ਖਿਡਾਰੀ ਸਨਮਾਨ ਮੋੜਨ ਪੁੱਜੇ ਦਿੱਲੀ, ਰੋਕਣ ’ਤੇ ਲਾਇਆ ਧਰਨਾ

ਨਵੀਂ ਦਿੱਲੀ (ਸਮਾਜ ਵੀਕਲੀ) : ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਦੀ ਹਮਾਇਤ ਵਿਚ ਅੱਜ ਪੰਜਾਬ ਤੇ ਹੋਰ ਰਾਜਾਂ ਦੇ ਕਈ ਮੌਜੂਦਾ ਤੇ ਸਾਬਕਾ ਖਿਡਾਰੀ ਆਪਣੇ ਸਰਕਾਰੀ ਸਨਮਾਨ ਵਾਪਸ ਕਰਨ ਲਈ ਰਾਸ਼ਟਰਪਤੀ ਭਵਨ ਵੱਲ ਨਿਕਲੇ, ਪਰ ਉਨ੍ਹਾਂ ਨੂੰ ਪ੍ਰੈੱਸ ਕਲੱਬ ਦੇ ਬਾਹਰ ਹੀ ਰੋਕ ਲਿਆ ਗਿਆ। ਪਦਮਸ੍ਰੀ ਕਰਤਾਰ ਸਿੰਘ ਤੇ ਰਾਜਬੀਰ ਕੌਰ ਸਮੇਤ ਕਰੀਬ ਦਸ ਖਿਡਾਰੀਆਂ ਨੂੰ ਕਲੱਬ ਸਾਹਮਣਿਓਂ ਅੱਗੇ ਨਹੀਂ ਵਧਣ ਦਿੱਤਾ ਗਿਆ।

ਇਸ ਦੌਰਾਨ ਉਨ੍ਹਾਂ ਉੱਥੇ ਹੀ ਕੁਝ ਦੇਰ ਲਈ ਧਰਨਾ ਮਾਰ ਦਿੱਤਾ। ਕਰਤਾਰ ਸਿੰਘ ਨੇ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਦੇ ਹੱਕ ਵਿੱਚ ਪੰਜਾਬ ਤੇ ਹੋਰ ਰਾਜਾਂ ਦੇ ਕਰੀਬ 30 ਮੌਜੂਦਾ ਤੇ ਸਾਬਕਾ ਖਿਡਾਰੀਆਂ ਨੇ ਐਵਾਰਡ ਵਾਪਸ ਕਰਨ ਲਈ ਨਾਂ ਦਿੱਤੇ ਹੋਏ ਹਨ ਤੇ ਉਹ 10 ਖਿਡਾਰੀਆਂ ਨਾਲ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਆਪਣੇ ਸਨਮਾਨ ਵਾਪਸ ਕਰਨ ਜਾਣਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੇ ਕਈ ਸਾਬਕਾ ਖਿਡਾਰੀ ਵੀ ਸਨਮਾਨ ਵਾਪਸ ਕਰਨਾ ਚਾਹੁੰਦੇ ਹਨ ਤੇ ਇਹ ਸੂਚੀ 60 ਦੇ ਕਰੀਬ ਸਕਦੀ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਨੂੰ ਸਨਮਾਨ ਵਾਪਸ ਕਰਨ ਲਈ ਸਮਾਂ ਮੰਗਿਆ ਸੀ ਪਰ ਨਹੀਂ ਮਿਲਿਆ।

ਉਹ ਆਪਣੇ ਤੈਅ ਪ੍ਰੋਗਰਾਮ ਮੁਤਾਬਕ ਹੀ ਵਿਰੋਧ ਦੇ ਰੂਪ ਵਿਚ ਸਨਮਾਨ ਵਾਪਸ ਕਰਨਾ ਚਾਹੁੰਦੇ ਸਨ। ਕਰਤਾਰ ਸਿੰਘ ਮੁਤਾਬਕ ਜਿਵੇਂ ਹੀ ਰਾਸ਼ਟਰਪਤੀ ਮਿਲਣ ਲਈ ਸਮਾਂ ਦੇਣਗੇ, ਉਹ ਲੋਕਤੰਤਰਿਕ ਤਰੀਕੇ ਨਾਲ ਉਡੀਕ ਕਰ ਕੇ ਸਨਮਾਨ ਵਾਪਸ ਕਰਨਗੇ। ਉਨ੍ਹਾਂ ਕਿਹਾ ਕਿ ਜੇ ਕੇਂਦਰ ਸਰਕਾਰ 9 ਦਸੰਬਰ ਨੂੰ ਕਿਸਾਨਾਂ ਨਾਲ ਹੋਣ ਵਾਲੀ ਮੀਟਿੰਗ ਵਿਚ ਮੰਗਾਂ ਨਾਲ ਸਹਿਮਤ ਹੋ ਜਾਂਦੀ ਹੈ ਤਾਂ ਉਹ ਸਨਮਾਨ ਵਾਪਸ ਨਹੀਂ ਕਰਨਗੇ।

ਇਨ੍ਹਾਂ ਖਿਡਾਰੀਆਂ ਦੇ ਨਾਲ ਉੱਤਰ ਪ੍ਰਦੇਸ਼ ਤੇ  ਹਰਿਆਣਾ ਦੇ ਕਈ ਸਨਮਾਨਿਤ ਖਿਡਾਰੀ ਵੀ ਇਸ ਮੌਕੇ ਸਨਮਾਨ ਵਾਪਸ ਕਰਨ ਦੀ ਮੁਹਿੰਮ ਦਾ ਸਮਰਥਨ ਕਰਨ ਆਏ। ਕਰਤਾਰ ਸਿੰਘ ਨੇ ਕਿਹਾ ‘ਇਹੀ ਕਿਸਾਨ ਖੇਡ ਦੇ ਮੈਦਾਨਾਂ ਵਿਚ ਸਾਡੇ ਲਈ ਤਾੜੀਆਂ ਮਾਰ ਕੇ ਉਤਸ਼ਾਹ ਵਧਾਉਂਦੇ ਆਏ ਹਨ ਤੇ ਹੁਣ ਜਦ ਉਹ ਮੁਸ਼ਕਲ ਵਿਚ ਹਨ ਤਾਂ ਖਿਡਾਰੀ ਸਨਮਾਨ ਵਾਪਸ ਕਰ ਕੇ ਹਮਾਇਤ ਲਈ ਦਿੱਲੀ ਪੁੱਜੇ ਹਨ।’ ਉਹ ਆਪਣੇ ਨਾਲ ਸਾਰੇ ਮੁੱਖ ਸਨਮਾਨ ਕਾਰੀ ਦੀ ਡਿੱਕੀ ਵਿੱਚ ਰੱਖ ਕੇ ਲਿਆਏ ਸਨ। ਰਾਸ਼ਟਰਪਤੀ ਨੂੰ ਮਿਲਣ ਜਾਣ ਵਾਲਿਆਂ ਵਿੱਚ ਰਾਜਬੀਰ ਕੌਰ ਤੇ ਉਨ੍ਹਾਂ ਦਾ ਪਤੀ ਗੁਰਮੇਲ ਸਿੰਘ, ਪਿਆਰਾ ਸਿੰਘ, ਰਾਜਪਾਲ ਸਿੰਘ ਵੀ ਨਾਲ ਸਨ।

Previous articleBharat Bandh evokes lukewarm response in K’taka
Next articleਮੋਦੀ ਵੱਲੋਂ ਮੁੜ ਖੇਤੀ ਕਾਨੂੰਨਾਂ ਦੀ ਵਕਾਲਤ