ਸੁਸ਼ਮਾ ਸਵਰਾਜ ਵੱਲੋਂ ਇਰਾਨ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ

ਵਿਦੇਸ਼ ਮੰਤਰਾਲੇ ਵੱਲੋਂ ਸਾਂਝੇ ਹਿੱਤਾਂ ਵਾਲੇ ਮੁੱਦਿਆਂ ’ਤੇ ਉਸਾਰੂ ਗੱਲਬਾਤ ਹੋਣ ਦਾ ਦਾਅਵਾ

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਇਥੇ ਇਰਾਨ ਦੇ ਆਪਣੇ ਹਮਰੁਤਬਾ ਮੁਹੰਮਦ ਜਾਵਦ ਜ਼ਾਰਿਫ਼ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਸਾਂਝੇ ਹਿੱਤਾਂ ਵਾਲੇ ਦੁਵੱਲੇ ਮੁੱਦਿਆਂ ’ਤੇ ‘ਉਸਾਰੂ’ ਚਰਚਾ ਕੀਤੀ। ਭਾਰਤ ਤੇ ਇਰਾਨ ਦਰਮਿਆਨ ਵਿਦੇਸ਼ ਮੰਤਰੀ ਪੱਧਰ ਦੀ ਇਹ ਗੱਲਬਾਤ ਅਜਿਹੇ ਸਮੇਂ ਹੋਈ ਹੈ ਜਦੋਂ ਅਜੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਅਮਰੀਕਾ ਨੇ ਇਰਾਨ ਤੋਂ ਤੇਲ ਦਰਾਮਦ ਕਰਦੇ ਭਾਰਤ ਸਮੇਤ ਅੱਠ ਮੁਲਕਾਂ ਨੂੰ ਪਿਛਲੇ ਛੇ ਮਹੀਨਿਆਂ ਤੋਂ ਮਿਲਦੀ ਛੋਟ ਵਾਪਸ ਲੈਣ ਦਾ ਐਲਾਨ ਕੀਤਾ ਹੈ। ਸੂਤਰਾਂ ਮੁਤਾਬਕ ਸਵਰਾਜ ਤੇ ਜ਼ਾਰਿਫ਼ ਦੀ ਮੀਟਿੰਗ ਦੌਰਾਨ ਇਸ ਮੁੱਦੇ ’ਤੇ ਵੀ ਚਰਚਾ ਹੋਈ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਇਕ ਟਵੀਟ ’ਚ ਕਿਹਾ, ‘ਸੁਸ਼ਮਾ ਸਵਰਾਜ ਤੇ ਇਰਾਨ ਦੇ ਵਿਦੇਸ਼ ਮੰਤਰੀ ਜ਼ਾਰਿਫ਼ ਨੇ ਸਾਂਝੇ ਹਿੱਤਾਂ ਵਾਲੇ ਮੁੱਦਿਆਂ ’ਤੇ ਉਸਾਰੂ ਗੱਲਬਾਤ ਕੀਤੀ। ਅਫ਼ਗ਼ਾਨਿਸਤਾਨ ਸਮੇਤ ਖਿੱਤੇ ’ਚ ਮੌਜੂਦਾ ਹਾਲਾਤ ਨੂੰ ਲੈ ਕੇ ਦੋਵਾਂ ਧਿਰਾਂ ਨੇ ਆਪੋ ਆਪਣੇ ਵਿਚਾਰ ਰੱਖੇ।’ ਅਮਰੀਕਾ ਵੱਲੋਂ ਪਾਬੰਦੀਆਂ ’ਚ ਦਿੱਤੀ ਛੋਟ ਦੀ ਮਿਆਦ 2 ਮਈ ਨੂੰ ਖ਼ਤਮ ਹੋਣ ਮਗਰੋਂ ਭਾਰਤ ਨੇ ਕਿਹਾ ਸੀ ਕਿ ਉਹ ਇਸ ਮੁੱਦੇ ਨਾਲ ਤਿੰਨ ਕਾਰਕਾਂ – ਮੁਲਕ ਦੀ ਊਰਜਾ ਸੁਰੱਖਿਆ, ਵਪਾਰ ਤੇ ਆਰਥਿਕ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਸਿੱਝੇਗਾ। ਅਮਰੀਕਾ ਨੇ ਪਿਛਲੇ ਸਾਲ ਮਈ ਵਿੱਚ ਇਰਾਨ ਨਾਲ ਸਾਲ 2015 ਵਿੱਚ ਹੋਏ ਪ੍ਰਮਾਣੂ ਕਰਾਰ ਤੋਂ ਹੱਥ ਪਿਛਾਂਹ ਖਿਚਦਿਆਂ ਇਸ ਮੁਲਕ ’ਤੇ ਮੁੜ ਪਾਬੰਦੀਆਂ ਆਇਦ ਕਰ ਦਿੱਤੀਆਂ ਸਨ। ਅਮਰੀਕਾ ਨੇ ਇਰਾਨ ਤੋਂ ਤੇਲ ਦਰਾਮਦ ਕਰਦੇ ਭਾਰਤ ਸਮੇਤ ਹੋਰਨਾਂ ਮੁਲਕਾਂ ਨੂੰ 4 ਨਵੰਬਰ 2018 ਤਕ ਖਾੜੀ ਮੁਲਕ ਤੋਂ ਤੇਲ ਸਬੰਧੀ ਟੇਕ ‘ਸਿਫ਼ਰ’ ਕਰਨ ਲਈ ਕਹਿੰਦਿਆਂ ਮਿਆਦ ਖ਼ਤਮ ਹੋਣ ਮਗਰੋਂ ਪਾਬੰਦੀਆਂ ਆਇਦ ਕਰਨ ਦੀ ਧਮਕੀ ਦਿੱਤੀ ਸੀ। ਅਮਰੀਕਾ ਨੇ ਹਾਲਾਂਕਿ ਮਗਰੋਂ ਇਹ ਛੋਟ ਇਸ ਸਾਲ 2 ਮਈ ਤਕ ਵਧਾ ਦਿੱਤੀ ਸੀ।

Previous articleਬਰਮਿੰਘਮ ਵਿਚ ਜਲਿਆਂਵਾਲੇ ਬਾਗ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਂਟ ਕੀਤੀ ਗਈ
Next articleਮੋਦੀ ਦਾ ਝੂਠ ਲੋਕਾਂ ਦੇ ਰਾਡਾਰ ’ਤੇ: ਪ੍ਰਿਯੰਕਾ