ਰੰਗ ਰੋਗਨ ਕਰਨ ਵਾਲੇ ਦੋ ਮਜ਼ਦੂਰਾਂ ਦਾ ਮੋਟਰਸਾਈਕਲ ਬੀਤੀ ਰਾਤ ਸੰਤੁਲਨ ਵਿਗੜਨ ਕਾਰਨ ਨਹਿਰ ਵਿੱਚ ਡਿਗ ਪਿਆ ਜਿਸ ਨਾਲ ਇੱਕ ਦੀ ਮੌਤ ਹੋ ਗਈ ਜਦਕਿ ਦੂਜਾ ਜ਼ਖ਼ਮੀ ਹੋ ਗਿਆ। ਮ੍ਰਿਤਕ ਜੌਨ ਦੀ ਮਾਂ ਸ਼ੀਲਾ ਨੇ ਦੱਸਿਆ ਕਿ ਉਸ ਦਾ ਲੜਕਾ ਪੇਂਟ ਕਰਨ ਦਾ ਕੰਮ ਕਰਦਾ ਸੀ। 8 ਜੁਲਾਈ ਨੂੰ ਉਹ ਆਪਣੇ ਦੋਸਤ ਦੇ ਨਾਲ ਕੰਮ ’ਤੇ ਗਿਆ ਸੀ ਪਰ ਵਾਪਸ ਨਹੀਂ ਆਇਆ। ਉਸ ਦੀ ਕਾਫ਼ੀ ਭਾਲ ਕੀਤੀ ਗਈ ਪਰ ਉਹ ਨਹੀਂ ਮਿਲਿਆ। ਉਸ ਦਾ ਮੋਬਾਈਲ ਫ਼ੋਨ ਵੀ ਬੰਦ ਆ ਰਿਹਾ ਸੀ। ਮੰਗਲਵਾਰ ਦੇਰ ਸ਼ਾਮ ਉਨ੍ਹਾਂ ਨੂੰ ਪੁਲੀਸ ਦਾ ਫ਼ੋਨ ਆਇਆ ਕਿ ਜੌਨ ਦੀ ਲਾਸ਼ ਕੁੰਜਰ ਪੁਲ ਦੇ ਰਜਵਾਹੇ ਨੇੜੇ ਪਈ ਹੈ ਜਦਕਿ ਉਸ ਦਾ ਮੋਟਰਸਾਈਕਲ ਉੱਥੇ ਨਹੀਂ ਸੀ ਅਤੇ ਨਾਂ ਹੀ ਉਸ ਦਾ ਦੋਸਤ ਉਸ ਜਗ੍ਹਾ ’ਤੇ ਸੀ। ਉਹ ਸਮਝ ਨਹੀਂ ਪਾਏ ਕਿ ਇਹ ਸਭ ਕਿਵੇਂ ਹੋਇਆ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਘੁੰਮਣ ਕਲਾਂ ਦੇ ਸਹਾਇਕ ਸਬ ਇੰਸਪੈਕਟਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਜੌਨ ਅਤੇ ਉਸ ਦਾ ਦੋਸਤ ਅਜੇ ਵਾਸੀ ਧੁੱਪ ਸੜੀ ਪਿੰਡ ਕੁੰਜਰ ਵਿੱਚ 8 ਜੁਲਾਈ ਨੂੰ ਕਿਸੇ ਤੋਂ ਪੈਸੇ ਲੈਣ ਗਏ ਸਨ ਅਤੇ ਰਾਤੀਂ ਕਰੀਬ ਸਾਢੇ ਅੱਠ ਵਜੇ ਉੱਥੋਂ ਨਿਕਲੇ। ਰਸਤੇ ਵਿੱਚ ਤਿੱਖੇ ਮੋੜ ਅਤੇ ਹਨੇਰੇ ਦੇ ਕਾਰਨ ਉਨ੍ਹਾਂ ਦੇ ਮੋਟਰ ਸਾਈਕਲ ਦਾ ਸੰਤੁਲਨ ਵਿਗੜ ਗਿਆ ਅਤੇ ਦੋਵੇਂ ਰਜਵਾਹੇ ਵਿੱਚ ਜਾ ਡਿੱਗੇ। ਜੌਨ ਦੇ ਸਿਰ ਵਿੱਚ ਕਾਫ਼ੀ ਸੱਟ ਲੱਗੀ ਅਤੇ ਉਹ ਬੇਹੋਸ਼ ਹੋ ਕੇ ਪਾਣੀ ਵਿੱਚ ਹੀ ਡਿੱਗਿਆ ਰਿਹਾ। 23 ਘੰਟੇ ਪਾਣੀ ਵਿੱਚ ਡੁੱਬੇ ਰਹਿਣ ਅਤੇ ਸਿਰ ਦੀ ਸੱਟ ਕਾਰਨ ਉਸ ਦੀ ਮੌਤ ਹੋ ਗਈ ਜਦਕਿ ਅਜੇ ਨੂੰ ਵੀ ਸੱਟਾਂ ਲੱਗੀਆਂ। ਅਜੇ ਨੇ ਕਿਸੇ ਤਰ੍ਹਾਂ ਮੋਟਰ ਸਾਈਕਲ ਬਾਹਰ ਕੱਢਿਆ ਅਤੇ ਆਪਣੇ ਘਰ ਚਲਾ ਗਿਆ। ਅਗਲੇ ਦਿਨ ਸ਼ਾਮ ਸੱਤ ਵਜੇ ਦੇ ਕਰੀਬ ਜਦ ਰਜਵਾਹੇ ਦਾ ਪਾਣੀ ਕੁੱਝ ਘਟਿਆ ਤਾਂ ਪਿੰਡ ਨਾਰਮਾ ਦੇ ਸਰਪੰਚ ਨੇ ਜੌਨ ਦੀ ਲਾਸ਼ ਰਜਵਾਹੇ ਵਿੱਚ ਵੇਖੀ ਅਤੇ ਪੁਲੀਸ ਨੂੰ ਸੂਚਿਤ ਕੀਤਾ। ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਪੁਲੀਸ ਨੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।
INDIA ਮੋਟਰਸਾਈਕਲ ਨਹਿਰ ’ਚ ਡਿੱਗਿਆ, ਨੌਜਵਾਨ ਦੀ ਮੌਤ; ਸਾਥੀ ਜ਼ਖ਼ਮੀ