅਤੇ ਵਿਧਾਨ ਸਭਾ ਵਿੱਚ ਪੁੱਜਦੇ ਹਨ, ਉਨ੍ਹਾਂ ਨੂੰ ਹੀ ਅਣਦੇਖਿਆ ਕਰ ਰਹੇ ਹਨ। ਇਸ ਵੇਲੇ ਦੇਸ਼-ਵਿਦੇਸ਼ ਵਿੱਚੋਂ ਖੇਤੀ ਕਾਨੂੰਨਾਂ ਖ਼ਿਲਾਫ਼ ਆਵਾਜ਼ ਬੁਲੰਦ ਹੋ ਰਹੀ ਹੈ ਪਰ ਪੰਜਾਬ ਭਾਜਪਾ ਚੁੱਪ ਸਾਧੀ ਬੈਠੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਆਗੂਆਂ ਵੱਲੋਂ ਕਿਸੇ ਕਥਿਤ ਸਾਜ਼ਿਸ਼ ਤਹਿਤ ਜਾਣਬੁੱਝ ਕੇ ਭਾਰਤ ਬੰਦ ਤੋਂ ਇੱਕ ਦਿਨ ਪਹਿਲਾਂ ਇਹ ਭੂਮੀ ਪੂਜਨ ਸਮਾਗਮ ਰੱਖਿਆ ਗਿਆ। ਉਨ੍ਹਾਂ ਮੁਤਾਬਕ ਸਮਾਗਮ ਮੌਕੇ ਭਾਜਪਾ ਵਰਕਰਾਂ ਵੱਲੋਂ ਭਾਜਪਾ ਦੇ ਹੱਕ ’ਚ ਨਾਅਰੇਬਾਜ਼ੀ ਕਰਕੇ ਕਿਸਾਨਾਂ ਨੂੰ ਉਕਸਾਉਣ ਦਾ ਯਤਨ ਕੀਤਾ ਗਿਆ ਤਾਂ ਕਿ ਮਾਹੌਲ ਖਰਾਬ ਹੋ ਸਕੇ, ਪਰ ਕਿਸਾਨ ਕਿਸੇ ਵੀ ਤਰ੍ਹਾਂ ਦੇ ਤਣਾਅ ’ਚ ਨਹੀਂ ਆਏ।

Previous articleਮੋਦੀ ਵੱਲੋਂ ਮੁੜ ਖੇਤੀ ਕਾਨੂੰਨਾਂ ਦੀ ਵਕਾਲਤ
Next articleTraffic movement hampered as farmers block NH-24 at Ghazipur