ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੰਜਾਬ ਦੇ ਸਾਬਕਾ ਮੁੱਖ ਮੰੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਆਸ਼ੀਰਵਾਦ ਲੈ ਕੇ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ। ਇਸ ਮੌਕੇ ਭਾਜਪਾ ਦੇ ਚੋਟੀ ਦੇ ਆਗੂ ਅਤੇ ਐਨਡੀਏ ’ਚ ਸ਼ਾਮਲ ਕਈ ਹੋਰ ਪਾਰਟੀਆਂ ਦੇ ਮੁਖੀ ਵੀ ਹਾਜ਼ਰ ਸਨ। ਵੀਆਈਪੀ ਕਾਫ਼ਲਿਆਂ ਨੂੰ ਦੇਖਣ ਲਈ ਸ਼ੁੱਕਰਵਾਰ ਨੂੰ ਸੜਕਾਂ ਦੇ ਕੰਢਿਆਂ ’ਤੇ ਭਾਰੀ ਭੀੜ ਜਮਾਂ ਸੀ ਜਿਸ ਕਾਰਨ ਮੰਦਰਾਂ ਦੇ ਸ਼ਹਿਰ ’ਚ ਆਵਾਜਾਈ ਠੱਪ ਹੋ ਕੇ ਰਹਿ ਗਈ। ਦੂਜੀ ਵਾਰ ਵਾਰਾਨਸੀ ਤੋਂ ਲੋਕ ਸਭਾ ਚੋਣ ਲੜ ਰਹੇ ਸ੍ਰੀ ਮੋਦੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਬਿਹਾਰ ਦੇ ਮੁੱਖ ਮੰਤਰੀ ਅਤੇ ਜਨਤਾ ਦਲ (ਯੂ) ਮੁਖੀ ਨਿਤੀਸ਼ ਕੁਮਾਰ, ਲੋਕ ਜਨਸ਼ਕਤੀ ਪਾਰਟੀ ਮੁਖੀ ਰਾਮ ਵਿਲਾਸ ਪਾਸਵਾਨ, ਸ਼ਿਵ ਸੈਨਾ ਮੁਖੀ ਊਧਵ ਠਾਕਰੇ, ਭਾਜਪਾ ਪ੍ਰਧਾਨ ਅਮਿਤ ਸ਼ਾਹ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਰਾਜਨਾਥ ਸਿੰਘ ਅਤੇ ਸੁਸ਼ਮਾ ਸਵਰਾਜ ਦੀ ਹਾਜ਼ਰੀ ’ਚ ਕੁਲੈਕਟਰ ਦਫ਼ਤਰ ’ਚ ਕਾਗਜ਼ ਭਰੇ। ਸ੍ਰੀ ਮੋਦੀ ਦੇ ਨਾਮ ਦੀ ਤਜਵੀਜ਼ ਰੱਖਣ ਵਾਲੇ ਚਾਰ ਵਿਅਕਤੀਆਂ ’ਚ ਬਨਾਰਸ ਹਿੰਦੂ ਯੂਨੀਵਰਸਿਟੀ ਮਹਿਲਾ ਕਾਲਜ ਦੀ ਸਾਬਕਾ ਪ੍ਰਿੰਸੀਪਲ ਅੰਨਪੂਰਨਾ ਸ਼ੁਕਲਾ, ‘ਡੋਮ ਰਾਜਾ’ ਵਜੋਂ ਜਾਣੇ ਜਾਂਦੇ ਦਾਹ ਸਸਕਾਰ ਕਰਨ ਵਾਲਿਆਂ ਦੇ ਮੁਖੀ ਜਗਦੀਸ਼ ਚੌਧਰੀ, ਲੰਬੇ ਸਮੇਂ ਤੋਂ ਭਾਜਪਾ ਵਰਕਰ ਸੁਭਾਸ਼ ਚੰਦਰ ਗੁਪਤਾ ਅਤੇ ਖੇਤੀਬਾੜੀ ਵਿਗਿਆਨੀ ਰਾਮ ਸ਼ੰਕਰ ਪਟੇਲ (ਜਿਨ੍ਹਾਂ ਨੂੰ ਮੋਦੀ ਬਚਪਨ ਤੋਂ ਜਾਣਦੇ ਹਨ) ਸ਼ਾਮਲ ਸਨ। ਚਾਰ ਪ੍ਰਸਤਾਵਕਾਂ ਦੇ ਨਾਮ ਬੜੇ ਧਿਆਨ ਨਾਲ ਚੁਣੇ ਗਏ ਹਨ ਜੋ ਵੱਖ ਵੱਖ ਜਾਤਾਂ ਨਾਲ ਸਬੰਧਤ ਹਨ। ਸ੍ਰੀ ਸ਼ੁਕਲਾ ਬ੍ਰਾਹਮਣ, ਚੌਧਰੀ ਦਲਿਤ, ਪਟੇਲ ਓਬੀਸੀ ਅਤੇ ਗੁਪਤਾ ਬਾਣੀਆ ਹਨ। ਸ੍ਰੀ ਮੋਦੀ ਨੇ ਆਦਰ ਵਜੋਂ ਸ੍ਰੀ ਬਾਦਲ ਅਤੇ ਸ੍ਰੀ ਸ਼ੁਕਲਾ ਦੇ ਪੈਰ ਛੂਹ ਕੇ ਆਸ਼ੀਰਵਾਦ ਲਿਆ। ਕੁਲੈਕਟਰ ਦਫ਼ਤਰ ’ਚ ਪਰਚੇ ਭਰਨ ਤੋਂ ਪਹਿਲਾਂ ਸ੍ਰੀ ਮੋਦੀ ਨੇ ਮੰਦਰ ਜਾ ਕੇ ਉਥੇ ਪੂਜਾ ਪਾਠ ਵੀ ਕੀਤਾ।
INDIA ਮੋਦੀ ਨੇ ਬਾਦਲ ਤੋਂ ਆਸ਼ੀਰਵਾਦ ਲਿਆ