ਮੋਦੀ ਵੱਲੋਂ ਖੇਤੀ ਖੇਤਰ ’ਚ ਨਿੱਜੀ ਕੰਪਨੀਆਂ ਦੀ ਹਿੱਸੇਦਾਰੀ ਵਧਾਉਣ ’ਤੇ ਜ਼ੋਰ

ਨਵੀਂ ਦਿੱਲੀ (ਸਮਾਜ ਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਲਈ ਹੋਰ ਵਧੇਰੇ ਮੌਕੇ ਮਿਲਣੇ ਚਾਹੀਦੇ ਹਨ। ਉਨ੍ਹਾਂ ਮੁਲਕ ’ਚ ਫੂਡ ਪ੍ਰੋਸੈਸਿੰਗ ਇਨਕਲਾਬ ਦੀ ਲੋੜ ’ਤੇ ਜ਼ੋਰ ਦਿੱਤਾ। ਖੇਤੀਬਾੜੀ ਲਈ ਬਜਟ ’ਚ ਰੱਖੀ ਗਈ ਰਕਮ ਨੂੰ ਢੁੱਕਵੇਂ ਢੰਗ ਨਾਲ ਖ਼ਰਚ ਕਰਨ ਸਬੰਧੀ ਕਰਵਾਏ ਗਏ ਵੈਬਿਨਾਰ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਖੇਤੀ ਖੇਤਰ ’ਚ ਨਿੱਜੀ ਕੰਪਨੀਆਂ ਦੀ ਹਿੱਸੇਦਾਰੀ ਵਧਾਉਣ ’ਤੇ ਵੀ ਜ਼ੋਰ ਦਿੱਤਾ। ਤਿੰਨ ਨਵੇਂ ਖੇਤੀ ਸੁਧਾਰ ਕਾਨੂੰਨਾਂ ਜਾਂ ਤਿੰਨ ਮਹੀਨਿਆਂ ਤੋਂ ਰਾਜਧਾਨੀ ਦੇ ਬਾਹਰਵਾਰ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਅੰਦੋਲਨ ਦਾ ਸਿੱਧੇ ਤੌਰ ’ਤੇ ਜ਼ਿਕਰ ਕੀਤੇ ਬਿਨਾਂ ਉਨ੍ਹਾਂ ਕਿਹਾ ਕਿ ਖੇਤੀ ਉਤਪਾਦ ਵੇਚਣ ਲਈ ਮੁਲਕ ਦੇ ਕਿਸਾਨਾਂ ਲਈ ਹੋਰ ਰਾਹ ਖੋਲ੍ਹਣ ਦੀ ਲੋੜ ਹੈ।

‘ਅੱਜ ਸਮੇਂ ਦੀ ਲੋੜ ਹੈ ਕਿ ਮੁਲਕ ਦੇ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਲਈ ਵੱਧ ਤੋਂ ਵੱਧ ਬਦਲ ਮਿਲਣ। ਪਾਬੰਦੀਆਂ ਨਾਲ ਸੈਕਟਰ ’ਤੇ ਮਾੜਾ ਅਸਰ ਪੈਂਦਾ ਹੈ।’ ਬਜਟ ’ਚ ਅਗਲੇ ਵਿੱਤੀ ਵਰ੍ਹੇ ਲਈ ਖੇਤੀ ਖੇਤਰ ਲਈ ਕਰਜ਼ ਦਾ ਟੀਚਾ ਮੌਜੂਦਾ ਵਿੱਤੀ ਵਰ੍ਹੇ ਦੇ 15 ਲੱਖ ਕਰੋੜ ਰੁਪਏ ਤੋਂ ਵਧਾ ਕੇ ਸਾਢੇ 16 ਲੱਖ ਕਰੋੜ ਰੁਪਏ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਸ਼ੂਪਾਲਣ, ਡੇਅਰੀ ਅਤੇ ਮੱਛੀ ਪਾਲਣ ਖੇਤਰ ਨੂੰ ਪਹਿਲ ਦਿੱਤੀ ਗਈ ਹੈ। ਸ੍ਰੀ ਮੋਦੀ ਨੇ ਕਿਹਾ ਕਿ ਦਿਹਾਤੀ ਬੁਨਿਆਦੀ ਢਾਂਚਾ ਫੰਡ ਵਧਾ ਕੇ 40 ਹਜ਼ਾਰ ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਮੁਲਕ ਦੇ 12 ਕਰੋੜ ਛੋਟੇ ਅਤੇ ਸੀਮਾਂਤ ਕਿਸਾਨਾਂ ਦੇ ਲਾਭ ਲਈ ਸਰਕਾਰ ਨੇ ਕਈ ਫ਼ੈਸਲੇ ਲਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮ ਜੇਕਰ ਦੋ-ਤਿੰਨ ਦਹਾਕੇ ਪਹਿਲਾਂ ਹੋ ਜਾਂਦੇ ਤਾਂ ਇਹ ਮੁਲਕ ਲਈ ਬਹੁਤ ਵਧੀਆ ਹੁੰਦਾ।

ਪ੍ਰਧਾਨ ਮੰਤਰੀ ਨੇ ਪਿੰਡਾਂ ਦੇ ਨੇੜੇ ਹੀ ਖੇਤੀ ਆਧਾਰਿਤ ਸਨਅਤਾਂ ਨੂੰ ਉਤਸ਼ਾਹਿਤ ਕਰਨ ’ਤੇ ਜ਼ੋਰ ਦਿੱਤਾ ਤਾਂ ਜੋ ਪਿੰਡਾਂ ਦੇ ਲੋਕਾਂ ਨੂੰ ਇਨ੍ਹਾਂ ’ਚ ਰੁਜ਼ਗਾਰ ਮਿਲ ਸਕੇ। ਉਨ੍ਹਾਂ ਕਿਹਾ ਕਿ ਪਿੰਡਾਂ ਨੇੜੇ ਹੀ ਕਿਸਾਨਾਂ ਲਈ ਭੰਡਾਰਨ ਦੀ ਸਹੂਲਤ ਹੋਣੀ ਚਾਹੀਦੀ ਹੈ। ਫੂਡ ਪ੍ਰੋਸੈਸਿੰਗ ਇਨਕਲਾਬ ਲਈ ਉਨ੍ਹਾਂ ਕਿਹਾ ਕਿ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ ਅਤੇ ਸਹਿਕਾਰੀ ਸੈਕਟਰ ਨੂੰ ਕਿਸਾਨਾਂ ਨਾਲ ਮਿਲ ਕੇ ਪੂਰੀ ਤਾਕਤ ਨਾਲ ਅੱਗੇ ਆਉਣਾ ਪਵੇਗਾ। ਉਨ੍ਹਾਂ ਖੇਤੀ ਸਟਾਰਟਅੱਪ ਨੂੰ ਵੀ ਉਤਸ਼ਾਹਿਤ ਕੀਤੇ ਜਾਣ ਦੀ ਲੋੜ ਜਤਾਈ ਅਤੇ ਕਿਹਾ ਕਿ ਕਰੋਨਾ ਮਹਾਮਾਰੀ ਦੌਰਾਨ ਉਨ੍ਹਾਂ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਛੋਟੇ ਕਿਸਾਨਾਂ ਦੀ ਸਹਾਇਤਾ ਲਈ ਆਧੁਨਿਕ ਤਕਨਾਲੋਜੀ ਵਰਤਣ ’ਤੇ ਵੀ ਜ਼ੋਰ ਦਿੱਤਾ।

ਸ੍ਰੀ ਮੋਦੀ ਨੇ ਫ਼ਸਲੀ ਵਿਭਿੰਨਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਕਿਸਾਨਾਂ ਨੂੰ ਕਣਕ ਤੇ ਝੋਨੇ ਨੂੰ ਛੱਡ ਕੇ ਹੋਰ ਫ਼ਸਲਾਂ ਅਤੇ ਸਲਾਦ ਨਾਲ ਸਬੰਧਤ ਸਬਜ਼ੀਆਂ ਵੱਲ ਰੁਖ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁਲਕ ’ਚ ਠੇਕਾ ਆਧਾਰਿਤ ਖੇਤੀ ਕਿਸੇ ਨਾਲ ਕਿਸੇ ਰੂਪ ’ਚ ਚੱਲ ਰਹੀ ਹੈ ਅਤੇ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਇਹ ਸਿਰਫ਼ ਕਾਰੋਬਾਰ ਬਣ ਕੇ ਨਾ ਰਹਿ ਜਾਵੇ ਸਗੋਂ ਇਹ ਖੇਤੀ ਪ੍ਰਤੀ ਆਪਣੀ ਜ਼ਿੰਮੇਵਾਰੀ ਵੀ ਪੂਰੀ ਕਰੇ। ਉਨ੍ਹਾਂ ਕਿਸਾਨ ਕਰੈਡਿਟ ਕਾਰਡ ਸਹੂਲਤ ਕਿਸਾਨਾਂ, ਪਸ਼ੂ ਪਾਲਣ ਵਾਲਿਆਂ ਅਤੇ ਮਛੇਰਿਆਂ ਤੱਕ ਪਹੁੰਚਾਉਣ ਦਾ ਦਾਅਵਾ ਵੀ ਕੀਤਾ ਹੈ।

Previous articleUNITED WE STAND – DIVIDED WE FALL
Next articleਕਿਸਾਨਾਂ ਖ਼ਿਲਾਫ਼ ਸਖ਼ਤ ਕਦਮ ਉਠਾ ਸਕਦੀ ਹੈ ਸਰਕਾਰ: ਟਿਕੈਤ