ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿਚਰਵਾਰ ਨੂੰ ਇੰਡੋਨੇਸ਼ੀਆ, ਬ੍ਰਾਜ਼ੀਲ, ਤੁਰਕੀ, ਆਸਟਰੇਲੀਆ, ਸਿੰਗਾਪੁਰ ਅਤੇ ਚਿੱਲੀ ਦੇ ਆਗੂਆਂ ਨਾਲ ਵੱਖੋ ਵੱਖਰੀਆਂ ਦੁਵੱਲੀਆਂ ਬੈਠਕਾਂ ਕਰਕੇ ਵਪਾਰ, ਦਹਿਸ਼ਤਗਰਦੀ ਦੇ ਟਾਕਰੇ, ਰੱਖਿਆ, ਸਮੁੰਦਰੀ ਸੁਰੱਖਿਆ ਅਤੇ ਖੇਡਾਂ ਜਿਹੇ ਅਹਿਮ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ। ਜਪਾਨ ਦੇ ਸ਼ਹਿਰ ਓਸਾਕਾ ’ਚ ਜੀ-20 ਸਿਖਰ ਸੰਮੇਲਨ ’ਚ ਹਿੱਸਾ ਲੈਣ ਲਈ ਆਏ ਸ੍ਰੀ ਮੋਦੀ ਨੇ ਸੰਮੇਲਨ ਦੇ ਆਖਰੀ ਦਿਨ ਸਭ ਤੋਂ ਪਹਿਲਾਂ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨਾਲ ਮੁਲਾਕਾਤ ਕੀਤੀ। ਦੋਵੇਂ ਆਗੂਆਂ ਨੇ ਵਪਾਰ ਅਤੇ ਨਿਵੇਸ਼, ਰੱਖਿਆ ਤੇ ਸਮੁੰਦਰੀ ਸੁਰੱਖਿਆ ਦੇ ਮੁੱਦਿਆਂ ’ਤੇ ਦੁਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਬਾਰੇ ਵਿਚਾਰਾਂ ਕੀਤੀਆਂ। ਭਾਰਤ ਅਤੇ ਇੰਡੋਨੇਸ਼ੀਆ ਨੇ ਅਗਲੇ ਛੇ ਸਾਲਾਂ ਦੌਰਾਨ ਦੁਵੱਲੇ ਵਪਾਰ ਲਈ 50 ਅਰਬ ਡਾਲਰ ਦਾ ਟੀਚਾ ਰੱਖਿਆ ਹੈ।
ਇਸ ਮਗਰੋਂ ਸ੍ਰੀ ਮੋਦੀ ਨੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਨਾਲ ਦੁਵੱਲੀ ਭਾਈਵਾਲੀ, ਖੇਤੀਬਾੜੀ ਅਤੇ ਬਾਇਓ ਈਂਧਨ ਸਮੇਤ ਵਪਾਰ ਤੇ ਨਿਵੇਸ਼ ’ਚ ਸਹਿਯੋਗ ਬਾਰੇ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਤੁਰਕੀ ਦੇ ਰਾਸ਼ਟਰਪਤੀ ਰੇਸਿਪ ਤੱਈਪ ਅਰਦੋਗਨ ਨਾਲ ਰੱਖਿਆ ਅਤੇ ਅਤਿਵਾਦ ਨਾਲ ਸਿੱਝਣ ਸਮੇਤ ਭਾਰਤ ਅਤੇ ਤੁਰਕੀ ਵਿਚਕਾਰ ਭਾਈਵਾਲੇ ਬਾਰੇ ਗੱਲਬਾਤ ਕੀਤੀ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨਾਲ ਬੈਠਕ ਦੌਰਾਨ ਸ੍ਰੀ ਮੋਦੀ ਨੇ ਖੇਡਾਂ, ਖਣਨ ਤਕਨਾਲੋਜੀ, ਰੱਖਿਆ ਅਤੇ ਹਿੰਦ-ਪ੍ਰਸ਼ਾਂਤ ਮਹਾਸਾਗਰ ’ਚ ਸਮੁੰਦਰੀ ਸਹਿਯੋਗ ਵਧਾਉਣ ਬਾਰੇ ਵਿਚਾਰਾਂ ਕੀਤੀਆਂ।
ਪ੍ਰਧਾਨ ਮੰਤਰੀ ਮੋਦੀ ਨੇ ਸਿੰਗਾਪੁਰ ਦੇ ਹਮਰੁਤਬਾ ਲੀ ਸੀਏਨ ਲੂੰਗ ਅਤੇ ਚਿੱਲੀ ਦੇ ਰਾਸ਼ਟਰਪਤੀ ਸੇਬੈਸਟੀਅਨ ਪਿਨੇਰਾ ਨਾਲ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਬਣਾਉਣ ਲਈ ਵਿਚਾਰ ਸਾਂਝੇ ਕੀਤੇ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸ੍ਰੀ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਬੈਠਕਾਂ ਕੀਤੀਆਂ ਸਨ।
HOME ਮੋਦੀ ਦੀ ਛੇ ਮੁਲਕਾਂ ਦੇ ਮੁਖੀਆਂ ਨਾਲ ਮਿਲਣੀ ਮਗਰੋਂ ਵਤਨ ਵਾਪਸੀ