ਈਵੀਐਮ: ਵਿਰੋਧੀ ਧਿਰਾਂ ਸੋਮਵਾਰ ਨੂੰ ਚੋਣ ਕਮਿਸ਼ਨ ਕੋਲ ਕਰਨਗੀਆਂ ਪਹੁੰਚ

ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਨਾਲ ਛੇੜਖਾਨੀ ਦੇ ਮੁੱਦੇ ’ਤੇ ਅੱਜ ਵੱਖ ਵੱਖ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਬੈਠਕ ਕਰਕੇ ਭਵਿੱਖ ਦੀ ਰਣਨੀਤੀ ਬਣਾਉਂਦਿਆਂ ਸੋਮਵਾਰ ਨੂੰ ਚੋਣ ਕਮਿਸ਼ਨ ਕੋਲ ਪਹੁੰਚ ਕਰਨ ਦਾ ਫ਼ੈਸਲਾ ਲਿਆ ਹੈ। ਆਉਂਦੀਆਂ ਲੋਕ ਸਭਾ ਚੋਣਾਂ ’ਚ ਈਵੀਐਮ ਦੀ ਵਰਤੋਂ ’ਤੇ ਆਪਣੀਆਂ ਚਿੰਤਾਵਾਂ ਦੇ ਨਿਪਟਾਰੇ ਲਈ ਉਹ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੂੰ ਮਿਲਣਗੇ। ਬੈਠਕ ਮਗਰੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੀਡੀਆ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਈਵੀਐਮ ਦਾ ਮੁੱਦਾ ਗੰਭੀਰਤਾ ਨਾਲ ਵਿਚਾਰਦਿਆਂ ਸੋਮਵਾਰ ਨੂੰ ਚੋਣ ਕਮਿਸ਼ਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ,‘‘ਸਾਰੀਆਂ ਪਾਰਟੀਆਂ ਨੇ ਤਿੰਨ ਮੁੱਦਿਆਂ ਨੌਕਰੀਆਂ, ਖੇਤੀਬਾੜੀ ਅਤੇ ਸੰਸਥਾਵਾਂ ’ਤੇ ਹਮਲਿਆਂ ’ਤੇ ਵਿਆਪਕ ਚਰਚਾ ਕੀਤੀ। ਇਨ੍ਹਾਂ ਸਮੱਸਿਆਵਾਂ ਦਾ ਹੱਲ ਲੱਭਣ ਲਈ ਅਸੀਂ ਮੁੜ ਬੈਠਕ ਕਰਾਂਗੇ।’’ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਚੋਣਾਂ ’ਚ ਉਕਤ ਤਿੰਨ ਮੁੱਦਿਆਂ ਤੋਂ ਇਲਾਵਾ ਰਾਫ਼ਾਲ ਸੌਦੇ ’ਚ ਪ੍ਰਧਾਨ ਮੰਤਰੀ ਵੱਲੋਂ ਕੀਤੇ ਗਏ ਭ੍ਰਿਸ਼ਟਾਚਾਰ ਦਾ ਮੁੱਦਾ ਵੀ ਉਠਾਇਆ ਜਾਵੇਗਾ। ਬਜਟ ਦੀ ‘ਸਰਜੀਕਲ ਸਟਰਾਈਕ’ ਵਜੋਂ ਸ਼ਲਾਘਾ ਕੀਤੇ ਜਾਣ ਬਾਰੇ ਪੁੱਛੇ ਜਾਣ ’ਤੇ ਸ੍ਰੀ ਗਾਂਧੀ ਨੇ ਕਿਹਾ ਕਿ ਰਾਫ਼ਾਲ, ਨੌਕਰੀਆਂ ਅਤੇ ਨੋਟਬੰਦੀ ਜਿਹੇ ਮੁੱਦਿਆਂ ’ਤੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਸਰਕਾਰ ’ਤੇ ‘ਸਰਜੀਕਲ ਸਟਰਾਈਕ’ ਹੋਵੇਗੀ।

Previous articleਡੇਵਿਸ ਕੱਪ ਵਿੱਚ ਇਟਲੀ ਦੀ 2-0 ਨਾਲ ਚੜ੍ਹਤ
Next article‘ਮਗਨਰੇਗਾ’ ਲਈ 60 ਹਜ਼ਾਰ ਕਰੋੜ ਰੁਪਏ ਦੀ ਤਜਵੀਜ਼