ਮੋਗਾ (ਸਮਾਜਵੀਕਲੀ) : ਥਾਣਾ ਨਿਹਾਲ ਸਿੰਘ ਵਾਲਾ ਨੇ ਮੋਗਾ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਵਰੁਣ ਜੋਸ਼ੀ ਨੂੰ ਜਬਰ-ਜਨਾਹ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਹੈ। ਪਾਰਟੀ ਹਾਈ ਕਮਾਂਡ ਨੇ ਜੋਸ਼ੀ ਨੂੰ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਥਾਣਾ ਨਿਹਾਲ ਸਿੰਘ ਵਾਲਾ ਮੁਖੀ ਇੰਸਪੈਕਟਰ ਪਲਵਿੰਦਰ ਸਿੰਘ ਨੇ ਕਿਹਾ ਕਿ ਯੂਥ ਕਾਂਗਰਸ ਆਗੂ ਵਰੁਣ ਜੋਸ਼ੀ ਨੂੰ ਅੱਜ ਨਿਹਾਲ ਸਿੰਘ ਵਾਲਾ ਅਦਾਲਤ ਵਿਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲੀਸ ਰਿਮਾਂਡ ਦੌਰਾਨ ਉਸ ਦਾ ਕਰੋਨਾ ਟੈਸਟ ਵੀ ਕਰਵਾਇਆ ਜਾਵੇਗਾ। ਇਸ ਕਾਰਵਾਈ ਲਈ ਯੂਥ ਕਾਂਗਰਸ ਆਗੂ ਕਈ ਦਿਨ ਤੱਕ ਪੁਲੀਸ ਹਿਰਾਸਤ ਵਿੱਚ ਰਹੇਗਾ।
ਯੂਥ ਕਾਂਗਰਬ ਆਗੂ ਖ਼ਿਲਾਫ਼ ਸੂਬੇ ਦੇ ਸਰਕਾਰੀ ਵਿਭਾਗ ’ਚ ਤਾਇਨਾਤ ਵਿਆਹੁਤਾ ਮੁਲਾਜ਼ਮ ਨੇ ਜਬਰ ਜਨਾਹ ਅਤੇ ਨੈੱਟ ਉੱਤੇ ਤਸਵੀਰਾਂ ਪਾਉਣ ਦੀ ਧਮਕੀ ਦੇ ਕੇ ਕਥਿਤ ਬਲੈਕਮੇਲ ਕਰਕੇ ਲੱਖਾਂ ਰੁਪਏ ਬਟੋਰਨ ਦੇ ਦੋਸ਼ ਲਾਏ ਹਨ। ਯੂਥ ਕਾਂਗਰਸ ਆਗੂ ਖ਼ਿਲਾਫ਼ ਪੀੜਤ ਸਰਕਾਰੀ ਮੁਲਾਜਮ ਦੀ ਅਰਜ਼ੀ ਉੱਤੇ ਮੁਲਜ਼ਮ ਵਰੁਣ ਜੋਸ਼ੀ ਖ਼ਿਲਾਫ਼ ਅਦਾਲਤ ਦੇ ਹੁਕਮ ਉੱਤੇ 2 ਜੂਨ ਨੂੰ ਥਾਣਾ ਨਿਹਾਲ ਸਿੰਘ ਵਾਲਾ ਵਿੱਚ ਜਬਰ-ਜਨਾਹ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ। ਕੇਸ ਦਰਜ ਹੋਣ ਮਗਰੋਂ ਡੇਢ ਮਹੀਨੇ ਤੋਂ ਵੱਧ ਸਮਾਂ ਬੀਤਣ ਮਗਰੋਂ ਵੀ ਪੁਲੀਸ ਕਥਿਤ ਰਾਜਸੀ ਦਬਾਅ ਹੇਠ ਉਸ ਨੂੰ ਗ੍ਰਿਫ਼ਤਾਰ ਕਰਨ ਤੋਂ ਟਾਲਾ ਵੱਟ ਰਹੀ ਸੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 13 ਜੁਲਾਈ ਨੂੰ ਮੁਲਜ਼ਮ ਯੂਥ ਕਾਂਗਰਸ ਆਗੂ ਵਰੁਣ ਜੋਸ਼ੀ ਦੀ ਪੇਸ਼ਗੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ।
ਹਾਈਕੋਰਟ ਨੇ ਹੁਕਮ ’ਚ ਲਿਖਿਆ ਕਿ ਮੁਲਜ਼ਮ ਖ਼ਿਲਾਫ਼ ਜਬਰ ਜਨਾਹ ਦਾ ਸਿੱਧਾ ਦੋਸ਼ ਲਗਾਇਆ ਹੈ। ਇਸ ਤੋਂ ਇਲਾਵਾ ਪੀੜਤ ਨੇ ਖਾਸ ਤੌਰ ’ਤੇ ਬਲੈਕਮੇਲ ਕਰਕੇ ਉਸ ਤੋਂ ਪੈਸੇ ਪ੍ਰਾਪਤ ਕਰਨ ਦੇ ਦੋਸ਼ ਵੀ ਲਗਾਏ ਹਨ। ਹਾਈਕੋਰਟ ਦੇ ਹੁਕਮ ਉੱਤੇ ਪੀੜਤ ਦੇ ਸਬ ਡਿਵੀਜ਼ਨਲ ਜੁਡੀਸ਼ਲ ਮੈਜਿਸਟਰੇਟ ਨਿਹਾਲ ਸਿੰਘ ਵਾਲਾ ਦੀ ਅਦਾਲਤ ਵਿੱਚ ਪੁਲੀਸ ਦੀ ਸੁਰੱਖਿਆ ਹੇਠ ਧਾਰਾ 164 ਸੀਆਰਪੀਸੀ ਤਹਿਤ ਬਿਆਨ ਵੀ ਦਰਜ ਕਰਵਾਏ ਹਨ। ਪੁਲੀਸ ਦੀ ਤਫ਼ਤੀਸ਼ ਦੌਰਾਨ ਸ਼ਿਕਾਇਤਕਰਤਾ ਅਤੇ ਮੁਲਜ਼ਮ ਯੂਥ ਕਾਂਗਰਸ ਆਗੂ ਦੇ ਮੋਬਾਈਲ ਵਿੱਚੋਂ ਦੌਰਾਨ 600 ਸੁਨੇਹੇ, ਫੋਟੋਆਂ, ਵੀਡੀਓ ਅਤੇ ਹੋਰ ਸਮੱਗਰੀ ਮਿਲੀ ਹੈ।