ਨਵੀਂ ਦਿੱਲੀ (ਸਮਾਜ ਵੀਕਲੀ) : ਕਾਂਗਰਸੀ ਨੇਤਾ ਪ੍ਰਿਯੰਕਾ ਗਾਂਧੀ ਨੇ ਕੇਂਦਰ ਸਰਕਾਰ ਵੱਲੋਂ ਕਰੋਨਾ ਮਹਾਮਾਰੀ ਨਾਲ ਨਜਿੱਠਣ ਦੇ ਮਾਮਲੇ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਜਿਹਾ ‘ਪਾਇਲਟ ਕਰਾਰ ਦਿੱਤਾ, ਜਿਸ ਨੇ ਬੋਰਡਿੰਗ ਪਾਸਾਂ ’ਤੇ ਆਪਣੀ ਫੋੋਟੋ ਸਿਰਫ ਇਸ ਲਈ ਲਵਾਈ ਹੈ ਕਿ ਉਹ ਐਮਰਜੈਂਸੀ ਦੌਰਾਨ ਆਸਾਨੀ ਨਾਲ ਬਾਹਰ ਨਿਕਲ ਸਕੇ।’
ਪ੍ਰਿਯੰਕਾ ਗਾਂਧੀ ਨੇ ਟਵੀਟ ਕੀਤਾ, ‘ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਜਦੋਂ ਦੇਸ਼ ’ਚ ਕਰੋਨਾ ਮਹਾਮਾਰੀ ਦੀ ਮਾਰ ਵੱਧ ਰਹੀ ਹੈ, ਤਾਂ ਅਜਿਹੇ ’ਚ ਸਰਕਾਰ ਨੇ 70 ਸਾਲਾਂ ਦੀ ਮਿਹਨਤ ’ਤੇ ਪਾਣੀ ਫੇਰਦਿਆਂ ਦੇਸ਼ ਨੂੰ ਵੈਕਸੀਨ ਦੇ ਬਰਾਮਦਕਾਰ ਤੋਂ ਦਰਾਮਦਕਾਰ ਬਣਾ ਦਿੱਤਾ ਹੈ।’ ਉਨ੍ਹਾਂ ਇੱਕ ਹੋਰ ਟਵੀਟ ’ਚ ਕਿਹਾ, ‘ਨਰਿੰਦਰ ਮੋਦੀ ਉਹ ਪਾਇਲਟ ਹਨ, ਜਿਨ੍ਹਾਂ ਨੇ ਬੋਰਡਿੰਗ ਪਾਸਾਂ ’ਤੇ ਆਪਣੀ ਫੋਟੋ ਸਿਰਫ ਐਮਰਜੈਂਸੀ ਦੌਰਾਨ ਬਾਹਰ ਨਿਕਲਣ ਲਈ ਲਗਵਾਈ ਹੈ।’ ਪ੍ਰਿਯੰਕਾ ਗਾਂਧੀ ਨੇ ਉੱਤਰ ਪ੍ਰਦੇਸ਼ ’ਚ ਕਰੋਨਾ ਲਾਗ ਦਾ ਫੈਲਾਅ ਰੋਕਣ ਲਈ ਆਰਟੀ-ਪੀਸੀਆਰ ਟੈਸਟਾਂ ਦੀ ਅਹਿਮੀਅਤ ’ਤੇ ਵੀ ਜ਼ੋਰ ਦਿੱਤਾ।