ਭਾਰਤ ’ਚ 50 ਲੱਖ ਦੇ ਕਰੀਬ ਲੋਕ ਹੋਏ ਤੰਦਰੁਸਤ

ਨਵੀਂ ਦਿੱਲੀ (ਸਮਾਜ ਵੀਕਲੀ): ਪਿਛਲੇ 24 ਘੰਟਿਆਂ ਦੌਰਾਨ ਕੁੱਲ 92,043 ਵਿਅਕਤੀ ਕਰੋਨਾ ਦੀ ਲਾਗ ਤੋਂ ਊਭਰ ਕੇ ਸਿਹਤਯਾਬ ਹੋਣ ਵਿੱਚ ਸਫ਼ਲ ਰਹੇ ਹਨ। ਊਂਜ ਖ਼ੁਸ਼ਖ਼ਬਰ ਇਹ ਹੈ ਕਿ ਇਸੇ ਅਰਸੇ ਦੌਰਾਨ ਪਾਜ਼ੇਟਿਵ ਆਏ ਨਵੇਂ ਕੇਸਾਂ ਦੀ ਗਿਣਤੀ (88600) ਸਿਹਤਯਾਬ ਹੋਣ ਵਾਲਿਆਂ ਨਾਲੋਂ ਘੱਟ ਹੈ। ਪਿਛਲੇ ਕੁਝ ਦਿਨਾਂ ਤੋੋਂ ਔਸਤ 90 ਹਜ਼ਾਰ ਤੋਂ ਵੱਧ ਵਿਅਕਤੀ ਤੰਦਰੁਸਤ ਹੋਏ ਹਨ। ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਹੁਣ ਤਕ 50 ਲੱਖ ਦੇ ਕਰੀਬ ਵਿਅਕਤੀ ਕਰੋਨਾਵਾਇਰਸ ਤੋਂ ਠੀਕ ਹੋ ਚੁੱਕੇ ਹਨ ਤੇ ਕੌਮੀ ਰਿਕਵਰੀ ਦਰ ਵਧ ਕੇ 82.46 ਫੀਸਦ ਹੋ ਗਈ ਹੈ।

ਇਸ ਦੌਰਾਨ ਐਤਵਾਰ ਸਵੇਰੇ ਅੱਠ ਵਜੇ ਤੱਕ 88600 ਨਵੇਂ ਪਾਜ਼ੇਟਿਵ ਕੇਸਾਂ ਨਾਲ ਦੇਸ਼ ਵਿੱਚ ਕਰੋਨਾਵਾਇਰਸ ਕੇਸਾਂ ਦੀ ਕੁੱਲ ਗਿਣਤੀ 59,92,532 ਹੋ ਗਈ ਹੈ ਜਦੋਂਕਿ 1124 ਹੋਰ ਮੌਤਾਂ ਨਾਲ ਕਰੋਨਾ ਕਰਕੇ ਮਰਨ ਵਾਲਿਆਂ ਦੀ ਕੁੱਲ ਗਿਣਤੀ 94,503 ਦੇ ਅੰਕੜੇ ਨੂੰ ਪੁੱਜ ਗਈ ਹੈ। ਸਰਗਰਮ ਕੇਸਾਂ ਦੀ ਗਿਣਤੀ 9,56,402 ਹੈ, ਜੋ ਕਿ ਕੁੱਲ ਕੇਸ ਲੋਡ ਦਾ 15.96 ਫੀਸਦ ਹੈ। ਕੋਵਿਡ ਕਰਕੇ ਹੋਣ ਵਾਲੀਆਂ ਮੌਤਾਂ ਦੀ ਦਰ 1.58 ਫੀਸਦ ਹੈ। ਆਈਸੀਐੱਮਆਰ ਮੁਤਾਬਕ 26 ਸਤੰਬਰ ਤਕ 7,12,57,836 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ ਤੇ ਸ਼ਨਿੱਚਰਵਾਰ ਨੂੰ 9,87,861 ਨਮੂਨੇ ਟੈਸਟ ਕੀਤੇ ਗਏ ਹਨ।

ਪਿਛਲੇ 24 ਘੰਟਿਆਂ ਦੌਰਾਨ ਰਿਪੋਰਟ ਹੋਈਆਂ 1124 ਮੌਤਾਂ ’ਚੋਂ ਮਹਾਰਾਸ਼ਟਰ ’ਚ 430, ਕਰਨਾਟਕ 86, ਤਾਮਿਲ ਨਾਡੂ 85, ਉੱਤਰ ਪ੍ਰਦੇਸ਼ 67, ਆਂਧਰਾ ਪ੍ਰਦੇਸ਼ 57, ਪੱਛਮੀ ਬੰਗਾਲ 56, ਪੰਜਾਬ 54, ਦਿੱਲੀ 46 ਤੇ ਛੱਤੀਸਗੜ੍ਹ ’ਚ 40 ਵਿਅਕਤੀ ਦਮ ਤੋੜ ਗਏ। ਿੲਸੇ ਦੌਰਾਨ ਭਾਜਪਾ ਆਗੂ ਉਮਾ ਭਾਰਤੀ ਨੂੰ ਵੀ ਕਰੋਨਾ ਹੋਣ ਦੀ ਰਿਪੋਰਟ ਮਿਲੀ ਹੈ।

Previous articleਜੰਮੂ ਕਸ਼ਮੀਰ ਸਰਕਾਰੀ ਭਾਸ਼ਾਵਾਂ ਬਿੱਲ ’ਤੇ ਮੋਹਰ
Next articleਭਾਜਪਾ ਨੇ ਗੱਠਜੋੜ ਦੀ ਮਰਿਆਦਾ ਭੰਗ ਕੀਤੀ: ਸੁਖਬੀਰ