ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਬਠਿੰਡਾ ’ਚ ਚੋਣ ਰੈਲੀ ਮੌਕੇ ਨੌਜਵਾਨਾਂ ਤੇ ਕਿਸਾਨਾਂ ਦੇ ਹਿੱਤਾਂ ਦੀ ਰਾਖ਼ੀ ਲਈ ਭਾਜਪਾ ਨੂੰ ਵਿਦਾ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦਾ ‘ਸੱਚ’ ਹੁਣ ਦੇਸ਼ ਦੇ ਲੋਕਾਂ ਦੇ ‘ਰਾਡਾਰ’ ਉੱਤੇ ਆ ਚੁੱਕਾ ਹੈ। ਪ੍ਰਿਯੰਕਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਹਮੇਸ਼ਾ ਝੂਠ ਦਾ ਹੀ ਆਸਰਾ ਲਿਆ ਹੈ। ਪੰਜਾਬ ’ਚ ਇਹ ਪ੍ਰਿਯੰਕਾ ਗਾਂਧੀ ਦੀ ਪਹਿਲੀ ਚੋਣ ਰੈਲੀ ਸੀ ਤੇ ਇਸ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਕਾਂਗਰਸ ਜਨਰਲ ਸਕੱਤਰ ਨੇ ਆਪਣਾ ਭਾਸ਼ਨ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਨਾਲ ਆਰੰਭਿਆ। ਉਨ੍ਹਾਂ ਇਸ ਮੌਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਵੀ ਛੋਹਿਆ। ਬਠਿੰਡਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਦੀ ਹਮਾਇਤ ’ਚ ਰੱਖੀ ਪ੍ਰਿਯੰਕਾ ਗਾਂਧੀ ਦੀ ਰੈਲੀ ਨੇ ਵੋਟ ਗਿਣਤੀ-ਮਿਣਤੀ ਫ਼ਸਵੀਂ ਬਣਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸੋਮਵਾਰ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਹੱਕ ਵਿਚ ਇੱਥੇ ਥਰਮਲ ਸਟੇਡੀਅਮ ਵਿਚ ਚੋਣ ਰੈਲੀ ਕੀਤੀ ਸੀ। ਉਸੇ ਜਗ੍ਹਾ ਅੱਜ ਕਾਂਗਰਸ ਦੀ ਰੈਲੀ ਸੀ। ਪ੍ਰਿਯੰਕਾ ਨੇ ਆਪਣੇ ਕਰੀਬ 22 ਮਿੰਟ ਲੰਮੇ ਭਾਸ਼ਨ ਦੌਰਾਨ ਕਿਹਾ ਕਿ ਭਾਜਪਾ ਦੇ ਸਹਿਯੋਗੀਆਂ ਨੇ ਸਿਆਸੀ ਲਾਹੇ ਲਈ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਕੀਤਾ। ਉਨ੍ਹਾਂ ਵਿਰੋਧੀਆਂ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਗੁਰੂਆਂ ਦੀ ਧਰਤੀ ਤੋਂ ਬਾਬੇ ਨਾਨਕ ਨੇ ਤੇਰਾ ਤੇਰਾ ਤੋਲਿਆ, ਸਰਬੱਤ ਦਾ ਭਲਾ ਮੰਗਿਆ ਪਰ ਮੋਦੀ ਦੇ ਸਹਿਯੋਗੀ ਮੇਰਾ-ਮੇਰਾ ਬੋਲਦੇ ਰਹੇ। ਅਕਾਲੀ ਦਲ ਦਾ ਨਾਂ ਲਏ ਬਿਨਾਂ ਪ੍ਰਿਯੰਕਾ ਨੇ ਕਿਹਾ ਕਿਪੰਜਾਬ ਵਿਚ ਮਾਫ਼ੀਆ ਰਾਜ ਰਿਹਾ। ਕਿਸਾਨੀ ਤੋਂ ਕਿਨਾਰਾ ਕਰ ਲਿਆ ਗਿਆ। ਨਸ਼ਿਆਂ ਨਾਲ ਪੰਜਾਬ ਬੇਹਾਲ ਰਿਹਾ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਨਸ਼ਿਆਂ ਦਾ ਮੁੱਦਾ ਉਠਾਇਆ ਸੀ। ਪ੍ਰਿਯੰਕਾ ਨੇ ਕਿਹਾ ਕਿ ਦੇਸ਼ ਭਰ ’ਚੋਂ ਕਿਸਾਨ ਪੈਦਲ ਚੱਲ ਕੇ ਦਿੱਲੀ ਪੁੱਜੇ ਪਰ ਮੋਦੀ ਨੇ ਪੰਜ ਮਿੰਟ ਦਾ ਸਮਾਂ ਨਾ ਕੱਢਿਆ। ਕਾਂਗਰਸ ਜਨਰਲ ਸਕੱਤਰ ਨੇ ਕਿਹਾ ਕਿ ਨਰਿੰਦਰ ਮੋਦੀ ਨੇ ਅਨੇਕਾਂ ਦੇਸ਼ ਘੁੰਮੇ, ਪਾਕਿਸਤਾਨ ਵੀ ਗਏ, ਬਰਿਆਨੀ ਵੀ ਖਾਧੀ ਪਰ ਵਾਰਾਨਸੀ ਦੇ ਇਕ ਕਿਸਾਨ ਦੇ ਘਰ ਦਾ ਦੌਰਾ ਤੱਕ ਨਾ ਕਰ ਸਕੇ। ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਕਿਸਾਨਾਂ ਦੀ ਦੁੱਗਣੀ ਆਮਦਨ ਦਾ ਵਾਅਦਾ ਭਾਜਪਾ ਪੂਰਾ ਨਹੀਂ ਕਰ ਸਕੀ, ਨਾ ਹੀ ਕਿਸਾਨੀ ਨੂੰ ਉਪਜ ਦਾ ਪੂਰਾ ਮੁੱਲ ਮਿਲਿਆ, ਦੇਸ਼ ਭਰ ਵਿਚ 12 ਹਜ਼ਾਰ ਕਿਸਾਨਾਂ ਨੇ ਆਤਮ ਹੱਤਿਆ ਕਰ ਲਈ। ਨੋਟਬੰਦੀ ਨੇ ਪੰਜ ਕਰੋੜ ਨੌਕਰੀਆਂ ਖੋਹ ਲਈਆਂ ਤੇ 24 ਲੱਖ ਸਰਕਾਰੀ ਅਸਾਮੀਆਂ ਖਾਲੀ ਪਈਆਂ ਹਨ। ਹਰ ਸਾਲ ਦੋ ਕਰੋੜ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਕਿੱਧਰ ਗਈ? ਉਨ੍ਹਾਂ ਕਿਹਾ ਕਿ ਝੂਠ ਦੀ ਸਿਆਸਤ ਜ਼ਿਆਦਾ ਨਹੀਂ ਚੱਲਦੀ। ਵੱਡੇ ਉਦਯੋਗਪਤੀਆਂ ਦੇ ਕਰਜ਼ੇ ਮੁਆਫ਼ ਕਰ ਦਿੱਤੇ ਗਏ ਪਰ ਕਿਸਾਨਾਂ ਦੇ ਨਹੀਂ ਕੀਤੇ ਗਏ। ਪ੍ਰਿਯੰਕਾ ਨੇ ਕਾਂਗਰਸ ਦੇ ਏਜੰਡੇ ਦੀ ਗੱਲ ਕਰਦਿਆਂ ਕਿਹਾ ਕਿ ਕਾਂਗਰਸ ਖਾਲੀ ਅਸਾਮੀਆਂ ਭਰੇਗੀ, ਜੀਐੱਸਟੀ ਦੀ ਥਾਂ ਇੱਕ ਸਰਲ ਟੈਕਸ ਪ੍ਰਣਾਲੀ ਲਾਗੂ ਕੀਤੀ ਜਾਵੇਗੀ। ਔਰਤਾਂ ਨੂੰ ਵਿਧਾਨਕ ਅਹੁਦਿਆਂ ’ਤੇ 33 ਫ਼ੀਸਦ ਰਾਖ਼ਵਾਂਕਰਨ, ਬੱਚਿਆਂ ਨੂੰ 12ਵੀਂ ਤੱਕ ਦੀ ਮੁਫ਼ਤ ਵਿੱਦਿਆ, ਮੁਫ਼ਤ ਇਲਾਜ ਅਤੇ ਕਿਸਾਨਾਂ ਦੀ ਭਲਾਈ ਲਈ ਅਲੱਗ ਖੇਤੀ ਬਜਟ, ਹਰ ਜ਼ਿਲ੍ਹੇ ਵਿਚ ਫੂਡ ਪਾਰਕ ਬਣਾਉਣ ਤੋਂ ਇਲਾਵਾ ‘ਨਿਆਏ’ ਸਕੀਮ ਤਹਿਤ ਗਰੀਬ ਲੋਕਾਂ ਨੂੰ ਸਾਲਾਨਾ 72 ਹਜ਼ਾਰ ਦੀ ਮਦਦ ਦੇਣ ਦੀ ਗੱਲ ਵੀ ਉਨ੍ਹਾਂ ਕੀਤੀ। ਪ੍ਰਿਯੰਕਾ ਨੇ ਰਾਜਾ ਵੜਿੰਗ ਦੀ ਹਮਾਇਤ ਵਿਚ ਬੋਲਦੇ ਹੋਏ ਆਖਿਆ ਕਿ ਅਗਲੀਆਂ ਪੀੜ੍ਹੀਆਂ ਦੇ ਹਿੱਤਾਂ ਦੀ ਰਾਖੀ ਲਈ ਤੇ ਮਜ਼ਬੂਤ ਭਵਿੱਖ ਲਈ ਦੇਸ਼ ਵਿਚ ਕਾਂਗਰਸ ਨੂੰ ਬਹੁਮਤ ਦਿੱਤਾ ਜਾਵੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੌਕੇ ਬਹੁਤ ਸੰਖੇਪ ਭਾਸ਼ਨ ਦਿੱਤਾ ਤੇ ਐਨਾ ਹੀ ਕਿਹਾ ਕਿ ਹੰਕਾਰੀ ਲੋਕਾਂ ਨੂੰ ਹਰਾਉਣ ਲਈ ਰਾਜਾ ਵੜਿੰਗ ਨੂੰ ਵੋਟ ਪਾਈ ਜਾਵੇ। ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਮੋਦੀ ਹਿੰਦੁਸਤਾਨ ਦਾ ਨਹੀਂ, ਸਰਕਸ ਦਾ ਸ਼ੇਰ ਹੈ। ਜਦ ਨਵਜੋਤ ਸਿੱਧੂ ਬੋਲੇ ਤਾਂ ਪੰਡਾਲ ਨੇ ਜੈਕਾਰੇ ਛੱਡ ਦਿੱਤੇ। ਉਮੀਦਵਾਰ ਰਾਜਾ ਵੜਿੰਗ ਨੇ ਬੇਅਦਬੀ ਦੇ ਮੁੱਦੇ ’ਤੇ ਗੱਲ ਕੀਤੀ ਅਤੇ ‘ਮਸੰਦਾਂ’ ਤੋਂ ਬਚਣ ਲਈ ਕਿਹਾ। ਰੈਲੀ ਨੂੰ ਕੈਬਨਿਟ ਮੰਤਰੀ ਰਾਣਾ ਸੋਢੀ, ਗੁਰਪ੍ਰੀਤ ਸਿੰਘ ਕਾਂਗੜ, ਹਲਕਾ ਇੰਚਾਰਜ ਖੁਸ਼ਬਾਜ਼ ਜਟਾਣਾ, ਮਾਨਸਾ ਦੀ ਜ਼ਿਲ੍ਹਾ ਪ੍ਰਧਾਨ ਮੰਜੂ ਬਾਂਸਲ, ਮੁਕਤਸਰ ਦੇ ਜ਼ਿਲ੍ਹਾ ਪ੍ਰਧਾਨ ਹਰਚਰਨ ਸੋਥਾ ਨੇ ਸੰਬੋਧਨ ਕੀਤਾ। ਇਸ ਮੌਕੇ ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ, ਮੰਤਰੀ ਵਿਜੇਇੰਦਰ ਸਿੰਗਲਾ, ਚੋਣ ਕਮੇਟੀ ਦੇ ਚੇਅਰਮੈਨ ਲਾਲ ਸਿੰਘ, ਰਣਇੰਦਰ ਸਿੰਘ, ਵਿਧਾਇਕ ਪ੍ਰੀਤਮ ਕੋਟਭਾਈ, ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ, ਗੁਰਮੀਤ ਸਿੰਘ ਖੁੱਡੀਆਂ, ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫ਼ਰ ਆਦਿ ਹਾਜ਼ਰ ਸਨ।
HOME ਮੋਦੀ ਦਾ ਝੂਠ ਲੋਕਾਂ ਦੇ ਰਾਡਾਰ ’ਤੇ: ਪ੍ਰਿਯੰਕਾ