ਕਿਸਾਨਾਂ ਖ਼ਿਲਾਫ਼ ਸਖ਼ਤ ਕਦਮ ਉਠਾ ਸਕਦੀ ਹੈ ਸਰਕਾਰ: ਟਿਕੈਤ

ਬਿਜਨੌਰ (ਸਮਾਜ ਵੀਕਲੀ) : ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਦਾਅਵਾ ਕੀਤਾ ਹੈ ਕਿ ਕੇਂਦਰ ਦੀ ਪਿਛਲੇ ਕੁਝ ਦਿਨਾਂ ਤੋਂ ‘ਖਾਮੋਸ਼ੀ’ ਨਾਲ ਸੰਕੇਤ ਮਿਲਦਾ ਹੈ ਕਿ ਉਹ ਕਿਸਾਨ ਅੰਦੋਲਨ ਖ਼ਿਲਾਫ਼ ਕੁਝ ਸਖ਼ਤ ਕਦਮ ਉਠਾ ਸਕਦੀ ਹੈ। ਉਨ੍ਹਾਂ ਕਿਹਾ ਕਿ ਅੰਦੋਲਨਕਾਰੀ ਕਿਸਾਨਾਂ ਨਾਲ ਗੱਲਬਾਤ ਮੁੜ ਤੋਂ ਸ਼ੁਰੂ ਕਰਨ ਲਈ ਸਰਕਾਰ ਨੂੰ ਹੀ ਤਜਵੀਜ਼ ਲੈ ਕੇ ਅੱਗੇ ਆਉਣਾ ਪਵੇਗਾ।

ਉੱਤਰਾਖੰਡ ਦੇ ਊਧਮ ਸਿੰਘ ਨਗਰ ਲਈ ਐਤਵਾਰ ਰਾਤ ਨੂੰ ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਬਿਜਨੌਰ ਦੇ ਅਫ਼ਜ਼ਲਗੜ੍ਹ ’ਚ ਪੱਤਰਕਾਰਾਂ ਨੂੰ ਦੱਸਿਆ ਕਿ ਪਿਛਲੇ 15-20 ਦਿਨਾਂ ਤੋਂ ਸਰਕਾਰ ਦੀ ਖਾਮੋਸ਼ੀ ਤੋਂ ਸੰਕੇਤ ਮਿਲ ਰਿਹਾ ਹੈ ਕਿ ਉਹ ਅੰਦੋਲਨ ਖ਼ਿਲਾਫ਼ ਕੁਝ ਕਦਮ ਉਠਾਉਣ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਘਰ ਵਾਪਸੀ ਉਦੋਂ ਹੀ ਹੋਵੇਗੀ ਜਦੋਂ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਹੋ ਜਾਵੇਗਾ। ‘ਕਿਸਾਨ ਆਪਣੀਆਂ ਫ਼ਸਲਾਂ ਦੀ ਰਾਖੀ ਦੇ ਨਾਲ ਨਾਲ ਅੰਦੋਲਨ ਵੀ ਕਰਨਗੇ।

ਸਰਕਾਰ ਕੋਲ ਜਦੋਂ ਸਮਾਂ ਹੋਵੇ, ਉਹ ਗੱਲਬਾਤ ਕਰਨ ਦਾ ਸੱਦਾ ਦੇਵੇ।’ ਟਿਕੈਤ ਨੇ ਕਿਹਾ ਕਿ ਦੇਸ਼ ’ਚ 24 ਮਾਰਚ ਤੱਕ ਮਹਾਪੰਚਾਇਤਾਂ ਹੋਣਗੀਆਂ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨੇ ਹੀ ਗਣਤੰਤਰ ਦਿਵਸ ’ਤੇ ਬਖੇੜਾ ਖੜ੍ਹਾ ਕੀਤਾ ਸੀ। ਕਿਸਾਨਾਂ ਵੱਲੋਂ ਫ਼ਸਲਾਂ ਵਾਹੇ ਜਾਣ ਦੀਆਂ ਰਿਪੋਰਟਾਂ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਅਪੀਲ ਕਿਉਂ ਨਹੀਂ ਕਰ ਰਹੀ ਹੈ ਕਿ ਉਹ ਅਜਿਹਾ ਕਦਮ ਨਾ ਉਠਾਉਣ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਯੂਪੀ ’ਚ ਕਣਕ ਘੱਟੋ ਘੱਟ ਸਮਰਥਨ ਮੁੱਲ ’ਤੇ ਨਾ ਵਿਕੀ ਤਾਂ ਪ੍ਰਦਰਸ਼ਨ ਹੋਰ ਤੇਜ਼ ਕਰਨਗੇ ਤੇ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਧਰਨੇ ਦਿੱਤੇ ਜਾਣਗੇ।

Previous articleਮੋਦੀ ਵੱਲੋਂ ਖੇਤੀ ਖੇਤਰ ’ਚ ਨਿੱਜੀ ਕੰਪਨੀਆਂ ਦੀ ਹਿੱਸੇਦਾਰੀ ਵਧਾਉਣ ’ਤੇ ਜ਼ੋਰ
Next articleਬਹਿਬਲ ਗੋਲੀ ਕਾਂਡ: ਸੈਣੀ ਅਤੇ ਉਮਰਾਨੰਗਲ ਦੀ ਗ੍ਰਿਫ਼ਤਾਰੀ ’ਤੇ ਰੋਕ