ਕਾਂਗਰਸ ਆਗੂ ਤੇ ਪੰਜਾਬ ਸਰਕਾਰ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਪ੍ਰਧਾਨ ਮੰਤਰੀ ’ਤੇ ਦੇਸ਼ ਵਿਰੋਧੀ ਹੋਣ ਦਾ ਦੋਸ਼ ਲਗਾਇਆ ਤੇ ਦਾਅਵਾ ਕੀਤਾ ਕਿ ਪੰਜ ਸਾਲਾਂ ਦੇ ਕਾਰਜਕਾਲ ’ਚ ਮੋਦੀ ਨੇ ਸਰਕਾਰੀ ਕੰਪਨੀਆਂ ਦੇ ਹਿੱਤਾਂ ਨੂੰ ਮਾਰ ਕੇ ਨਿੱਜੀ ਕੰਪਨੀਆਂ ਨੂੰ ਫਾਇਦਾ ਪਹੁੰਚਾਇਆ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪਿਛਲੀਆਂ ਚੋਣਾਂ ’ਚ ਵਾਅਦੇ ਪੂਰੇ ਕਰਨ ’ਚ ਨਾਕਾਮ ਸਾਬਤ ਹੋਏ ਪ੍ਰਧਾਨ ਮੰਤਰੀ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਰਾਸ਼ਟਰਵਾਦ ਅਤੇ ਕੌਮੀ ਸੁਰੱਖਿਆ ਦੇ ਮੁੱਦੇ ਚੁੱਕ ਰਹੇ ਹਨ। ਸ੍ਰੀ ਸਿੱਧੂ ਨੇ ਕਾਂਗਰਸ ਦੇ ਮੁੱਖ ਦਫ਼ਤਰ ’ਚ ਗੱਲਬਾਤ ਕਰਦਿਆਂ ਕਿਹਾ, ‘ਪਿਛਲੇ ਪੰਜ ਸਾਲਾਂ ’ਚ ਸਰਕਾਰੀ ਕੰਪਨੀਆਂ ਡੁੱਬਦੀਆਂ ਚਲੀਆਂ ਗਈਆਂ ਅਤੇ ਕੁਝ ਨਿੱਜੀ ਕੰਪਨੀਆਂ ਮੁਨਾਫੇ ’ਚ ਆ ਗਈਆਂ। ਚੌਕੀਦਾਰ ਅਕਸਰ ਅਮੀਰਾਂ ਦੇ ਘਰ ਅੱਗੇ ਖੜ੍ਹਾ ਤੇ ਗਰੀਬਾਂ ਦੇ ਹੱਕਾਂ ਨੂੰ ਮਾਰਦਾ ਰਿਹਾ।’ ਉਨ੍ਹਾਂ ਕਿਹਾ, ‘ਕਿਹਾ ਗਿਆ ਸੀ ਨਾ ਖਾਵਾਂਗਾ ਤੇ ਨਾ ਖਾਣ ਦੇਵਾਂਗਾ, ਜਦਕਿ ਇਹ ਇੱਕ ਮੁਖੌਟਾ ਸੀ। ਪ੍ਰਧਾਨ ਮੰਤਰੀ ਨੇ 55 ਮੁਲਕਾਂ ਦੇ ਦੌਰੇ ਕੀਤੇ ਅਤੇ ਇਨ੍ਹਾਂ ਦੌਰਿਆਂ ’ਤੇ ਅੰਬਾਨੀ ਤੇ ਅਡਾਨੀ ਉਨ੍ਹਾਂ ਨਾਲ ਗਏ ਤੇ 18 ਸੌਦੇ ਕੀਤੇ। ਜਦਕਿ ਇਹ ਸੌਦੇ ਸਰਕਾਰੀ ਕੰਪਨੀਆਂ ਲਈ ਹੋਣੇ ਚਾਹੀਦੇ ਸਨ।’ ਕਾਂਗਰਸ ਆਗੂ ਨੇ ਰਾਫਾਲ ਜੈੱਟ ਸਮਝੌਤਾ, ਬੀਐੱਸਐੱਨਐੱਲ ਦੀ ਖਰਾਬ ਵਿੱਤੀ ਹਾਲਤ, ਨੋਟਬੰਦੀ ਅਤੇ ਕੁਝ ਹੋਰ ਮੁੱਦਿਆਂ ਦਾ ਜ਼ਿਕਰ ਕਰਦਿਆਂ ਦੋਸ਼ ਲਗਾਇਆ ਕਿ ਇਸ ਸਰਕਾਰ ’ਚ ਸਰਕਾਰੀ ਕੰਪਨੀਆਂ ਦੇ ਹਿੱਤਾਂ ਨੂੰ ਮਾਰ ਕੇ ਨਿੱਜੀ ਕੰਪਨੀਆਂ ਨੂੰ ਫਾਇਦਾ ਪਹੁੰਚਾਇਆ ਗਿਆ। ਇੱਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ, ‘ਜੋ ਵਿਅਕਤੀ ਸਰਕਾਰੀ ਕੰਪਨੀਆਂ ਦੇ ਹਿੱਤਾਂ ਨੂੰ ਮਾਰ ਕੇ ਨਿੱਜੀ ਕੰਪਨੀਆਂ ’ਚ ਪੈਸੇ ਭਰ ਰਿਹਾ ਹੈ, ਜੋ ਪੇਟੀਐੱਮ ਦੀ ਮਸ਼ਹੂਰੀ ਕਰ ਰਿਹਾ ਹੈ, ਜੋ ਅਸਲ ਮੁੱਦਿਆਂ ਤੋਂ ਭੱਜ ਰਿਹਾ ਹੈ। ਉਹ ਦੇਸ਼ ਵਿਰੋਧੀ ਨਹੀਂ ਤਾਂ ਫਿਰ ਕੀ ਹੈ?’ ਸ੍ਰੀ ਸਿੱਧੂ ਨੇ ਕਿਹਾ, ‘ਪ੍ਰਧਾਨ ਮੰਤਰੀ ਨੇ ਆਪਣਾ ਕੋਈ ਵਾਅਦਾ ਪੂਰਾ ਨਹੀਂ ਕੀਤਾ ਹੈ। ਹੁਣ ਲੋਕ ਪੁੱਛ ਰਹੇ ਹਨ। 15 ਲੱਖ ਰੁਪਏ ਦੀ ਹੁਣ ਵੀ ਉਡੀਕ ਹੈ। ਮੋਦੀ ਜੀ ਤੁਸੀਂ ਕਿਹੋ ਜਿਹੇ ਚੌਕੀਦਾਰ ਹੋ? ਜੇਕਰ ਉਨ੍ਹਾਂ ਤੋਂ ਕੋਈ ਸਵਾਲ ਪੁੱਛਦਾ ਹੈ ਤਾਂ ਉਸ ਨੂੰ ਦੇਸ਼ ਧ੍ਰੋਹੀ ਐਲਾਨਿਆ ਜਾਂਦਾ ਹੈ ਪਰ ਹੁਣ ਅਜਿਹਾ ਨਹੀਂ ਹੋਵੇਗਾ। ਸਵਾਲ ਤਾਂ ਪੁੱਛਿਆ ਹੀ ਜਾਵੇਗਾ। ਇਨ੍ਹਾਂ ਦੀ ਦੇਸ਼ ਭਗਤੀ ਦਾ ਮੁਖੌਟਾ ਉੱਤਰ ਚੁੱਕਾ ਹੈ।’
HOME ਮੋਦੀ ਨੇ ਨਿੱਜੀ ਕੰਪਨੀਆਂ ਨੂੰ ਮੁਨਾਫਾ ਪਹੁੰਚਾਇਆ: ਸਿੱਧੂ